ਭੁਲੱਥ, 4 ਮਈ (ਮਨਜੀਤ ਸਿੰਘ ਰਤਨ)-ਸਹਿਕਾਰਤਾ ਵਿਭਾਗ ਕਪੂਰਥਲਾ ਵੱਲੋਂ ਫ਼ਸਲਾਂ ਦੀ ਰਹਿੰਦ ਖੰੂਹਦ ਨੂੰ ਅੱਗ ਨਾ ਲਗਾਉਣ ਤੇ ਇਸ ਨੂੰ ਖੇਤਾਂ ਵਿਚ ਹੀ ਮਿਲਾਉਣ ਲਈ ਸਹਿਕਾਰੀ ਸਭਾਵਾਂ ਦੇ ਮੈਂਬਰਾਂ ਨੂੰ ਜਾਗਰੂਕ ਕਰਨ ਲਈ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਭੁਲੱਥ ਜੋਬਨਜੀਤ ਸਿੰਘ ਦੀ ਅਗਵਾਈ ਹੇਠ ਭੁਲੱਥ ਵਿਖੇ ਇੱਕ ਪ੍ਰਭਾਵਸ਼ਾਲੀ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਮੌਕੇ ਤੇ ਸੰਬੋਧਨ ਕਰਦਿਆਂ ਹੋਇਆਂ ਉਨ੍ਹਾਂ ਨੇ ਕਿਹਾ ਕਿ ਫ਼ਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਾ ਕੇ ਇਸ ਨੂੰ ਮਿੱਟੀ ਅੰਦਰ ਮਿਲਾਉਣ ਨਾਲ ਜਿੱਥੇ ਅਸੀਂ ਧਰਤੀ ਦੀ ਉਪਜਾਊ ਸ਼ਕਤੀ ਨੂੰ ਵਧਾ ਸਕਦੇ ਹਾਂ ਉੱਥੇ ਨਾਲ ਹੀ ਅਸੀਂ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾ ਕੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਮਨੁੱਖੀ ਜਾਤੀ ਨੂੰ ਬਚਾ ਸਕਦੇ ਹਾਂ | ਉਨ੍ਹਾਂ ਨੇ ਹੋਰ ਦੱਸਿਆ ਕਿ ਰਹਿੰਦ ਖੂੰਹਦ ਨੂੰ ਮਿੱਟੀ ਵਿਚ ਰਲਾਉਣ ਲਈ ਸਹਿਕਾਰੀ ਸਭਾਵਾਂ ਅੰਦਰ ਹਰ ਤਰਾਂ ਦੀ ਮਸ਼ੀਨਰੀ ਜਿਵੇਂ ਕਿ ਰੋਟਾਵੇਟਰ, ਪਲਾਓ ਸੁਪਰ ਸੀਡਰ ਆਦਿ ਛੋਟੇ ਕਿਸਾਨਾਂ ਨੂੰ ਬਿਲਕੁਲ ਮੁਫ਼ਤ ਮੁਹੱਈਆ ਕਰਵਾਏ ਜਾ ਰਹੇ ਹਨ ਇਸ ਲਈ ਇਸ ਸਹੂਲਤ ਦਾ ਲਾਹਾ ਸਾਨੂੰ ਸਭ ਨੂੰ ਲੈਣਾ ਚਾਹੀਦਾ ਹੈ | ਇਸ ਸਮਾਗਮ ਮੌਕੇ ਇੰਸਪੈਕਟਰ ਅਮਨਪ੍ਰੀਤ ਕੌਰ ਅਤੇ ਇੰਸਪੈਕਟਰ ਕੁਲਰਾਜ ਸਿੰਘ ਨੇ ਸੰਬੋਧਨ ਕਰਦੇ ਹੋਏ ਆਖਿਆ ਕਿ ਅੱਜ ਦੇ ਕਿਸਾਨ ਬਹੁਤ ਤਜਰਬੇਕਾਰ ਹਨ ਅਤੇ ਪਿਛਲੇ ਸਾਲਾਂ ਵਿਚ ਝੋਨੇ ਦੀ ਰਹਿੰਦ ਖੰੂਹਦ ਨੂੰ ਅੱਗ ਨਾ ਲਗਾਉਣ ਸਬੰਧੀ ਲਾਏ ਗਏ ਕੈਂਪਾਂ ਕਾਰਨ ਬਹੁਤ ਹੀ ਘੱਟ ਕਿਸਾਨ ਅੱਗ ਲਾ ਰਹੇ ਹਨ ਪਰ ਅਗਾਂਹ ਵਧੂ ਕਿਸਾਨ ਅਤੇ ਵਾਤਾਵਰਨ ਪ੍ਰੇਮੀਆਂ ਦੇ ਸਹਿਯੋਗ ਨਾਲ ਉਨ੍ਹਾਂ ਨੂੰ ਵੀ ਪ੍ਰੇਰਿਤ ਕੀਤਾ ਜਾਵੇਗਾ | ਇਸ ਮੌਕੇ 'ਤੇ ਬਲਜਿੰਦਰ ਸਿੰਘ ਨਾਰੰਗਪੁਰ, ਪਰਮਜੀਤ ਸਿੰਘ ਇਬਰਾਹੀਮਵਾਲ, ਮਹਿਮਾ ਸ਼ਰਮਾ ਭੁਲੱਥ, ਨਰਾਇਣ ਸਿੰਘ ਸ਼ੇਰ ਸਿੰਘ ਵਾਲਾ, ਸੁਖਵਿੰਦਰ ਸਿੰਘ ਭਗਵਾਨਪੁਰ ਅਤੇ ਹੋਰ ਬਹੁਤ ਸਾਰੇ ਮੁਲਾਜ਼ਮ ਅਤੇ ਕਿਸਾਨ ਹਾਜ਼ਰ ਸਨ |