06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਭੁਲੱਥ 'ਚ ਕੂੜੇ ਨੂੰ ਲੱਗੀ ਅੱਗ ਨਾਲ ਬਿਜਲੀ ਦੇ ਮੀਟਰ ਹੋਏ ਸੜ ਕੇ ਸੁਆਹ, ਦੁਕਾਨਦਾਰਾਂ ਵਲੋਂ ਕਾਰਵਾਈ ਦੀ ਮੰਗ

Ad Position 21
No active advertisement
ਅਜੀਤ ਡੈਸਕ 23-05-2026
ਭੁਲੱਥ, 22 ਮਈ (ਮਨਜੀਤ ਸਿੰਘ ਰਤਨ)-ਨਗਰ ਪੰਚਾਇਤ ਭੁਲੱਥ ਦੇ ਸਫ਼ਾਈ ਸੇਵਕਾਂ ਦੀ ਹੜਤਾਲ ਕਾਰਨ ਕਸਬੇ ਦੇ ਵੱਖ-ਵੱਖ ਥਾਵਾਂ 'ਤੇ ਇਕੱਠੇ ਹੋਏ ਸੁੱਕੇ ਕੂੜੇ ਨੂੰ ਬੀਤੀ ਰਾਤ ਕਿਸੇ ਸ਼ਰਾਰਤੀ ਅਨਸਰ ਵੱਲੋਂ ਅੱਗ ਲਗਾ ਦਿੱਤੀ ਗਈ, ਜਿਸ ਨਾਲ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ | ਇਸ ਘਟਨਾ ਦੌਰਾਨ ਯੂਕੋ ਬੈਂਕ ਨੇੜੇ ਮੇਨ ਬਾਜ਼ਾਰ ਦੀ ਐਂਟਰੀ ਤੇ ਲੱਗੇ ਬਿਜਲੀ ਮੀਟਰ ਬਕਸਿਆਂ ਨੂੰ ਅੱਗ ਲੱਗ ਗਈ ਜਿਸ ਨਾਲ ਮੀਟਰ ਸੜ ਕੇ ਸੁਆਹ ਹੋ ਗਏ ਅਤੇ ਕੁੱਝ ਦੁਕਾਨਾਂ ਦੇ ਮੀਟਰਾਂ ਤੇ ਤਾਰਾਂ ਨੂੰ ਨੁਕਸਾਨ ਵੀ ਪਹੁੰਚਿਆ | ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ 12 ਵਜੇ ਯੂ.ਕੌ ਬੈਂਕ ਨੇੜੇ ਗਲੀ ਦੀ ਐਂਟਰੀ ਤੇ ਪਏ ਕੂੜੇ ਦੇ ਢੇਰ ਨੂੰ ਅੱਗ ਲੱਗ ਗਈ ਹੈ, ਜਿਸ ਕਾਰਨ ਨੇੜੇ ਲੱਗੇ ਬਿਜਲੀ ਮੀਟਰ ਬਕਸਿਆਂ ਨੂੰ ਵੀ ਭਿਆਨਕ ਅੱਗ ਨੇ ਘੇਰ ਲਿਆ | ਅੱਗ ਦਾ ਪਤਾ ਲਗਦੇ ਹੀ ਮੌਕੇ ਤੇ ਪੁੱਜੇ ਕੁੱਝ ਨੌਜਵਾਨਾਂ ਵੱਲੋਂ ਨਜ਼ਦੀਕੀ ਦੁਕਾਨਦਾਰਾਂ ਅਤੇ ਫਾਇਰ ਬਿ੍ਗੇਡ ਦਫ਼ਤਰ ਭੁਲੱਥ ਨੂੰ ਸੂਚਿਤ ਕੀਤਾ ਗਿਆ | ਮੌਕੇ ਤੇ ਪਹੁੰਚੇ ਨੌਜਵਾਨਾਂ ਨੇ ਦੇਖਿਆ ਕਿ ਮੇਨ ਚੌਂਕ ਨੇੜੇ ਕਚਹਿਰੀ ਦੀ ਕੰਧ ਕੋਲ ਪਏ ਕੂੜੇ ਨੂੰ ਵੀ ਅੱਗ ਲੱਗੀ ਹੋਈ ਸੀ | ਪਹਿਲਾਂ ਨੌਜਵਾਨਾਂ ਅਤੇ ਦੁਕਾਨਦਾਰਾਂ ਨੇ ਨੇੜੇ ਪਈ ਰੇਤ ਬਾਲਟੀਆਂ ਵਿਚ ਪਾ ਕੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ | ਬਾਅਦ ਵਿਚ ਫਾਇਰ ਬਿ੍ਗੇਡ ਟੀਮ ਵੱਲੋਂ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ ਗਿਆ | ਉੱਥੇ ਹੀ ਖੱਸਣ ਰੋਡ 'ਤੇ ਪਾਰਕ ਤੇ ਬੋਹੜ ਸਿੰਘ ਦੇ ਆਰਾ ਨੇੜੇ ਵੀ ਅੱਗ ਲੱਗਣ ਦੀ ਸੂਚਨਾ ਮਿਲੀ, ਜਿੱਥੇ ਫਾਇਰ ਬਿ੍ਗੇਡ ਨੇ ਸਮੇਂ ਸਿਰ ਕਾਰਵਾਈ ਕਰਕੇ ਵੱਡੇ ਨੁਕਸਾਨ ਤੋਂ ਬਚਾਅ ਕੀਤਾ | ਜ਼ਿਕਰਯੋਗ ਹੈ ਕਿ ਜਿਨ੍ਹਾਂ ਥਾਵਾਂ 'ਤੇ ਅੱਗ ਲੱਗੀ, ਉੱਥੇ ਬਿਜਲੀ ਦੇ ਮੀਟਰ ਬਕਸੇ, ਟਰਾਂਸਫ਼ਾਰਮਰ, ਹਾਈ ਪਾਵਰ ਤਾਰਾਂ ਅਤੇ ਨੇੜੇ ਦੁਕਾਨਾਂ ਤੇ ਰਿਹਾਇਸ਼ੀ ਮਕਾਨ ਮੌਜੂਦ ਸਨ | ਜੇਕਰ ਸਮੇਂ ਸਿਰ ਅੱਗ 'ਤੇ ਕਾਬੂ ਨਾ ਪਾਇਆ ਜਾਂਦਾ ਤਾਂ ਵੱਡਾ ਹਾਦਸਾ ਹੋ ਸਕਦਾ ਸੀ | ਇਸ ਸਬੰਧੀ ਦੁਕਾਨਦਾਰ ਤੇ ਵਪਾਰ ਮੰਡਲ ਦੇ ਚੇਅਰਮੈਨ ਲਕਸ਼ ਚੌਧਰੀ (ਕੌਂਸਲਰ) ਅਤੇ ਪ੍ਰਭਾਵਿਤ ਦੁਕਾਨਦਾਰਾਂ ਵੱਲੋਂ ਪਾਵਰਕਾਮ ਦਫ਼ਤਰ ਭੁਲੱਥ ਅਤੇ ਥਾਣਾ ਭੁਲੱਥ ਵਿਖੇ ਲਿਖਤੀ ਸ਼ਿਕਾਇਤ ਦੇ ਕੇ ਅੱਗ ਲਗਾਉਣ ਵਾਲੇ ਵਿਅਕਤੀਆਂ ਦੀ ਭਾਲ ਕਰਕੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ | ਦੂਜੇ ਪਾਸੇ ਐੱਸ.ਡੀ.ਓ. ਵੰਡ ਉਪ ਮੰਡਲ ਭੁਲੱਥ ਦੇ ਹੁਕਮਾਂ 'ਤੇ ਕਰਮਚਾਰੀਆਂ ਵੱਲੋਂ ਬਿਜਲੀ ਸਪਲਾਈ ਮੁੜ ਚਾਲੂ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ | ਇਸ ਮੌਕੇ ਚੇਅਰਮੈਨ ਲਕਸ਼ ਚੌਧਰੀ ਨੇ ਕਿਹਾ ਕਿ ਸਫ਼ਾਈ ਸੇਵਕਾਂ ਦੀ ਹੜਤਾਲ ਖ਼ਤਮ ਹੋ ਚੁੱਕੀ ਹੈ ਅਤੇ ਅੱਜ ਕਸਬੇ ਦਾ ਸਾਰਾ ਕੂੜਾ ਚੁੱਕਿਆ ਜਾਵੇਗਾ | ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਦਾ ਨੁਕਸਾਨ ਕਰਨ ਦੇ ਮਨਸੂਬੇ ਨਾਲ ਜਿਸ ਕਿਸੇ ਨੇ ਵੀ ਇਹ ਸ਼ਰਾਰਤ ਕੀਤੀ ਹੈ ਬਹੁਤ ਸ਼ਰਮਨਾਕ ਹੈ, ਉਸ ਖ਼ਿਲਾਫ਼ ਬਣਦੀ ਕਾਰਵਾਈ ਕਰਵਾਈ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਮਨਰੇਗਾ ਕਰਮਚਾਰੀ 30 ਮਈ ਤੱਕ ਹਰੇਕ ਬਲਾਕ 'ਚ ਕਲਮ ਛੋੜ ਹੜਤਾਲ ਕਰ ਕੇ ਧਰਨੇ ਦੇਣਗੇ-ਰਾਮਦਿੱਤਾ ਅਗਲੀ ਖ਼ਬਰ ਨਸ਼ੇ ਦਾ ਸੇਵਨ ਕਰਨ ਵਾਲਾ ਇੱਕ ਕਾਬੂ
Ad Position 24
No active advertisement