ਜਲੰਧਰ, 24 ਅਪ੍ਰੈਲ (ਪਵਨ ਖਰਬੰਦਾ)-ਸੀਨੀਅਰ ਕਾਂਗਰਸੀ ਆਗੂ ਤੇ ਬੁਲਾਰੇ ਜਗਦੀਪ ਸਿੰਘ ਸੰਧਰ ਨੇ ਪੰਜਾਬ 'ਚ ਵੱਧ ਰਹੇ ਬਿਜਲੀ ਸੰਕਟ 'ਤੇ ਗੰਭੀਰ ਚਿੰਤਾ ਜ਼ਾਹਰ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ 'ਸਰਪਲੱਸ ਬਿਜਲੀ' ਦੇ ਦਾਅਵੇ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੇ ਹਨ | ਉਨ੍ਹਾਂ ਕਿਹਾ ਕਿ ਅਸਲ ਹਕੀਕਤ ਇਹ ਹੈ ਕਿ ਪੰਜਾਬ ਦੇ ਲੋਕ ਇਸ ਵੇਲੇ ਭਿਆਨਕ ਗਰਮੀ 'ਚ ਲੰਬੇ ਬਿਜਲੀ ਕੱਟਾਂ ਨਾਲ ਜੂਝ ਰਹੇ ਹਨ | ਸੰਧਰ ਨੇ ਕਿਹਾ ਕਿ ਸੂਬੇ ਦੇ ਕਈ ਜ਼ਿਲਿ੍ਹਆਂ ਵਿਚ ਹਰ ਰੋਜ਼ 8 ਤੋਂ 10 ਘੰਟਿਆਂ ਤੱਕ ਬਿਨਾਂ ਕਿਸੇ ਪਹਿਲਾਂ ਸੂਚਨਾ ਦੇ ਬਿਜਲੀ ਬੰਦ ਕੀਤੀ ਜਾ ਰਹੀ ਹੈ, ਜਿਸ ਨਾਲ ਆਮ ਜਨਤਾ ਦਾ ਜੀਵਨ ਬਹੁਤ ਪ੍ਰਭਾਵਿਤ ਹੋ ਰਿਹਾ ਹੈ | ਲੁਧਿਆਣਾ, ਜਲੰਧਰ, ਅੰਮਿ੍ਤਸਰ, ਬਠਿੰਡਾ ਤੇ ਪਟਿਆਲਾ ਵਰਗੇ ਵੱਡੇ ਸ਼ਹਿਰ ਵੀ ਇਸ ਸੰਕਟ ਤੋਂ ਬਚੇ ਨਹੀਂ ਹਨ | ਉਦਯੋਗਿਕ ਇਕਾਈਆਂ ਨੂੰ ਨੁਕਸਾਨ ਹੋ ਰਿਹਾ ਹੈ ਤੇ ਛੋਟੇ ਕਾਰੋਬਾਰ ਬੰਦ ਹੋਣ ਦੇ ਕਗਾਰ 'ਤੇ ਹਨ | ਉਨ੍ਹਾਂ ਕਿਹਾ ਕਿ ਖੇਤੀਬਾੜੀ ਖੇਤਰ ਦੀ ਸਥਿਤੀ ਵੀ ਚਿੰਤਾਜਨਕ ਹੈ | ਕਿਸਾਨਾਂ ਨੂੰ ਸਮੇਂ 'ਤੇ ਬਿਜਲੀ ਨਾ ਮਿਲਣ ਕਾਰਨ ਆਉਣ ਵਾਲੀ ਫ਼ਸਲ ਪ੍ਰਭਾਵਿਤ ਹੋ ਸਕਦੀ ਹੈ | ਇਹ ਸਰਕਾਰ ਦੀ ਨਾਕਾਮੀ ਦਾ ਸਪੱਸ਼ਟ ਸਬੂਤ ਹੈ ਕਿ ਉਹ ਮੰਗ ਤੇ ਸਪਲਾਈ ਵਿਚ ਸੰਤੁਲਨ ਬਣਾਉਣ ਵਿਚ ਅਸਫਲ ਰਹੀ ਹੈ | ਸੰਧਰ ਨੇ ਦੋਸ਼ ਲਗਾਇਆ ਕਿ ਸਰਕਾਰ ਆਪਣੀਆਂ ਗਲਤੀਆਂ ਨੂੰ ਲੁਕਾਉਣ ਲਈ ਗੈਰ-ਐਲਾਨੀ ਬਿਜਲੀ ਕੱਟਾਂ ਨੂੰ ਮੁਰੰਮਤ ਜਾ ਸੁੰਦਰੀਕਰਨ ਦੇ ਨਾਂਅ 'ਤੇ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕਰ ਰਹੀ ਹੈ | ਪਾਵਰਕਾਮ ਵਲੋਂ ਵੀ ਲੋਕਾਂ ਨੂੰ ਸਹੀ ਜਾਣਕਾਰੀ ਨਹੀਂ ਦਿੱਤੀ ਜਾ ਰਹੀ, ਜਿਸ ਕਾਰਨ ਲੋਕ ਪ੍ਰੇਸ਼ਾਨ ਹਨ | ਉਨ੍ਹਾਂ ਮੰਗ ਕੀਤੀ ਕਿ ਸਰਕਾਰ ਤੁਰੰਤ ਬਿਜਲੀ ਸੰਕਟ ਨੂੰ ਦੂਰ ਕਰਨ ਲਈ ਐਮਰਜੈਂਸੀ ਕਦਮ ਚੁੱਕੇ, ਪਾਵਰ ਮੈਨੇਜਮੈਂਟ ਨੂੰ ਸੁਧਾਰੇ ਤੇ ਲੋਕਾਂ ਨੂੰ ਬਿਨਾਂ ਰੁਕਾਵਟ ਬਿਜਲੀ ਸਪਲਾਈ ਯਕੀਨੀ ਬਣਾਏ, ਨਹੀਂ ਤਾਂ ਕਾਂਗਰਸ ਪਾਰਟੀ ਲੋਕਾਂ ਦੇ ਹੱਕ ਵਿਚ ਸੜਕਾਂ 'ਤੇ ਉਤਰ ਕੇ ਸੰਘਰਸ਼ ਕਰੇਗੀ |