ਖਲਵਾੜਾ, 23 ਮਈ (ਮਨਦੀਪ ਸਿੰਘ ਸੰਧੂ)-ਦਰਬਾਰ ਬਾਬਾ ਖੇੜੀ ਵਾਲੀ ਸਰਕਾਰ ਪਿੰਡ ਮਲਕਪੁਰ ਤਹਿਸੀਲ ਫਗਵਾੜਾ ਵਿਖੇ 28 ਤੇ 29 ਮਈ ਨੂੰ ਕਰਵਾਏ ਜਾ ਰਹੇ ਸਾਲਾਨਾ ਜੋੜ ਮੇਲੇ ਦੀਆਂ ਤਿਆਰੀਆਂ ਅੰਤਿਮ ਦੌਰ ਵਿਚ ਹਨ | ਵਧੇਰੇ ਜਾਣਕਾਰੀ ਦਿੰਦਿਆਂ ਕਮੇਟੀ ਪ੍ਰਧਾਨ ਪਰਮਿੰਦਰ ਸਿੰਘ ਘੁੰਮਣ ਨੇ ਦੱਸਿਆ ਕਿ ਗ੍ਰਾਮ ਪੰਚਾਇਤ, ਐਨ.ਆਰ.ਆਈ. ਵੀਰਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਉਤਸ਼ਾਹ ਨਾਲ ਕਰਵਾਏ ਜਾ ਰਹੇ ਸਾਲਾਨਾ ਜੋੜ ਮੇਲੇ ਦੇ ਪਹਿਲੇ ਦਿਨ ਵੀਰਵਾਰ 28 ਮਈ ਨੂੰ ਝੰਡੇ, ਚਾਦਰ ਤੇ ਚਿਰਾਗ਼ ਦੀ ਰਸਮ ਨਿਭਾਈ ਜਾਵੇਗੀ | ਸ਼ਾਮ ਨੂੰ ਨੱਕਾਲ ਪਾਰਟੀ ਵਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ | ਦੂਸਰੇ ਦਿਨ 29 ਮਈ ਸ਼ੁੱਕਰਵਾਰ ਨੂੰ ਸੱਭਿਆਚਾਰਕ ਸਟੇਜ ਸਜਾਈ ਜਾਵੇਗੀ ਜਿਸ ਵਿਚ ਪ੍ਰਸਿੱਧ ਗਾਇਕ ਪਰਵੇਜ਼ ਆਲਮ ਭਰਪੂਰ ਹਾਜ਼ਰੀ ਲਗਵਾਉਣਗੇ | ਉਪਰੰਤ ਸਾਲਾਨਾ ਛਿੰਝ ਕਰਵਾਈ ਜਾਵੇਗੀ | ਜੋੜ ਮੇਲੇ ਦੌਰਾਨ ਚਾਹ ਪਕੌੜੇ, ਜਲੇਬੀਆਂ ਅਤੇ ਲੰਗਰ ਦੀ ਸੇਵਾ ਅਤੁੱਟ ਵਰਤਾਈ ਜਾਵੇਗੀ | ਉਨ੍ਹਾਂ ਸਮੂਹ ਸੰਗਤਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਇਸ ਸਾਲਾਨਾ ਜੋੜ ਮੇਲੇ ਵਿਚ ਪਰਿਵਾਰਾਂ ਸਮੇਤ ਹਾਜ਼ਰੀ ਲਗਵਾ ਕੇ ਬਾਬਾ ਖੇੜੀ ਵਾਲੀ ਸਰਕਾਰ ਦਾ ਅਸ਼ੀਰਵਾਦ ਪ੍ਰਾਪਤ ਕਰਨ | ਇਸ ਮੌਕੇ ਭੁਪਿੰਦਰ ਸਿੰਘ ਭਿੰਦਾ, ਸੰਤੋਖ ਸਿੰਘ, ਬਿੰਦਰ ਪਾਲ, ਹਰਦੀਪ ਸਿੰਘ ਘੁੰਮਣ, ਗੁਰਮਿੰਦਰ ਸਿੰਘ ਘੁੰਮਣ, ਜੋਗਾ ਸਿੰਘ, ਹਰਦੀਪ ਸਿੰਘ, ਗੁਰਪ੍ਰੀਤ ਸਿੰਘ, ਸੰਦੀਪ ਸਿੰਘ, ਗੁਰਨਾਮ ਸਿੰਘ, ਮਨਪ੍ਰੀਤ ਸਿੰਘ ਅਤੇ ਲਾਲੀ ਪਹਿਲਵਾਨ ਆਦਿ ਹਾਜ਼ਰ ਸਨ |