ਫਗਵਾੜਾ, 21 ਮਈ (ਚਾਨਾ)- ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਕਪੂਰਥਲਾ ਵਲੋਂ ਪਿੰਡ ਪੰਡੋਰੀ ਵਿਖੇ ਕਾਨੂੰਨੀ ਸਹਾਇਤਾ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਜਿਸ ਤਹਿਤ ਲੀਗਲ ਸਲਾਹਕਾਰ ਸੁਰਿੰਦਰਪਾਲ ਸਿੰਘ, ਐਡਵੋਕੇਟ ਰਜਨੀ ਬਾਲਾ ਤੇ ਹੋਰਨਾਂ ਨੇ ਹਾਜ਼ਰੀਨ ਨੂੰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਕਪੂਰਥਲਾ ਵਲੋਂ ਦਿੱਤੀਆਂ ਜਾ ਰਹੀਆਂ ਕਾਨੂੰਨੀ ਸੇਵਾਵਾਂ ਪ੍ਰਤੀ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਕਪੂਰਥਲਾ ਵਲੋਂ ਸਮਾਜ ਦੇ ਪਿਛਲੇ ਅਤੇ ਕਮਜ਼ੋਰ ਵਰਗਾਂ ਦੇ ਲੋਕਾਂ ਦੇ ਕਾਨੂੰਨੀ ਹੱਕਾਂ ਦੀ ਰਾਖੀ ਲਈ ਮੁਫ਼ਤ ਸਹਾਇਤਾ ਪ੍ਰਦਾਨ ਕਰਦੀ ਹੈ | ਉਨ੍ਹਾਂ ਦੱਸਿਆ ਕਿ ਮੁਫ਼ਤ ਕਾਨੂੰਨੀ ਸਹਾਇਤਾ ਦੌਰਾਨ ਅਦਾਲਤਾਂ 'ਚ ਵਕੀਲਾਂ ਦੀ ਫ਼ਰੀ ਸੇਵਾ, ਕੋਰਟ ਫ਼ੀਸ, ਤਲਵਾਨਾ ਫ਼ੀਸ, ਗਵਾਹਾਂ ਦੇ ਖ਼ਰਚੇ ਅਤੇ ਅਦਾਲਤੀ ਚਾਰਾਜੋਈ ਦੇ ਸਾਰੇ ਖ਼ਰਚੇ ਮਾਫ਼ ਕੀਤੇ ਜਾਂਦੇ ਹਨ | ਉਨ੍ਹਾਂ ਦੱਸਿਆ ਕਿ ਇਸ ਸੈਮੀਨਾਰ ਦਾ ਮਕਸਦ ਮੁਫ਼ਤ ਕਾਨੂੰਨੀ ਸੇਵਾਵਾਂ ਦੀ ਜਾਣਕਾਰੀ ਵੱਧ ਤੋਂ ਵੱਧ ਲੋਕਾਂ ਤੱਕ ਪਹੰੁਚਾਉਣਾ ਹੈ ਤਾਂ ਜੋ ਕੋਈ ਵੀ ਲੋੜਵੰਦ ਇਹਨਾਂ ਸਹੂਲਤਾਂ ਦੀ ਜਾਣਕਾਰੀ ਦੀ ਘਾਟ ਵਿਚ ਨਿਆਂ ਹਾਸਲ ਕਰਨ ਤੋਂ ਵਾਂਝਾ ਨਾ ਰਹੇ | ਇਸ ਮੌਕੇ ਪ੍ਰੇਮ ਕੁਮਾਰ ਪੰਚ, ਗੱਗੀ, ਗੁਰਸ਼ਰਨ ਸਿੰਘ, ਨੀਲਮ ਰਾਣੀ, ਤੋਸ਼ੀ ਰਾਣੀ, ਗੁਰਬਚਨਾ ਰਾਮ, ਸੁਰਜੀਤ ਕੌਰ, ਗੀਤਾ ਰਾਣੀ, ਕਾਂਤਾ ਰਾਣੀ, ਰਾਮ ਲੁਭਾਈ ਆਦਿ ਸ਼ਾਮਿਲ ਸਨ |