ਕਪੂਰਥਲਾ, 27 ਮਈ (ਅਮਨਜੋਤ ਸਿੰਘ ਵਾਲੀਆ)-ਬੀਤੇ ਕੁੱਝ ਮਹੀਨੇ ਪਹਿਲਾਂ ਜ਼ਖ਼ਮੀ ਹੋਏ ਵਿਅਕਤੀ ਦੀ ਹਸਪਤਾਲ ਵਿਚ ਅੱਜ ਇਲਾਜ ਦੌਰਾਨ ਮੌਤ ਹੋ ਜਾਣ ਦੇ ਰੋਸ ਵਜੋਂ ਪਰਿਵਾਰਕ ਮੈਂਬਰਾਂ ਨੇ ਨਕੋਦਰ ਰੋਡ 'ਤੇ ਇਕ ਨਿੱਜੀ ਫ਼ੈਕਟਰੀ ਦੇ ਬਾਹਰ ਤਿੰਨ ਘੰਟੇ ਚੱਕਾ ਜਾਮ ਕਰਕੇ ਰੋਸ ਮੁਜ਼ਾਹਰਾ ਕੀਤਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਗਾਇਤਰੀ ਨੇ ਦੱਸਿਆ ਕਿ ਉਸ ਦਾ ਪਤੀ ਰਾਮੂ ਪੁੱਤਰ ਰਾਮ ਭਗਤ ਵਾਸੀ ਦੀਪ ਨਗਰ ਜੋ ਕਿ ਉਕਤ ਫ਼ੈਕਟਰੀ ਵਿਚ ਮਜ਼ਦੂਰੀ ਦਾ ਕੰਮ ਕਰਦਾ ਸੀ ਬੀਤੇ ਕੁੱਝ ਮਹੀਨੇ ਪਹਿਲਾਂ ਫ਼ੈਕਟਰੀ ਵਰਕਰ ਨਾਲ ਹੋਈ ਲੜਾਈ ਦੌਰਾਨ ਉਹ ਜ਼ਖ਼ਮੀ ਹੋ ਗਿਆ ਸੀ ਅਤੇ ਅੱਜ ਜਲੰਧਰ ਦੇ ਨਿੱਜੀ ਹਸਪਤਾਲ ਵਿਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ, ਜਿਸ ਦੇ ਰੋਸ ਵਜੋਂ ਅੱਜ ਪਰਿਵਾਰਕ ਮੈਂਬਰਾਂ ਨੇ ਨਕੋਦਰ ਰੋਡ 'ਤੇ ਸਥਿਤ ਨਿੱਜੀ ਫ਼ੈਕਟਰੀ ਦੇ ਬਾਹਰ ਚੱਕਾ ਜਾਮ ਕਰਕੇ ਤਿੰਨ ਘੰਟੇ ਰੋਸ ਮੁਜ਼ਾਹਰਾ ਕੀਤਾ ਗਿਆ | ਮੌਕੇ 'ਤੇ ਪਹੁੰਚੇ ਥਾਣਾ ਸਿਟੀ ਦੇ ਐਸ.ਐਚ.ਓ. ਅਮਨਦੀਪ ਨਾਹਰ ਤੇ ਹੋਰ ਪ੍ਰਮੁੱਖ ਵਿਅਕਤੀਆਂ ਨੇ ਦੋਵਾਂ ਧਿਰਾਂ ਦਾ ਰਾਜ਼ੀਨਾਮਾ ਕਰਵਾ ਕੇ ਰੋਸ ਧਰਨਾ ਚੁਕਵਾ ਦਿੱਤਾ ਗਿਆ ਹੈ |