ਜਲੰਧਰ, 24 ਅਪ੍ਰੈਲ (ਜਤਿੰਦਰ ਪੰਮੀ)-ਸ਼ਹਿਰ ਦੇ ਪ੍ਰਮੁੱਖ ਉਦਯੋਗਪਤੀਆਂ ਨੇ ਜ਼ਿਲ੍ਹੇ ਦੇ ਨਵੇਂ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਜਲੰਧਰ ਆਉਣ ਲਈ ਸਵਾਗਤ ਕੀਤਾ | ਇਸ ਦੌਰਾਨ ਉਦਯੋਗਪਤੀਆਂ ਨੇ ਜਲੰਧਰ ਦੇ ਉਦਯੋਗਾਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਵੀ ਵਿਸਥਾਰ 'ਚ ਜਾਣੂ ਕਰਵਾਇਆ | ਉਦਯੋਗਪਤੀਆਂ ਨੇ ਮੰਗ ਕੀਤੀ ਕਿ ਜਲੰਧਰ ਦੀ ਕੌਂਸਲ ਵਿਚ ਬਕਾਇਆ ਪਏ ਮਾਮਲਿਆਂ ਦਾ ਜਲਦੀ ਨਿਪਟਾਰਾ ਕੀਤਾ ਜਾਵੇ ਤੇ ਉਦਯੋਗਾਂ ਨੂੰ ਉਨ੍ਹਾਂ ਦੀ ਬਕਾਇਆ ਅਦਾਇਗੀ ਦਿਵਾਈ ਜਾਵੇ | ਇਸ ਦੇ ਨਾਲ ਹੀ ਲੇਬਰ ਵੈੱਲਫੇਅਰ ਫੰਡ ਦੇ ਪੈਸਿਆਂ ਦੀ ਵੀ ਮਜ਼ਦੂਰਾਂ ਨੂੰ ਜਲਦੀ ਅਦਾਇਗੀ ਕਰਨ ਦੀ ਗੱਲ ਕਹੀ ਗਈ | ਉਨ੍ਹਾਂ ਨੇ ਇਹ ਵੀ ਕਿਹਾ ਕਿ ਇੰਡਸਟਰੀ ਲਈ ਐੱਲ. ਪੀ. ਜੀ. ਦੀ ਸਪਲਾਈ ਨਿਯਮਿਤ ਕੀਤੀ ਜਾਵੇ, ਕਿਉਂਕਿ ਇਸ ਵਿਚ ਆ ਰਹੀਆਂ ਦਿੱਕਤਾਂ ਦਾ ਜਲਦੀ ਹੱਲ ਲੱਭਣਾ ਜ਼ਰੂਰੀ ਹੈ | ਇਸ ਦੇ ਨਾਲ ਹੀ ਉਦਯੋਗਾਂ ਵਿਚ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਘਰੇਲੂ ਗੈਸ ਸਮੇਂ ਸਿਰ ਉਪਲਬਧ ਕਰਵਾਉਣ ਦੀ ਵੀ ਮੰਗ ਕੀਤੀ ਗਈ, ਕਿਉਂਕਿ ਬੁਕਿੰਗ ਕਰਨ ਤੋਂ 25 ਦਿਨ ਬਾਅਦ ਵੀ ਕਰੀਬ 20 ਦਿਨ ਤੱਕ ਸਿਲੰਡਰ ਦੀ ਡਿਲੀਵਰੀ ਨਹੀਂ ਹੋ ਰਹੀ | ਉਦਯੋਗਪਤੀਆਂ ਨੇ ਇਸ ਤੋਂ ਇਲਾਵਾ ਜਲੰਧਰ ਦੇ ਕਈ ਇੰਡਸਟਰੀਅਲ ਇਲਾਕਿਆਂ ਵਿਚ ਸੜਕਾਂ ਤੇ ਸੀਵਰੇਜ ਨਾਲ ਸੰਬੰਧਤ ਸਮੱਸਿਆਵਾਂ ਦਾ ਵੀ ਜ਼ਿਕਰ ਕੀਤਾ | ਇਸ ਮੌਕੇ ਜਲੰਧਰ ਇੰਡਸਟਰੀਅਲ ਚੈਂਬਰ ਵਲੋਂ ਸ਼ਾਂਤ ਗੁਪਤਾ, ਫੋਕਲ ਪੁਆਇੰਟ ਇੰਡਸਟਰੀਅਲ ਐਸੋਸੀਏਸ਼ਨ ਵਲੋਂ ਰਾਜਨ ਗੁਪਤਾ, ਉਦਯੋਗਪਤੀ ਕੁਲਦੀਪ ਪਾਇਲਟ, ਸਪੋਰਟਸ ਇੰਡਸਟਰੀ ਤੋਂ ਵਿਨੋਦ ਮਹਾਜਨ ਤੇ ਕਰਨ ਜਿੰਦਲ ਹਾਜ਼ਰ ਸਨ |