ਢਿਲਵਾਂ, 18 ਅਪ੍ਰੈਲ (ਗੋਬਿੰਦ ਸੁਖੀਜਾ)-ਪਿੰਡ ਗਡਾਣਾ ਦੇ ਨੇੜੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿਚ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ | ਮਿ੍ਤਕ ਦੀ ਪਹਿਚਾਣ ਬਿੱਕਰ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਪਿੰਡ ਬੁਤਾਲਾ (ਜ਼ਿਲ੍ਹਾ ਕਪੂਰਥਲਾ) ਵਜੋਂ ਹੋਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਬਿੱਕਰ ਸਿੰਘ ਕਪੂਰਥਲਾ ਦੀ ਇੱਕ ਨਿੱਜੀ ਫ਼ੈਕਟਰੀ ਵਿਚ ਕੰਮ ਕਰਦਾ ਸੀ | ਅੱਜ ਸਵੇਰੇ ਲਗਭਗ 6 ਵਜੇ ਜਦੋਂ ਉਹ ਆਪਣੀ ਨਾਈਟ ਡਿਊਟੀ ਖ਼ਤਮ ਕਰਕੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਵਾਪਸ ਆਪਣੇ ਪਿੰਡ ਜਾ ਰਿਹਾ ਸੀ, ਤਾਂ ਪਿੰਡ ਗਡਾਣਾ ਦੇ ਨਜ਼ਦੀਕ ਅਚਾਨਕ ਉਸ ਦਾ ਮੋਟਰਸਾਈਕਲ ਅਸੰਤੁਲਿਤ ਹੋ ਗਿਆ ਤੇ ਮੋਟਰਸਾਈਕਲ ਸਿੱਧਾ ਸੜਕ ਕਿਨਾਰੇ ਲੱਗੇ ਇੱਕ ਦਰਖ਼ਤ ਵਿਚ ਜਾ ਵੱਜਿਆ | ਟੱਕਰ ਇੰਨੀ ਜ਼ਬਰਦਸਤ ਸੀ ਕਿ ਬਿੱਕਰ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ | ਰਾਹਗੀਰਾਂ ਵੱਲੋਂ ਘਟਨਾ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ | ਸੂਚਨਾ ਮਿਲਦੇ ਹੀ ਥਾਣਾ ਢਿਲਵਾਂ ਦੇ ਐਡੀਸ਼ਨਲ ਐਸ.ਐਚ.ਓ. ਕੁਲਦੀਪ ਸਿੰਘ ਆਪਣੀ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ,, ਐਡੀਸ਼ਨਲ ਐਸ.ਐਚ.ਓ. ਕੁਲਦੀਪ ਸਿੰਘ ਨੇ ਦੱਸਿਆ ਕਿ ਘਟਨਾ ਸਬੰਧੀ ਮਿ੍ਤਕ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੇ ਬਿਆਨਾਂ ਦੇ ਆਧਾਰ 'ਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ | ਪਿੰਡ ਬੁਤਾਲਾ ਦੇ ਸਰਪੰਚ ਗੁਰਮੀਤ ਸਿੰਘ ਬੱਲ ਅਤੇ ਸਾਬਕਾ ਸਰਪੰਚ ਗੁਰਜਾਪ ਸਿੰਘ ਬੁਤਾਲਾ ਨੇ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਇਸ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ , ਮਿ੍ਤਕ ਵਿਅਕਤੀ ਪਰਿਵਾਰ ਵਿਚ ਇਕੱਲਾ ਹੀ ਕਮਾਉਣ ਵਾਲਾ ਸੀ |