ਭੁਲੱਥ, 25 ਅਪ੍ਰੈਲ (ਮਨਜੀਤ ਸਿੰਘ ਰਤਨ)-ਐਲਪਾਈਨ ਇੰਟਰਨੈਸ਼ਨਲ ਪਬਲਿਕ ਸਕੂਲ ਭੁਲੱਥ ਦੇ ਵਿਦਿਆਰਥੀਆਂ ਨੇ ਭੁਲੱਥ ਦੇ ਡਾਇਲੈਸਿਸ ਸੈਂਟਰ ਦਾ ਸਿੱਖਿਆਤਮਕ ਦੌਰਾ ਕੀਤਾ | ਇਸ ਦੌਰੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਗੁਰਦੇ (ਕਿਡਨੀ) ਦੇ ਕਾਰਜ ਤੇ ਗੁਰਦੇ ਦੀ ਨਾਕਾਮੀ (ਕਿਡਨੀ ਫੇਲਿਅਰ) ਬਾਰੇ ਜਾਣਕਾਰੀ ਦੇਣਾ ਸੀ | ਸੈਂਟਰ ਦੇ ਡਾ. ਨਵਦੀਪ ਸਿੰਘ ਤੇ ਸਟਾਫ਼ ਨੇ ਵਿਦਿਆਰਥੀਆਂ ਨੂੰ ਡਾਇਲੈਸਿਸ ਦੀ ਪ੍ਰਕਿਰਿਆ ਬਾਰੇ ਵਿਸਥਾਰ ਨਾਲ ਸਮਝਾਇਆ | ਉਨ੍ਹਾਂ ਦੱਸਿਆ ਕਿ ਜਦੋਂ ਕਿਡਨੀ ਸਹੀ ਤਰੀਕੇ ਨਾਲ ਕੰਮ ਨਹੀਂ ਕਰਦੀ, ਤਾਂ ਡਾਇਲੈਸਿਸ ਮਸ਼ੀਨ ਰਕਤ ਨੂੰ ਸਾਫ਼ ਕਰਨ ਦਾ ਕੰਮ ਕਰਦੀ ਹੈ | ਵਿਦਿਆਰਥੀਆਂ ਨੇ ਇਸ ਪ੍ਰਕਿਰਿਆ ਨੂੰ ਧਿਆਨ ਨਾਲ ਦੇਖਿਆ ਅਤੇ ਕਈ ਸਵਾਲ ਪੁੱਛ ਕੇ ਆਪਣੀ ਜਾਣਕਾਰੀ ਵਿਚ ਵਾਧਾ ਕੀਤਾ | ਇਸ ਮੌਕੇ ਪਿ੍ੰਸੀਪਲ ਗੁਰਿੰਦਰ ਕੌਰ ਨੇ ਦੱਸਿਆ ਕਿ ਡਾਇਲੈਸਿਸ ਮਸ਼ੀਨ ਇਕ ਜ਼ਿੰਦਗੀ ਬਚਾਉਣ ਵਾਲੀ ਤਕਨਾਲੋਜੀ ਹੈ ਜੋ ਉਸ ਸਮੇਂ ਵਰਤੀ ਜਾਂਦੀ ਹੈ ਜਦੋਂ ਗੁਰਦੇ ਆਪਣਾ ਕੰਮ ਠੀਕ ਤਰੀਕੇ ਨਾਲ ਨਹੀਂ ਕਰਦੇ | ਸਿਹਤਮੰਦ ਕਿਡਨੀ ਸਰੀਰ 'ਚੋਂ ਜ਼ਹਿਰੀਲੇ ਪਦਾਰਥ, ਵਾਧੂ ਪਾਣੀ ਤੇ ਲੂਣ ਨੂੰ ਬਾਹਰ ਕੱਢਦੀ ਹੈ ਪਰ ਜਦੋਂ ਕਿਡਨੀ ਫੇਲ੍ਹ ਹੋ ਜਾਂਦੀ ਹੈ, ਤਾਂ ਡਾਇਲੈਸਿਸ ਮਸ਼ੀਨ ਇਹ ਕੰਮ ਕਰਦੀ ਹੈ | ਉਨ੍ਹਾਂ ਦੱਸਿਆ ਕਿ ਇਸ ਮਸ਼ੀਨ ਵਿਚ ਖ਼ੂਨ ਨੂੰ ਸਰੀਰ ਵਿਚੋਂ ਬਾਹਰ ਕੱਢ ਕੇ ਇਕ ਫਿਲਟਰ (ਡਾਇਲਾਈਜ਼ਰ) 'ਚੋਂ ਲੰਘਾਇਆ ਜਾਂਦਾ ਹੈ, ਜਿਥੇ ਖ਼ੂਨ 'ਚੋਂ ਗੰਦਗੀ ਤੇ ਜ਼ਹਿਰੀਲੇ ਤੱਤ ਦੂਰ ਕੀਤੇ ਜਾਂਦੇ ਹਨ | ਫਿਰ ਸਾਫ਼ ਕੀਤਾ ਹੋਇਆ ਖ਼ੂਨ ਵਾਪਸ ਸਰੀਰ ਵਿਚ ਭੇਜਿਆ ਜਾਂਦਾ ਹੈ | ਇਹ ਪ੍ਰਕਿਰਿਆ ਮਰੀਜ਼ ਦੀ ਜ਼ਿੰਦਗੀ ਨੂੰ ਜਾਰੀ ਰੱਖਣ ਵਿਚ ਬਹੁਤ ਮਦਦਗਾਰ ਹੁੰਦੀ ਹੈ |' ਇਸ ਮੌਕੇ ਚੇਅਰਮੈਨ ਬਲਵਿੰਦਰ ਸਿੰਘ ਚੀਮਾ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਚੰਗੀ ਸਿਹਤ ਲਈ ਸੰਤੁਲਿਤ ਤੇ ਪੌਸ਼ਟਿਕ ਆਹਾਰ ਬਹੁਤ ਜ਼ਰੂਰੀ ਹੈ | ਇਸ ਮੌਕੇ ਮਾਸਟਰ ਕੰਵਲਜੀਤ ਮੰਨਣ, ਸੁਰਿੰਦਰ ਸਿੰਘ ਲਾਲੀਆ ਵੀ ਉਨ੍ਹਾਂ ਦੇ ਨਾਲ ਸਨ |