ਕਪੂਰਥਲਾ, 4 ਮਈ (ਵਿਸ਼ੇਸ਼ ਪ੍ਰਤੀਨਿਧ)-ਆਈ.ਕੇ. ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ ਦੇ ਸਹਾਇਕ ਪ੍ਰੋ. ਡਾ. ਨਵੀਨ ਕੁਮਾਰ ਸ਼ਰਮਾ ਨੂੰ ਭਾਰਤ ਸਰਕਾਰ ਦੇ ਰੱਖਿਆ ਮੰਤਰਾਲੇ ਤਹਿਤ ਅਫ਼ਸਰ ਟਰੇਨਿੰਗ ਅਕੈਡਮੀ ਕੰਪਟੀ ਨਾਗਪੁਰ (ਮਹਾਰਾਸ਼ਟਰ) ਵਿਚ ਟਰੇਨਿੰਗ ਪੂਰੀ ਕਰਨ ਉਪਰੰਤ ਲੈਫ਼ਟੀਨੈਂਟ ਵਜੋਂ ਨਿਵਾਜਿਆ ਗਿਆ | ਇਸ ਤੋਂ ਪਹਿਲਾਂ ਉਹ ਯੂਨੀਵਰਸਿਟੀ ਵਿਚ ਕੇਅਰ ਟੇਕਰ ਅਫ਼ਸਰ ਐਨ.ਸੀ.ਸੀ. ਵਿੰਗ ਵਲੋਂ ਸੇਵਾਵਾਂ ਦੇ ਰਹੇ ਸਨ ਤੇ ਹੁਣ ਉਨ੍ਹਾਂ ਨੂੰ ਟਰੇਨਿੰਗ ਦੇ ਕੇ ਕਮਿਸ਼ਨਡ ਅਫ਼ਸਰ ਵਜੋਂ ਸੇਵਾਵਾਂ ਨਿਭਾਉਣ ਦਾ ਮੌਕਾ ਪ੍ਰਦਾਨ ਕੀਤਾ ਗਿਆ ਹੈ | ਇੱਥੇ ਵਰਨਣਯੋਗ ਹੈ ਕਿ ਸਹਾਇਕ ਪ੍ਰੋ. ਡਾ. ਨਵੀਨ ਕੁਮਾਰ ਸ਼ਰਮਾ ਪੰਜਾਬ ਤਕਨੀਕੀ ਯੂਨੀਵਰਸਿਟੀ ਦੇ ਇਲੈਕਟ੍ਰੀਕਲ ਇੰਜੀਨੀਅਰਿੰਗ ਵਿਭਾਗ ਵਿਚ ਕਾਰਜਸ਼ੀਲ ਹਨ ਤੇ ਇਸ ਟਰੇਨਿੰਗ ਉਪਰੰਤ ਹੁਣ ਉਨ੍ਹਾਂ ਦੀ ਨਿਯੁਕਤੀ ਐਸੋਸੀਏਟ ਐਨ.ਸੀ.ਸੀ. ਅਫ਼ਸਰ (ਏ.ਐਨ.ਓ.) ਵਜੋਂ ਹੋਈ ਹੈ | ਉਨ੍ਹਾਂ ਸਿਖਲਾਈ ਦੌਰਾਨ 21ਵੀਂ ਪੀ.ਬੀ.ਬੀ.ਐਨ.ਸੀ.ਸੀ. ਕਪੂਰਥਲਾ ਨੂੰ ਸ਼ਾਨਦਾਰ ਫਲੈਗ ਏਰੀਆ ਬਰੀਫਿੰਗ ਵਿਚ ਮੁਹਾਰਤ ਲਈ ਵੀ ਪ੍ਰਸ਼ੰਸਾ ਪੱਤਰ ਪ੍ਰਦਾਨ ਕੀਤਾ ਗਿਆ | ਇਸੇ ਦੌਰਾਨ ਹੀ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਡਾ. ਸੁਸ਼ੀਲ ਮਿੱਤਰ ਨੇ ਡਾ. ਨਵੀਨ ਸ਼ਰਮਾ ਨੂੰ ਲੈਫ਼ਟੀਨੈਂਟ ਦਾ ਰੈਂਕ ਮਿਲਣ 'ਤੇ ਮੁਬਾਰਕਬਾਦ ਦਿੱਤੀ | ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਆਪਣੇ ਵਿਦਿਆਰਥੀਆਂ ਤੇ ਫੈਕਲਟੀ ਮੈਂਬਰਾਂ ਲਈ ਬਿਹਤਰ ਮੌਕੇ ਪ੍ਰਦਾਨ ਕਰਦੀ ਹੈ ਤੇ ਡਾ. ਸ਼ਰਮਾ ਦੀ ਇਹ ਪ੍ਰਾਪਤੀ ਹੋਰਾਂ ਲਈ ਪ੍ਰੇਰਨਾ ਹੈ | ਇਸੇ ਦੌਰਾਨ ਹੀ ਡਾ. ਨਵਦੀਪਕ ਸੰਧੂ ਨੇ ਵੀ ਡਾ. ਸ਼ਰਮਾ ਨੂੰ ਵਧਾਈ ਦਿੱਤੀ | ਡਾ. ਨਵੀਨ ਕੁਮਾਰ ਸ਼ਰਮਾ ਨੇ ਆਪਣੀ ਇਸ ਪ੍ਰਾਪਤੀ ਨੂੰ ਨੌਜਵਾਨਾਂ ਲਈ ਪ੍ਰੇਰਣਾਦਾਇਕ ਦੱਸਿਆ ਅਤੇ ਵਿਦਿਆਰਥੀਆਂ ਨੂੰ ਅਨੁਸ਼ਾਸਨ ਤੇ ਲੀਡਰਸ਼ਿਪ ਦੇ ਗੁਣਾਂ ਨੂੰ ਵਿਕਸਿਤ ਕਰਨ ਲਈ ਐਨ.ਐਸ.ਸੀ. ਗਤੀਵਿਧੀਆਂ ਵਿਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ | ਉਨ੍ਹਾਂ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਡਾ. ਸੁਸ਼ੀਲ ਮਿੱਤਲ, ਯੂਨੀਵਰਸਿਟੀ ਦੇ ਰਜਿਸਟਰਾਰ ਕਮ ਡਿਪਟੀ ਡਾਇਰੈਕਟਰ (ਸੀ.ਆਰ.ਐਂਡ.ਏ.) ਡਾ. ਨਵਦੀਪਕ ਸੰਧੂ, ਪ੍ਰੋ. ਡਾ. ਵਾਈ.ਐਸ. ਬਰਾੜ, ਡੀਨ ਅਕਾਦਮਿਕ ਅਤੇ ਪ੍ਰੋ. ਡਾ. ਸਤਬੀਰ ਸਿੰਘ ਡੀਨ ਵਿਦਿਆਰਥੀ ਭਲਾਈ ਦਾ ਤਹਿਦਿਲੋਂ ਧੰਨਵਾਦ ਕੀਤਾ |