ਹੁਸੈਨਪੁਰ, 20 ਅਪ੍ਰੈਲ (ਤਰਲੋਚਨ ਸਿੰਘ ਸੋਢੀ)-ਹਰ ਮਨੁੱਖ ਨੂੰ ਗੁਰੂ ਘਰਾਂ ਦੇ ਨਾਲ-ਨਾਲ ਵਿੱਦਿਆ ਦੇ ਮੰਦਰਾਂ (ਸਕੂਲਾਂ) ਵਿਚ ਪਹਿਲ ਦੇ ਆਧਾਰ ਤੇ ਸਕੂਲ ਪੜ੍ਹਦੇ ਵਿਦਿਆਰਥੀਆਂ ਦੀਆਂ ਜ਼ਰੂਰਤਾਂ ਨੂੰ ਦੇਖਦੇ ਹੋਇਆ ਉਨ੍ਹਾਂ ਨੂੰ ਪੂਰਾ ਕਰਨ ਵੱਲ ਵੀ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਮਾਜ ਸੇਵਾ ਨੂੰ ਸਮਰਪਿਤ ਉੱਘੇ ਸਮਾਜ ਸੇਵਕ ਨਿਰਮਲ ਸਿੰਘ ਦਦਰਾਲ ਅਤੇ ਉਨ੍ਹਾਂ ਦੇ ਸਪੁੱਤਰਾਂ ਰਵਿੰਦਰ ਸਿੰਘ ਦਦਰਾਲ ਅਤੇ ਸਰਬਜੀਤ ਸਿੰਘ ਦਦਰਾਲ ਵਲੋਂ ਆਪਣੀ ਸਮਾਜ ਸੇਵਾ ਦੀ ਲੜੀ ਨੂੰ ਅੱਗੇ ਤੋਰਦਿਆਂ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਭੁਲਾਣਾ ਵਿਖੇ ਸਕੂਲ ਪੜ੍ਹਦੇ ਲੋੜਵੰਦ ਵਿਦਿਆਰਥੀਆਂ ਨੂੰ ਪਿੰਨ ਅਤੇ ਕਾਪੀਆਂ ਵੰਡਣ ਉਪਰੰਤ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਇਹ ਬੱਚਿਆਂ ਦੀਆਂ ਜ਼ਰੂਰਤਾਂ ਪੂਰਾ ਕਰਨ ਦੀ ਲੜੀ ਨਿਰੰਤਰ ਜਾਰੀ ਰਹੇਗੀ | ਅੰਤ ਵਿਚ ਸਕੂਲ ਦੇ ਇੰਚਾਰਜ ਪਰਮਜੀਤ ਲਾਲ ਹੈੱਡ ਟੀਚਰ ਸ. ਐ. ਸ. ਸੈਦੋ ਭੁਲਾਣਾ ਨੇ ਆਏ ਦਾਨੀ ਸੱਜਣਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਡਿੱਗ ਰਹੇ ਵਿੱਦਿਆ ਦੇ ਮਿਆਰ ਨੂੰ ਉੱਚਾ ਚੁੱਕਣ ਵਿਚ ਉੱਘੇ ਸਮਾਜ ਸੇਵਕ ਨਿਰਮਲ ਸਿੰਘ ਦਦਰਾਲ ਵਰਗੇ ਦਾਨੀ ਸੱਜਣਾਂ ਦਾ ਵਡਮੁੱਲਾ ਯੋਗਦਾਨ ਹੈ, ਜਿਨ੍ਹਾਂ ਦੀ ਬਦੌਲਤ ਹੁਣ ਲੋਕ ਪ੍ਰਾਈਵੇਟ ਸਕੂਲਾਂ ਦੀ ਥਾਂ ਸਰਕਾਰੀ ਸਕੂਲਾਂ ਵਿਚ ਆਪਣੇ ਬੱਚਿਆਂ ਨੂੰ ਪੜ੍ਹਾਉਣ ਨੂੰ ਪਹਿਲ ਦੇ ਰਹੇ ਹਨ | ਇਸ ਮੌਕੇ ਹੋਰਨਾਂ ਤੋਂ ਇਲਾਵਾ ਰਵਿੰਦਰ ਸਿੰਘ ਦਦਰਾਲ, ਅਮਰਿੰਦਰ ਸਿੰਘ ਰਾਜਾ, ਸੰਤੋਖ ਸਿੰਘ ਅਤੇ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸੀ |