ਕਪੂਰਥਲਾ, 27 ਮਈ (ਅਮਰਜੀਤ ਕੋਮਲ)- ਕਾਂਗਰਸ ਨਾਲ ਸਬੰਧਿਤ ਨਗਰ ਨਿਗਮ ਦੀ ਚੋਣ ਲੜ ਰਹੇ ਤਿੰਨ ਉਮੀਦਵਾਰਾਂ ਦੀਪਕ ਸਲਵਾਨ, ਵਿਨੋਦ ਸੂਦ, ਰਾਜਬੀਰ ਸਿੰਘ ਬਾਵਾ ਤੇ ਕਾਂਗਰਸ ਆਗੂ ਮਨਜਿੰਦਰ ਸਿੰਘ ਸਾਹੀ ਨੇ ਪੰਜਾਬ ਰਾਜ ਚੋਣ ਕਮਿਸ਼ਨ ਨੂੰ ਇਕ ਲਿਖਤੀ ਸ਼ਿਕਾਇਤ ਭੇਜ ਕੇ ਮੰਗ ਕੀਤੀ ਕਿ ਨਗਰ ਨਿਗਮ ਕਪੂਰਥਲਾ ਦੀ ਚੋਣ ਤੋਂ ਬਾਅਦ ਵਿਰਸਾ ਵਿਹਾਰ ਕਪੂਰਥਲਾ ਵਿਚ ਪ੍ਰਸ਼ਾਸਨ ਵਲੋਂ ਬਣਾਏ ਗਏ ਸ਼ਟਰਾਂਗ ਰੂਮ ਵਿਚ ਬੈਲਟ ਬਕਸੇ ਰੱਖ ਕੇ ਸੀਲ ਕੀਤੇ ਜਾਣ ਤੋਂ ਬਾਅਦ ਬੀਤੀ ਰਾਤ 9:20 ਮਿੰਟ 'ਤੇ ਆਪ ਦੇ ਹਲਕਾ ਇੰਚਾਰਜ ਐਡਵੋਕੇਟ ਕਰਮਬੀਰ ਸਿੰਘ ਚੰਦੀ ਵਲੋਂ ਸ਼ਟਰਾਂਗ ਰੂਮ ਵਿਚ ਦਾਖਲ ਹੋਣ ਦੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਕੇ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ | ਸ਼ਿਕਾਇਤ ਵਿਚ ਕਾਂਗਰਸ ਉਮੀਦਵਾਰਾਂ ਨੇ ਕਿਹਾ ਕਿ ਸ਼ਟਰਾਂਗ ਰੂਮ ਵਿਚ ਜਦੋਂ ਸਾਰੇ ਬੈਲਟ ਬਾਕਸ ਸੀਲ ਕਰਕੇ ਸਟੋਰ ਕੀਤੇ ਜਾ ਚੁੱਕੇ ਸਨ ਤਾਂ ਉਸਤੋਂ ਬਾਅਦ ਕਿਸੇ ਵੀ ਅਣਅਧਿਕਾਰਤ ਵਿਅਕਤੀ ਨੂੰ ਇਸ ਖੇਤਰ ਵਿਚ ਦਾਖਲ ਹੋਣ ਦੀ ਆਗਿਆ ਨਹੀਂ ਹੁੰਦੀ, ਜਦੋਂ ਆਪ ਦੇ ਹਲਕਾ ਇੰਚਾਰਜ ਸ਼ਟਰਾਂਗ ਰੂਮ ਵਿਚ ਦਾਖਲ ਹੋਏ ਤਾਂ ਉਸ ਸਮੇਂ ਨਾ ਰਿਟਰਨਿੰਗ ਅਫ਼ਸਰ ਸੀ ਤੇ ਨਾ ਹੀ ਕਪੂਰਥਲਾ ਦੀ ਐਸ.ਡੀ.ਐਮ./ਚੋਣ ਇੰਚਾਰਜ ਮੌਜੂਦ ਸਨ | ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ ਕਿ ਸ਼ਟਰਾਂਗ ਰੂਮ ਦੇ ਬਾਹਰ ਤਾਇਨਾਤ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਆਪ ਦੇ ਹਲਕਾ ਇੰਚਾਰਜ ਨੂੰ ਇਸ ਪਾਬੰਦੀਸ਼ੁਦਾ ਖੇਤਰ ਵਿਚ ਦਾਖ਼ਲ ਹੋਣ ਦੀ ਇਜਾਜ਼ਤ ਦਿੱਤੀ ਜਾਂ ਉਹ ਜ਼ਬਰਦਸਤੀ ਸ਼ਟਰਾਂਗ ਰੂਮ ਵਿਚ ਦਾਖਲ ਹੋਏ | ਇਸ ਘਟਨਾ ਨੇ ਨਗਰ ਨਿਗਮ ਦੀ ਚੋਣ ਲੜ ਰਹੇ ਉਮੀਦਵਾਰਾਂ ਤੇ ਆਮ ਲੋਕਾਂ ਦੇ ਮਨਾ ਵਿਚ ਚੋਣ ਪ੍ਰਕਿਰਿਆ ਦੀ ਨਿਰਪੱਖਤਾ ਤੇ ਪਾਰਦਰਸ਼ਤਾ 'ਤੇ ਪ੍ਰਸ਼ਨ ਚਿੰਨ੍ਹ ਲਗਾਇਆ ਹੈ | ਉਨ੍ਹਾਂ ਕਿਹਾ ਕਿ ਜਦੋਂ ਬੈਲਟ ਬਾਕਸ ਤੇ ਹੋਰ ਸਮੱਗਰੀ ਸ਼ਟਰਾਂਗ ਰੂਮ ਅੰਦਰ ਸਟੋਰ ਕਰਕੇ ਸੀਲ ਕਰ ਦਿੱਤੀ ਗਈ ਸੀ ਤਾਂ ਉਸ ਸਮੇਂ ਕਿਸੇ ਸਿਆਸੀ ਪਾਰਟੀ ਦੇ ਆਗੂ ਨੂੰ ਸ਼ਟਰਾਂਗ ਰੂਮ ਵਿਚ ਅਣ-ਅਧਿਕਾਰਤ ਤੌਰ 'ਤੇ ਦਾਖਲ ਹੋਣ ਦਾ ਮਾਮਲਾ ਪੁਲਿਸ ਤੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਸਵਾਲ ਖੜੇ ਕਰਦਾ ਹੈ |