ਕਪੂਰਥਲਾ, 24 ਮਈ (ਅਮਰਜੀਤ ਕੋਮਲ)-ਨਗਰ ਨਿਗਮ ਕਪੂਰਥਲਾ ਤੇ ਨਗਰ ਕੌਂਸਲ ਸੁਲਤਾਨਪੁਰ ਲੋਧੀ ਦੀ 26 ਮਈ ਨੂੰ ਹੋਣ ਵਾਲੀ ਚੋਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਅਕਾਸ਼ ਬਾਂਸਲ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਕਪੂਰਥਲਾ ਨੇ ਦੱਸਿਆ ਕਿ ਨਗਰ ਨਿਗਮ ਕਪੂਰਥਲਾ ਦੇ 50 ਵਾਰਡਾਂ ਵਿਚ 86 ਤੇ ਨਗਰ ਕੌਂਸਲ ਸੁਲਤਾਨਪੁਰ ਲੋਧੀ ਦੇ 13 ਵਾਰਡਾਂ ਵਿਚ 16 ਪੋਿਲੰਗ ਬੂਥ ਬਣਾਏ ਗਏ ਹਨ ਤੇ ਚੋਣ ਪ੍ਰਕਿਰਿਆ ਨੂੰ ਸੁਚਾਰੂ ਤਰੀਕੇ ਨਾਲ ਨੇਪਰੇ ਚੜ੍ਹਾਉਣ ਲਈ 700 ਦੇ ਕਰੀਬ ਚੋਣ ਅਮਲੇ ਦੀ ਡਿਊਟੀ ਲਗਾਈ ਗਈ ਹੈ | ਉਨ੍ਹਾਂ ਕਿਹਾ ਕਿ ਵੋਟਾਂ ਸਬੰਧੀ ਅੱਜ ਸ਼ਾਮ 5 ਵਜੇ ਚੋਣ ਪ੍ਰਚਾਰ ਖ਼ਤਮ ਹੋ ਗਿਆ ਹੈ ਤੇ 25 ਮਈ ਨੂੰ ਵਿਰਸਾ ਵਿਹਾਰ ਕਪੂਰਥਲਾ ਤੋਂ ਚੋਣ ਅਮਲੇ ਨੂੰ ਬੈਲਟ ਬਾਕਸ ਤੇ ਹੋਰ ਚੋਣ ਸਮੱਗਰੀ ਦੇ ਕੇ ਕਪੂਰਥਲਾ ਸ਼ਹਿਰ ਦੇ ਵੱਖ-ਵੱਖ ਪੋਿਲੰਗ ਬੂਥਾਂ ਲਈ ਰਵਾਨਾ ਕੀਤਾ ਜਾਵੇਗਾ | ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ 26 ਮਈ ਦਿਨ ਮੰਗਲਵਾਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਵੋਟਾਂ ਪੈਣਗੀਆਂ | ਉਨ੍ਹਾਂ ਕਿਹਾ ਕਿ ਨਗਰ ਨਿਗਮ ਕਪੂਰਥਲਾ ਲਈ ਪਈਆਂ ਵੋਟਾਂ ਦੀ ਗਿਣਤੀ 29 ਮਈ ਨੂੰ ਵਿਰਸਾ ਵਿਹਾਰ ਕਪੂਰਥਲਾ ਤੇ ਨਗਰ ਕੌਂਸਲ ਸੁਲਤਾਨਪੁਰ ਲੋਧੀ ਲਈ ਪਈਆਂ ਵੋਟਾਂ ਦੀ ਗਿਣਤੀ ਬੀ.ਡੀ.ਪੀ.ਓ. ਦਫ਼ਤਰ ਸੁਲਤਾਨਪੁਰ ਲੋਧੀ ਵਿਚ ਹੋਵੇਗੀ | ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ ਕਰਵਾਉਣ ਵਾਲੇ ਸਟਾਫ਼ ਦੀ ਵੀ ਡਿਊਟੀ ਲਗਾ ਦਿੱਤੀ ਗਈ ਹੈ | ਇੱਥੇ ਵਰਨਣਯੋਗ ਹੈ ਕਿ ਨਗਰ ਨਿਗਮ ਕਪੂਰਥਲਾ ਤੇ ਨਗਰ ਕੌਂਸਲ ਸੁਲਤਾਨਪੁਰ ਲੋਧੀ ਦੀ ਚੋਣ ਵਿਚ 86658 ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ | ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਵਲੋਂ ਵੀ ਚੋਣਾਂ ਅਮਨ ਅਮਾਨ ਤੇ ਬਿਨ੍ਹਾਂ ਕਿਸੇ ਡਰ ਭੈਅ ਦੇ ਕਰਵਾਉਣ ਲਈ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ |