ਕਾਲਾ ਸੰਘਿਆਂ, 21 ਮਈ (ਬਲਜੀਤ ਸਿੰਘ ਸੰਘਾ)-ਪੰਜਾਬ ਵਿਚਲੇ ਆਰਮੀ ਪਬਲਿਕ ਸਕੂਲਾਂ ਵਿਚ ਪੰਜਾਬੀ ਦੀ ਪੜਾਈ ਨੂੰ ਹਾਸ਼ੀਏ ਤੇ ਧੱਕਣ ਦੇ ਫ਼ੈਸਲੇ ਖ਼ਿਲਾਫ਼ ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਤਿੱਖਾ ਵਿਰੋਧ ਜਤਾਉਂਦਿਆਂ ਚੰਡੀਗੜ੍ਹ ਵਿਖੇ 22 ਮਈ ਨੂੰ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ | ਜਿਸ ਵਿਚ ਸਾਹਿਤ ਸਭਾਵਾਂ, ਲੇਖਕ ਜਥੇਬੰਦੀਆਂ ਅਤੇ ਹੋਰ ਪੰਜਾਬੀ ਹਿਤੈਸ਼ੀ ਜਥੇਬੰਦੀਆਂ ਵੱਡੀ ਪੱਧਰ ਤੇ ਸ਼ਿਰਕਤ ਕਰ ਰਹੀਆਂ ਹਨ | ਦੋਨੇ ਇਲਾਕੇ ਵਿਚੋਂ ਸਾਹਿਤਿਕ ਸੰਸਥਾਵਾਂ ਵੱਡੇ ਪੱਧਰ ਤੇ ਚੰਡੀਗੜ੍ਹ ਹੋਣ ਵਾਲੇ ਮੁਜ਼ਾਹਰੇ ਵਿਚ ਸ਼ਿਰਕਤ ਕਰਨਗੀਆਂ, ਸਥਾਨਕ ਸੁਭਾਵਾਂ ਦੇ ਆਗੂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਕਾਰਜਕਾਰਨੀ ਮੈਂਬਰ ਸੁਰਿੰਦਰ ਖੀਵਾ, ਡਾਕਟਰ ਰਾਮ ਮੂਰਤੀ ਮਾਸਟਰ ਕੇਵਲ ਸਿੰਘ ਉੱਗੀ ਨੇ ਮੁਜ਼ਾਹਰੇ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਪੰਜਾਬ ਵਿਚ ਪੰਜਾਬੀ ਭਾਸ਼ਾ ਨਾਲ ਹੋ ਰਿਹਾ ਇਹ ਵਿਵਹਾਰ ਸਭ ਲਈ ਚਿੰਤਾ ਦਾ ਵਿਸ਼ਾ ਹੈ | ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਪੰਜਾਬੀ ਭਾਸ਼ਾ ਤੋਂ ਵਾਂਝਾ ਕਰਨਾ ਮੰਦਭਾਗਾ ਅਤੇ ਚਿੰਤਾਜਨਕ ਹੈ | ਉਨ੍ਹਾਂ ਦੱਸਿਆ ਕਿ ਆਰਮੀ ਵੈੱਲਫੇਅਰ ਐਜੂਕੇਸ਼ਨ ਸੁਸਾਇਟੀ ਨੂੰ ਸਕੂਲਾਂ ਵਿਚ ਭੇਜਿਆ ਸਰਕੁਲਰ ਵਾਪਸ ਕਰਵਾਉਣ ਹਿਤ ਹੀ ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ 22 ਮਈ ਸ਼ੁੱਕਰਵਾਰ ਨੂੰ ਚੰਡੀਗੜ੍ਹ ਵਿਖੇ ਪੰਜਾਬ ਦੀਆਂ ਸਮੁੱਚੀਆਂ ਸਾਹਿਤ ਸਭਾਵਾਂ ਅਤੇ ਹੋਰ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਪੰਜਾਬੀ ਵਿਰੋਧੀ ਇਸ ਫ਼ੈਸਲੇ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ | ਇਸ ਦੌਰਾਨ ਸਾਹਿਤ ਸੰਗਮ ਕਾਲਾ ਸੰਘਿਆਂ, ਸਾਹਿਤ ਸਭਾ ਨਿੱਜਰਾਂ, ਜਨਵਾਦੀ ਲੇਖਕ ਸਭਾ ਉੱਗੀ, ਬੂਟਾ ਸਿੰਘ ਖਹਿਰਾ, ਸੰਤ ਸਿੰਘ ਸੰਧੂ, ਹਰਨੇਕ ਸਿੰਘ ਹੇਅਰ, ਬਲਜੀਤ ਸਿੰਘ ਸੰਘਾ, ਅਮਰਜੀਤ ਸਿੰਘ ਨਿੱਜਰ, ਸਤੀਸ਼ ਕੁਮਾਰ ਸੰਧੂ ਚੱਠਾ, ਬਲਵਿੰਦਰ ਸਿੰਘ ਧਾਲੀਵਾਲ, ਮਾਸਟਰ ਜਿੰਗਾ ਸਿੰਘ, ਗੁਰਮੀਤ ਸਿੰਘ ਗਿੱਲ ਆਦਿ ਨੇ ਕਿਹਾ ਕਿ ਜੇ ਫ਼ੈਸਲਾ ਵਾਪਸ ਨਾ ਹੋਇਆ ਤਾਂ ਸੂਬੇ ਭਰ ਵਿਚ ਇਸੇ ਤਰਜ਼ 'ਤੇ ਵਿਆਪਕ ਵਿਰੋਧ ਕੀਤਾ ਜਾਵੇਗਾ |