ਖਲਵਾੜਾ, 29 ਮਈ (ਮਨਦੀਪ ਸਿੰਘ ਸੰਧੂ)-ਪਿੰਡ ਢੱਕ ਪੰਡੋਰੀ ਵਿਖੇ ਨਗਰ ਤੇ ਗਰਾਮ ਯੋਜਨਾਬੰਦੀ ਵਿਭਾਗ ਪੰਜਾਬ ਵੱਲੋਂ ਰੋਕ ਲਗਾਏ ਜਾਣ ਦੇ ਬਾਵਜੂਦ ਵੀ ਨਜਾਇਜ਼ ਕਲੋਨੀ ਕੱਟੀ ਜਾ ਰਹੀ ਹੈ ਤੇ ਮਹਿਕਮੇ ਵੱਲੋਂ ਕੱਟੀ ਜਾ ਰਹੀ ਕਲੋਨੀ ਦੇ ਮੁੱਖ ਦੁਆਰ ਤੇ ਲਗਾਏ ਗਏ ਨੋਟਿਸ ਨੂੰ ਉਤਾਰ ਕੇ ਠੇਕੇਦਾਰ ਵੱਲੋਂ ਧੜਾਧੜ ਪਲਾਟ ਕੱਟੇ ਜਾ ਰਹੇ ਹਨ | ਗ੍ਰਾਮ ਪੰਚਾਇਤ ਪਿੰਡ ਢੱਕ ਪੰਡੋਰੀ ਤਹਿ ਫਗਵਾੜਾ ਜ਼ਿਲ੍ਹਾ ਕਪੂਰਥਲਾ ਦੇ ਸਰਪੰਚ ਵਿਜੇ ਪੰਡੋਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਡੇ ਪਿੰਡ ਵਿਚ ਦੱਖਣ ਸਾਈਡ ਤੇ ਫ਼ਤਿਹਗੜ੍ਹ ਰੋੜ ਤੇ ਲੁਧਿਆਣੇ ਦੇ ਰਹਿਣ ਵਾਲੇ ਕਿਸੇ ਡੀਲਰ ਵੱਲੋਂ ਮੁੱਲ ਜ਼ਮੀਨ ਲੈ ਕੇ ਉਸ ਦੀ ਕਲੋਨੀ ਕੱਟ ਕੇ ਵੇਚੀ ਜਾ ਰਹੀ ਹੈ ਜਿਸ ਦੀ ਮਿਣਤੀ 225 ਫੁੱਟ ਮਰਲਾ ਹੈ ਜਦ ਕਿ ਸਾਡੇ ਪਿੰਡ ਦੀ ਮਿਣਤੀ 272 ਫੁੱਟ ਮਰਲੇ ਵਾਲੀ ਚੱਲਦੀ ਹੈ ਤੇ ਪਲਾਟ ਕੱਟਣ ਵਾਲੀ ਜ਼ਮੀਨ ਤੇ ਨਾ ਤਾਂ ਸੀਵਰੇਜ ਦਾ ਪ੍ਰਬੰਧ ਹੈ ਨਾ ਹੀ ਲਾਈਟਾਂ ਤੇ ਨਾ ਹੀ ਪੱਕੀ ਸੜਕ ਦੀ ਸੁਵਿਧਾ ਹੈ | ਜੇਕਰ ਇਹ ਸਾਰੀਆਂ ਸਹੂਲਤਾਂ ਡੀਲਰ ਪਲਾਟ ਖ਼ਰੀਦਣ ਵਾਲਿਆਂ ਨੂੰ ਨਹੀਂ ਦਿੰਦਾ ਤਾਂ ਉਸ ਦੇ ਪਲਾਟ ਵੇਚਣ ਤੇ ਪਾਬੰਦੀ ਲਗਾਈ ਜਾਵੇ | ਜੇਕਰ ਡੀਲਰ ਦੇ ਪਲਾਟ ਵੇਚਣ ਤੇ ਪਾਬੰਦੀ ਨਾ ਲਗਾਈ ਗਈ ਤਾਂ ਕੁੱਝ ਸਮੇਂ ਬਾਅਦ ਪਲਾਟ ਖ਼ਰੀਦਣ ਵਾਲਿਆਂ ਵਲੋਂ ਪੰਚਾਇਤ ਤੇ ਸੜਕ, ਸੀਵਰੇਜ, ਪਾਣੀ ਤੇ ਲਾਈਟਾਂ ਲਗਵਾ ਕੇ ਦੇਣ ਲਈ ਮੰਗ ਰੱਖੀ ਜਾਵੇਗੀ, ਜਿਸ ਤੇ ਸਰਕਾਰ ਦਾ 20 ਲੱਖ ਦੇ ਕਰੀਬ ਖਰਚਾ ਆ ਜਾਵੇਗਾ ਜੋ ਕੇ ਨਜਾਇਜ਼ ਹੋਵੇਗਾ | ਉਨ੍ਹਾਂ ਕਿਹਾ ਕਿ ਅੱਜ ਅਧਿਕਾਰਤ ਉਸਾਰੀ ਕਰਕੇ ਮਾਸਟਰ ਪਲੈਨ ਕਪੂਰਥਲਾ ਅਤੇ ਦੀ ਪੰਜਾਬ ਰਿਜਨਲ ਟਾਊਨ ਪਲੈਨਿੰਗ ਐਂਡ ਡਿਵੈਲਪਮੈਂਟ ਐਕਟ 1995 ਦੀ ਧਾਰਾ 80/81 ਦੀ ਉਲੰਘਣਾ ਕੀਤੀ ਜਾਂਦੀ ਹੈ | ਉਕਤ ਐਕਟ ਅਨੁਸਾਰ ਕਿਸੇ ਵੀ ਇਲਾਕੇ ਵਿਚ ਮਾਸਟਰ ਪਲੈਨ/ਲੇਕਨ ਪਲੈਨਿਗ ਏਰੀਏ ਹੋਰ ਵਿਚ ਆਉਣ ਤੋਂ ਬਾਅਦ ਉਸ ਇਲਾਕੇ ਵਿਚ ਪੈਂਦੀ ਕਿਸੇ ਵੀ ਜਗ੍ਹਾ ਉੱਪਰ ਸਮਰੱਥ ਅਧਿਕਾਰੀ ਤੋਂ ਸਾਈਟ ਦੀ ਪ੍ਰਵਾਨਗੀ ਅਤੇ ਨਕਗਾ/ਬਿਨਚਿੰਗ ਪਲੈਨ ਪਾਸ ਕਰਵਾਉਣ ਉਪਰੰਤ ਹੀ ਉਸਾਰੀ ਕੀਤੀ ਜਾ ਸਕਦੀ ਹੈ, ਪ੍ਰੰਤੂ ਠੇਕੇਦਾਰ ਵਲੋਂ 1995 ਐਕਟ ਦੀ ਧਾਰਾ 88 ਤਹਿਤ ਸਾਈਟ ਤੇ ਕੰਮ ਕਰ ਰਹੇ ਮਜ਼ਦੂਰਾਂ ਅਤੇ ਮਸ਼ੀਨਰੀ ਨੂੰ ਤੁਰੰਤ ਇਸ ਜਗ੍ਹਾ ਤੋਂ ਨਾ ਹਟਾਇਆ ਗਿਆ ਤਾਂ ਐਕਟ ਦੀ ਧਾਰਾ (4)88 ਤਹਿਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਸਾਈਟ ਤੇ ਚੱਲ ਰਹੇ ਕੰਮਾਂ ਨੂੰ ਬੰਦ ਕਰਵਾ ਕੇ ਮਸ਼ੀਨਰੀ ਜ਼ਬਤ ਕੀਤੀ ਜਾ ਸਕਦੀ ਹੈ | ਉਨ੍ਹਾਂ ਦੱਸਿਆ ਕਿ ਕਾਰਵਾਈ ਕਾਗ਼ਜ਼ਾਂ ਵਿਚ ਉਲਝ ਕੇ ਰਹਿ ਗਈ ਹੈ ਤੇ ਮਹਿਕਮੇ ਵੱਲੋਂ ਠੋਸ ਫ਼ੈਸਲਾ ਨਹੀਂ ਲਿਆ ਜਾ ਰਿਹਾ ਤੇ ਹੁਣ ਇਸ ਮਾਮਲੇ ਨੂੰ ਅਦਾਲਤ ਰਾਹੀਂ ਨਿਪਟਾਉਣ ਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ | ਇਸ ਸਬੰਧੀ ਐੱਸ.ਡੀ.ਐਮ. ਦਫ਼ਤਰ ਵਿਖੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਕਿਸੇ ਨੇ ਫ਼ੋਨ ਨਹੀਂ ਚੁੱਕਿਆ |