ਨਡਾਲਾ, 24 ਮਈ (ਰਘਬਿੰਦਰ ਸਿੰਘ)-ਕਸਬਾ ਨਡਾਲਾ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਬਿਜਲੀ ਦੀ ਮਾੜੀ ਸਪਲਾਈ ਕਾਰਨ ਲੋਕਾਂ ਦਾ ਜੀਣਾ ਮੁਸ਼ਕਲ ਹੋ ਗਿਆ ਹੈ | ਬੀਤੀ ਰਾਤ ਸਾਰੀ ਰਾਤ ਬਿਜਲੀ ਬੰਦ ਰਹਿਣ ਕਾਰਨ ਲੋਕ ਗਰਮੀ ਵਿਚ ਤੜਫਦੇ ਰਹੇ | ਉੱਪਰੋਂ ਦਿਨ ਵੇਲੇ ਵੀ ਬਿਜਲੀ ਵਾਰ-ਵਾਰ ਗਾਇਬ ਹੋਣ ਕਰਕੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਭਿਆਨਕ ਗਰਮੀ ਦੇ ਇਸ ਮੌਸਮ ਵਿਚ ਬਿਜਲੀ ਦੇ ਵਾਰ-ਵਾਰ ਕੱਟ ਲੱਗਣ ਕਾਰਨ ਇਨਵਰਟਰ ਵੀ ਜਵਾਬ ਦੇ ਗਏ, ਘਰਾਂ ਵਿਚ ਲੱਗੀਆਂ ਪਾਣੀ ਵਾਲੀਆਂ ਟੈਂਕੀਆਂ ਖਾਲੀ ਹੋ ਗਈਆਂ, ਜਿਸ ਕਾਰਨ ਲੋਕ ਪੀਣ ਵਾਲੇ ਪਾਣੀ ਲਈ ਵੀ ਤਰਸਦੇ ਰਹੇ ਹਾਲਾਤ ਇਹ ਬਣ ਗਏ ਕਿ ਲੋਕਾਂ ਨੂੰ ਪੱਖੀਆਂ ਝੱਲ ਕੇ ਗਰਮੀ ਕੱਟਣੀ ਪਈ | ਇਲਾਕਾ ਨਿਵਾਸੀਆਂ ਨੇ ਰੋਸ ਜਤਾਉਂਦਿਆਂ ਕਿਹਾ ਕਿ ਇੱਕ ਪਾਸੇ ਸਰਕਾਰ ਵੱਲੋਂ ਲੋਕਾਂ ਨੂੰ ਵਧੀਆ ਸਹੂਲਤਾਂ ਦੇਣ ਦੇ ਦਾਅਵੇ ਕੀਤੇ ਜਾਂਦੇ ਹਨ, ਪਰ ਦੂਜੇ ਪਾਸੇ ਨਡਾਲਾ ਵਿਚ ਬਿਜਲੀ ਪ੍ਰਬੰਧ ਪੂਰੀ ਤਰ੍ਹਾਂ ਫ਼ੇਲ੍ਹ ਨਜ਼ਰ ਆ ਰਿਹਾ ਹੈ | ਲੋਕਾਂ ਨੇ ਦੱਸਿਆ ਕਿ ਬਿਜਲੀ ਦੇ ਲਗਾਤਾਰ ਕੱਟਾਂ ਕਾਰਨ ਬੱਚਿਆਂ ਦੀ ਪੜ੍ਹਾਈ, ਦੁਕਾਨਦਾਰਾਂ ਦਾ ਕੰਮਕਾਜ ਅਤੇ ਘਰੇਲੂ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ | ਲੋਕਾਂ ਦਾ ਕਹਿਣਾ ਹੈ ਕਿ ਜੇਕਰ ਇਹੀ ਹਾਲਾਤ ਰਹੇ ਤਾਂ ਆਉਣ ਵਾਲੇ ਦਿਨਾਂ ਵਿਚ ਲੋਕਾਂ ਦਾ ਗੁੱਸਾ ਹੋਰ ਵੱਧ ਸਕਦਾ ਹੈ | ਇਲਾਕਾ ਵਾਸੀਆਂ ਨੇ ਬਿਜਲੀ ਵਿਭਾਗ ਅਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਨਡਾਲਾ ਵਿਚ ਬਿਜਲੀ ਸਪਲਾਈ ਨੂੰ ਤੁਰੰਤ ਸੁਧਾਰਿਆ ਜਾਵੇ ਤਾਂ ਜੋ ਲੋਕਾਂ ਨੂੰ ਇਸ ਭਿਆਨਕ ਗਰਮੀ ਤੋਂ ਕੁਝ ਰਾਹਤ ਮਿਲ ਸਕੇ | ਇਸ ਸਬੰਧੀ ਜਦੋਂ ਬਿਜਲੀ ਵਿਭਾਗ ਦੇ ਐਸ.ਡੀ.ਓ. ਕੁਲਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਰਾਤ ਹਨੇਰੀ ਨਾਲ ਕੁਝ ਫਾਲਟ ਪੈ ਗਏ ਸਨ ਤੇ ਇਕ ਨਡਾਲਾ ਦੇ ਖਜੂਰਾਂ ਵਾਲੇ ਮੱਲੇ ਟਰਾਂਸਫਾਰਮਰ ਬਦਲਣਾ ਸੀ ਜਿਸ ਕਰਕੇ ਖਪਤਕਾਰਾਂ ਨੂੰ ਇਸ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ |