ਖਲਵਾੜਾ, 23 ਅਪ੍ਰੈਲ (ਮਨਦੀਪ ਸਿੰਘ ਸੰਧੂ)-ਜਿਓਾ ਜਿਓਾ 2027 ਦੀਆਂ ਚੋਣਾਂ ਨੇੜੇ ਆ ਰਹੀਆਂ ਹਨ ਤੇ ਐਸ. ਆਈ. ਆਰ. ਦਾ ਕੰਮ ਲੈਣ ਲਈ ਹੋਰਨਾਂ ਮਹਿਕਮਿਆਂ ਨਾਲ ਸੰਬੰਧਿਤ ਬੂਥ ਲੈਵਲ ਅਫ਼ਸਰਾਂ ਦੀ ਬਜਾਏ ਅਧਿਆਪਕਾਂ ਦੀਆਂ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ, ਜਿਸ ਤੋਂ ਅਧਿਆਪਕ ਅੱਕੇ ਹੋਏ ਨਜ਼ਰ ਆਉਂਦੇ ਹਨ | ਇਸ ਤੋਂ ਇਲਾਵਾ ਜਨਗਣਨਾ, 10 ਲੱਖ ਵਾਲਾ ਸਿਹਤ ਕਾਰਡ ਤੇ ਹੋਰਨਾਂ ਕੰਮਾਂ 'ਤੇ ਵੀ ਅਧਿਆਪਕਾਂ ਦੀ ਡਿਊਟੀ ਲਗਾ ਕੇ ਬੱਚਿਆਂ ਦੀ ਪੜ੍ਹਾਈ ਨੂੰ ਪ੍ਰਭਾਵਿਤ ਕੀਤਾ ਜਾ ਰਿਹਾ ਹੈ | ਅਧਿਆਪਕ ਇਥੋਂ ਤੱਕ ਅੱਕੇ ਪਏ ਹਨ ਕਿ ਇਕ ਅਧਿਆਪਕ ਨੇ ਮੌਜੂਦਾ ਸਰਕਾਰ ਨੂੰ ਮੰਦਾ-ਚੰਗਾ ਬੋਲਦਿਆਂ ਇਹ ਵੀ ਕਹਿ ਦਿੱਤਾ ਕਿ ਲੋਕਾਂ ਵਲੋਂ ਅੰਨੇ ਹੋ ਕੇ ਪਾਈਆਂ ਵੋਟਾਂ ਦਾ ਨਤੀਜਾ ਮਿਲ ਰਿਹਾ ਹੈ | ਪ੍ਰਾਪਤ ਕੀਤੇ ਵੇਰਵਿਆਂ ਅਨੁਸਾਰ ਸੀਨੀਅਰ ਸੈਕੰਡਰੀ ਸਕੂਲ ਲੱਖਪੁਰ ਦੇ 14 ਅਧਿਆਪਕਾਂ 'ਚੋਂ 7, ਸਰਕਾਰੀ ਮਿਡਲ ਸਕੂਲ ਮਲਕਪੁਰ ਦੇ 2 ਅਧਿਆਪਕਾਂ 'ਚੋਂ 1, ਸਰਕਾਰੀ ਪ੍ਰਾਇਮਰੀ ਸਕੂਲ ਮਲਕਪੁਰ ਦੇ 2 ਅਧਿਆਪਕਾਂ 'ਚੋਂ 1, ਸਰਕਾਰੀ ਹਾਈ ਸਕੂਲ ਸਾਹਨੀ ਦੇ 3 ਅਧਿਆਪਕਾਂ ਵਿਚੋਂ 1 ਅਤੇ ਦਰਵੇਸ਼ ਪਿੰਡ ਸਕੂਲ ਦੇ 2 ਅਧਿਆਪਕਾਂ ਵਿਚੋਂ 1 ਅਧਿਆਪਕ ਬੂਥ ਲੈਵਲ ਅਫ਼ਸਰ ਦੀ ਡਿਊਟੀ 'ਤੇ ਲਗਾਏ ਗਏ ਹਨ | ਇਸ ਮੌਕੇ ਅਧਿਆਪਕਾਂ ਨੇ ਨਾਂਅ ਨਾ ਛਾਪਣ ਦੀ ਸ਼ਰਤ 'ਤੇ ਕਿਹਾ ਕਿ ਬੂਥ ਲੈਵਲ ਅਫ਼ਸਰ ਦਾ ਕੰਮ ਲੈਣ ਲਈ ਸਰਕਾਰ ਨੂੰ ਵੱਖਰੇ ਪ੍ਰਬੰਧ ਕਰਨੇ ਚਾਹੀਦੇ ਹਨ |