ਕਪੂਰਥਲਾ, 22 ਮਈ (ਅਮਰਜੀਤ ਕੋਮਲ)-ਦੋਨਾ ਖੇਤਰ ਦੇ ਵੱਡੀ ਗਿਣਤੀ ਵਿਚ ਪਿੰਡਾਂ ਦੇ ਕਿਸਾਨਾਂ ਨੂੰ ਪਿਛਲੇ 5 ਦਿਨਾਂ ਤੋਂ ਲੋੜ ਅਨੁਸਾਰ ਬਿਜਲੀ ਨਾ ਮਿਲਣ ਕਾਰਨ ਉਨ੍ਹਾਂ ਦੀ ਮੱਕੀ ਦੀ ਫ਼ਸਲ ਸੋਕੇ ਦੀ ਮਾਰ ਹੇਠ ਆਉਣ ਕਾਰਨ 30 ਤੋਂ ਲੈ ਕੇ 40 ਪ੍ਰਤੀਸ਼ਤ ਤੱਕ ਫ਼ਸਲ ਪ੍ਰਭਾਵਿਤ ਹੋਈ ਹੈ, ਜਦਕਿ ਪਿਛੇਤੀ ਮੱਕੀ ਦੇ ਖੇਤ ਸੋਕਾ ਲੱਗਣ ਕਾਰਨ ਬਿਲਕੁੱਲ ਹੀ ਸੁੱਕ ਗਏ ਹਨ ਤੇ ਜਿਹੜੀ ਫ਼ਸਲ ਗੋਭ 'ਤੇ ਆਈ ਹੈ ਉਹ ਵੀ ਪਾਣੀ ਨਾ ਮਿਲਣ ਕਾਰਨ ਸੁੱਕ ਰਹੀ ਹੈ, ਪਰ ਪਾਵਰਕਾਮ ਦੇ ਉੱਚ ਅਧਿਕਾਰੀਆਂ ਵਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਾ ਲਏ ਜਾਣ ਕਾਰਨ 3 ਦਰਜਨ ਤੋਂ ਵੱਧ ਪਿੰਡਾਂ ਦੇ ਕਿਸਾਨਾਂ ਵਿਚ ਰੋਸ ਪਾਇਆ ਜਾ ਰਿਹਾ ਹੈ | ਦੋਨਾ ਖੇਤਰ ਦੇ ਉੱਘੇ ਕਿਸਾਨ ਅਮਰਬੀਰ ਸਿੰਘ ਲਾਲੀ, ਦਵਿੰਦਰਬੀਰ ਸਿੰਘ ਚਾਹਲ, ਇੱਛਾ ਸਿੰਘ ਢੋਟ ਬਰਿੰਦਪੁਰ, ਮੇਜਰ ਸਿੰਘ ਕੱਸੋ ਚਾਹਲ, ਮਨਜੀਤ ਸਿੰਘ ਢੋਟ, ਲਖਬੀਰ ਸਿੰਘ ਢੋਟ ਤੇ ਹੋਰ ਪ੍ਰਭਾਵਿਤ ਕਿਸਾਨਾਂ ਨੇ ਦੱਸਿਆ ਕਿ ਪਾਵਰਕਾਮ ਦੇ ਨੰਗਲ ਨਰਾਇਣਗੜ੍ਹ ਬਿਜਲੀ ਸਬ ਸਟੇਸ਼ਨ ਨੂੰ ਡੈਣਵਿੰਡ ਸਬ ਸਟੇਸ਼ਨ ਤੋਂ 66ਕੇਵੀ ਲਾਈਨ ਰਾਹੀਂ ਬਿਜਲੀ ਸਪਲਾਈ ਆਉਂਦੀ ਹੈ ਤੇ ਇਸ ਲਾਈਨ ਵਿਚ 5 ਦਿਨ ਪਹਿਲਾਂ ਫਾਲਟ ਪੈ ਜਾਣ ਕਾਰਨ ਅਜੇ ਤੱਕ ਵੀ ਬਿਜਲੀ ਸਪਲਾਈ ਚਾਲੂ ਨਹੀਂ ਹੋ ਸਕੀ | ਲਗਾਤਾਰ 3 ਦਿਨ ਬਿਜਲੀ ਸਪਲਾਈ ਬੰਦ ਰਹਿਣ ਕਾਰਨ ਮੱਕੀ ਉਤਪਾਦਕ ਕਿਸਾਨਾਂ ਦੀ ਮੁਸ਼ਕਿਲ ਨੂੰ ਮੁੱਖ ਰੱਖਦਿਆਂ ਪਾਵਰਕਾਮ ਵਲੋਂ ਖੁਸਰੋਪੁਰ ਸਬ ਸਟੇਸ਼ਨ ਤੋਂ ਬਦਲਵਾਂ ਪ੍ਰਬੰਧ ਕਰਕੇ ਕਿਸਾਨਾਂ ਨੂੰ 2 ਤੋਂ ਲੈ ਕੇ 3 ਘੰਟੇ ਬਿਜਲੀ ਸਪਲਾਈ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ ਜਿਹੜੇ ਕਿਸਾਨ ਸਰਦੇ ਪੁੱਜਦੇ ਹਨ, ਉਹ ਤਾਂ ਰੋਜ਼ਾਨਾ 5 ਤੋਂ ਲੈ ਕੇ 7 ਹਜ਼ਾਰ ਦਾ ਡੀਜ਼ਲ ਜਨਰੇਟਰ ਰਾਹੀਂ ਬਾਲ ਕੇ ਆਪਣੀ ਮੱਕੀ ਦੀ ਫ਼ਸਲ ਨੂੰ ਬਚਾਉਣ ਲਈ ਯਤਨਸ਼ੀਲ ਹਨ, ਜਦਕਿ ਛੋਟੇ ਕਿਸਾਨਾਂ ਦੀ ਮੱਕੀ ਦੀ ਫ਼ਸਲ ਬਿਲਕੁੱਲ ਹੀ ਤਬਾਹ ਹੋਣ ਕਿਨਾਰੇ ਪਹੁੰਚ ਗਈ ਹੈ, ਕਿਉਂਕਿ ਉਨ੍ਹਾਂ ਕੋਲ ਬਿਜਲੀ ਤੋਂ ਇਲਾਵਾ ਹੋਰ ਕੋਈ ਬਦਲਵਾਂ ਪ੍ਰਬੰਧ ਨਹੀਂ | ਕਿਸਾਨਾਂ ਨੇ ਕਿਹਾ ਕਿ ਨੰਗਲ ਨਰਾਇਣਗੜ੍ਹ ਸਬ ਸਟੇਸ਼ਨ ਤੋਂ ਚੱਲਦੇ ਤਲਵੰਡੀ ਮਹਿੰਮਾ ਫੀਡਰ, ਕੁਤਬਪੁਰ, ਭੇਟਾਂ, ਆਰੀਆਂਵਾਲ, ਮਨਸੂਰਵਾਲ, ਨੱਥੂ ਚਾਹਲ, ਭੰਡਾਲ ਦੋਨਾ, ਕੱਲੂਆਣਾ ਸਾਹਿਬ ਔਜਲਾ, ਖਾਨੋਵਾਲ, ਮਾਧੋ ਝੰਡਾ, ਦੇਸਰਪੁਰ, ਲੱਖ ਵਰਿਆਂ, ਕੱਸੋ ਚਾਹਲ, ਔਜਲਾ ਆਦਿ ਫੀਡਰਾਂ ਤੋਂ ਕਿਸਾਨਾਂ ਨੂੰ ਰੋਜ਼ਾਨਾ 5 ਘੰਟੇ ਬਿਜਲੀ ਸਪਲਾਈ ਦਿੱਤੀ ਜਾਂਦੀ ਸੀ ਤੇ ਕੱਟ ਲੱਗਣ ਦੇ ਬਾਵਜੂਦ ਵੀ ਕਿਸਾਨ ਆਪਣੀ ਪਾਣੀ ਦੀ ਲੋੜ ਪੂਰੀ ਕਰ ਰਹੇ ਸਨ, ਪ੍ਰੰਤੂ ਪਿਛਲੇ 3 ਦਿਨਾਂ ਤੋਂ ਬਿਜਲੀ ਬਿਲਕੁੱਲ ਬੰਦ ਹੋਣ ਕਾਰਨ ਕਿਸਾਨਾਂ ਦੀ ਫ਼ਸਲ ਪੂਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ | ਪ੍ਰਭਾਵਿਤ ਕਿਸਾਨਾਂ ਨੇ ਦੱਸਿਆ ਕਿ ਮੱਕੀ ਦੀ ਫ਼ਸਲ ਪਾਲਣ 'ਤੇ ਹੁਣ ਤੱਕ 30 ਹਜ਼ਾਰ ਰੁਪਏ ਤੋਂ ਵੱਧ ਖ਼ਰਚਾ ਆ ਚੁੱਕਾ ਹੈ ਤੇ ਹੁਣ ਲੋੜ ਅਨੁਸਾਰ ਬਿਜਲੀ ਸਪਲਾਈ ਨਾ ਮਿਲਣ ਕਾਰਨ ਕਿਸਾਨ ਮਹਿੰਗੇ ਭਾਅ ਦਾ ਡੀਜ਼ਲ ਬਾਲਣ ਲਈ ਮਜਬੂਰ ਹਨ | ਉਨ੍ਹਾਂ ਕਿਹਾ ਕਿ ਜਦੋਂ ਸਬੰਧਿਤ ਅਧਿਕਾਰੀਆਂ ਨਾਲ ਬਿਜਲੀ ਸਪਲਾਈ ਸਬੰਧੀ ਗੱਲਬਾਤ ਕਰਦੇ ਹਨ ਤਾਂ ਜਵਾਬ ਮਿਲਦਾ ਹੈ ਕਿ ਅੱਜ ਕੱਲ੍ਹ ਵਿਚ ਪਹਿਲਾਂ ਵਾਂਗ ਬਿਜਲੀ ਸਪਲਾਈ ਮਿਲਣੀ ਸ਼ੁਰੂ ਹੋ ਜਾਵੇਗੀ, ਪਰ ਸਖ਼ਤ ਗਰਮੀ ਪੈਣ ਕਾਰਨ ਮੱਕੀ ਦੀ ਫ਼ਸਲ ਨੂੰ ਲੱਗਾ ਸੋਕਾ ਕਿਸਾਨਾਂ ਦੀਆਂ ਆਸਾਂ 'ਤੇ ਪਾਣੀ ਫੇਰ ਰਿਹਾ ਹੈ | ਕਿਸਾਨਾਂ ਨੇ ਪੰਜਾਬ ਸਰਕਾਰ ਤੇ ਪਾਵਰਕਾਮ ਦੇ ਉੱਚ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਬਿਨ੍ਹਾਂ ਦੇਰੀ ਦੇ ਨੰਗਲ ਨਰਾਇਣਗੜ੍ਹ ਬਿਜਲੀ ਘਰ ਤੋਂ ਇਨ੍ਹਾਂ ਫੀਡਰਾਂ 'ਤੇ ਪੈਂਦੇ ਕਿਸਾਨਾਂ ਨੂੰ ਲੋੜ ਅਨੁਸਾਰ ਬਿਜਲੀ ਸਪਲਾਈ ਨਾ ਦਿੱਤੀ ਗਈ ਤਾਂ ਕਿਸਾਨ ਸਖ਼ਤ ਕਦਮ ਚੁੱਕਣ ਲਈ ਮਜਬੂਰ ਹੋਣਗੇ, ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਤੇ ਪਾਵਰਕਾਮ ਦੇ ਉੱਚ ਅਧਿਕਾਰੀਆਂ ਦੀ ਹੋਵੇਗੀ | ਇਸ ਸਬੰਧੀ ਜਦੋਂ ਪੀ.ਐਂਡ.ਐਮ. ਡਵੀਜ਼ਨ ਕਪੂਰਥਲਾ ਦੇ ਐਸ.ਡੀ.ਓ. ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਡੈਣਵਿੰਡ ਤੋਂ ਨੰਗਲ ਨਰਾਇਣਗੜ੍ਹ ਸਬ ਸਟੇਸ਼ਨ ਨੂੰ ਜਾਂਦੀ 66ਕੇਵੀ ਲਾਈਨ ਕਿਸੇ ਅਣਪਛਾਤੇ ਵਾਹਨ ਦੀ ਲਪੇਟ ਵਿਚ ਆਉਣ ਕਾਰਨ 3-4 ਥਾਵਾਂ ਤੋਂ ਟੁੱਟ ਗਈ ਸੀ ਤੇ ਪੈਸਕੋ ਦੇ ਮੁਲਾਜ਼ਮਾਂ ਦੇ ਹੜਤਾਲ 'ਤੇ ਚਲੇ ਜਾਣ ਕਾਰਨ ਉਹ ਪਿਛਲੇ ਦਿਨਾਂ ਤੋਂ ਪ੍ਰਾਈਵੇਟ ਸਟਾਫ਼ ਲੈ ਕੇ ਲਾਈਨ ਦੀ ਮੁਰੰਮਤ ਕਰਨ ਲਈ ਨਿਰੰਤਰ ਯਤਨਸ਼ੀਲ ਹਨ | ਐਸ.ਡੀ.ਓ. ਨੇ ਰਾਤ ਪੌਣੇ 8 ਵਜੇ ਦੱਸਿਆ ਕਿ 66ਕੇ.ਵੀ. ਲਾਈਨ ਦਾ ਫਾਲਟ ਦੂਰ ਕਰਕੇ ਬਿਜਲੀ ਚਾਲੂ ਕਰ ਦਿੱਤੀ ਹੈ |