ਕਪੂਰਥਲਾ, 4 ਮਈ (ਵਿਸ਼ੇਸ਼ ਪ੍ਰਤੀਨਿਧ)-'ਰਕਤ' ਬਲੱਡ ਡੋਨਰਜ਼ ਐਂਡ ਹਿਊਮਨ ਵੈੱਲਫੇਅਰ ਸੁਸਾਇਟੀ ਕਪੂਰਥਲਾ ਨੇ ਸਰਕਾਰੀ ਐਲੀਮੈਂਟਰੀ ਸਕੂਲ ਭੰਡਾਲ ਦੋਨਾ ਵਿਚ ਇਕ ਸਮਾਗਮ ਕਰਵਾਇਆ | ਸਮਾਗਮ ਨੂੰ ਸੰਬੋਧਨ ਕਰਦਿਆਂ ਸੁਸਾਇਟੀ ਦੇ ਪ੍ਰਧਾਨ ਕਰਨ ਮਹਾਜਨ, ਉਪ ਪ੍ਰਧਾਨ ਨਰੈਣ ਵਸ਼ਿਸ਼ਟ ਤੇ ਸਕੱਤਰ ਕਨਵ ਪਾਸੀ ਨੇ ਸਕੂਲ ਨੂੰ ਬੇਘਰੇ ਪੰਛੀਆਂ ਲਈ ਲੱਕੜ ਤੇ ਕੁਦਰਤੀ ਸਰੋਤਾਂ ਤੋਂ ਬਣੇ ਆਲ੍ਹਣੇ ਬਣੇ ਭੇਟ ਕੀਤੇ | ਸਮਾਗਮ ਨੂੰ ਸੰਬੋਧਨ ਕਰਦਿਆਂ ਕਰਨ ਮਹਾਜਨ, ਨਰੈਣ ਵਸ਼ਿਸ਼ਟ ਤੇ ਕਨਵ ਪਾਸੀ ਨੇ ਕਿਹਾ ਕਿ ਅਤਿ ਦੀ ਗਰਮੀ ਵਿਚ ਇਹ ਆਲਣੇ ਪੰਛੀਆਂ ਲਈ ਸਹਾਰਾ ਬਣਨਗੇ | ਉਨ੍ਹਾਂ ਕਿਹਾ ਕਿ ਸੰਸਥਾ ਵਲੋਂ ਆਉਣ ਵਾਲੇ ਸਮੇਂ ਵਿਚ ਇਸ ਤਰ੍ਹਾਂ ਦੇ ਕਾਰਜ ਜਾਰੀ ਰੱਖੇ ਜਾਣਗੇ | ਸੁਸਾਇਟੀ ਦੇ ਆਗੂਆਂ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਪੰਛੀਆਂ ਦੀ ਸਾਂਭ ਸੰਭਾਲ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ | ਉਨ੍ਹਾਂ ਕਿਹਾ ਕਿ ਇਕ ਵਿਦਿਆਰਥੀਆਂ ਨੂੰ ਅਕਾਦਮਿਕ ਖੇਤਰ ਬਾਰੇ ਸੁਚੇਤ ਹੋਣ ਦੇ ਨਾਲ-ਨਾਲ ਵਾਤਾਵਰਨ ਤੇ ਜੀਵ ਜੰਤੂਆਂ ਪ੍ਰਤੀ ਫ਼ਿਕਰਮੰਦ ਹੋਣਾ ਚਾਹੀਦਾ ਹੈ | ਸਕੂਲ ਦੀ ਇੰਚਾਰਜ ਮੁਨੱਜਾ ਇਰਸ਼ਾਦ ਨੇ ਸੰਸਥਾ ਵਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਸਕੂਲ ਦੇ ਵਿਦਿਆਰਥੀਆਂ ਲਈ ਇਹ ਬੜਾ ਨਿਵੇਕਲਾ ਤੇ ਉਸਾਰੂ ਕਦਮ ਹੈ | ਉਨ੍ਹਾਂ ਬਲੱਡ ਡੋਨਰਜ਼ ਐਂਡ ਹਿਊਮਨ ਵੈੱਲਫੇਅਰ ਸੁਸਾਇਟੀ ਦੇ ਅਹੁਦੇਦਾਰਾਂ ਦਾ ਤਹਿਦਿਲੋਂ ਧੰਨਵਾਦ ਕੀਤਾ | ਇਸ ਮੌਕੇ ਮਿਡਲ ਸਕੂਲ ਭੰਡਾਲ ਦੋਨਾ ਦੀ ਇੰਚਾਰਜ ਰੰਜਨਾ ਕੁਮਾਰੀ, ਸੰਦੀਪ ਕੁਮਾਰ, ਅਮਿਤ ਸ਼ਰਮਾ, ਸ੍ਰੀਮਤੀ ਰਜੀਆ ਆਦਿ ਹਾਜ਼ਰ ਸਨ |