ਕਪੂਰਥਲਾ, 30 ਮਈ (ਅਮਰਜੀਤ ਕੋਮਲ)-ਭਾਰਤ ਦੇ ਚੋਣ ਕਮਿਸ਼ਨ ਵਲੋਂ ਨਵੇਂ ਸੋਧੇ ਗਏ ਸ਼ਡਿਊਲ ਅਨੁਸਾਰ ਹੁਣ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ 31 ਜੁਲਾਈ ਦੀ ਬਜਾਏ 3 ਅਗਸਤ ਨੂੰ ਕੀਤੀ ਜਾਵੇਗੀ ਤੇ ਵੋਟਰ ਸੂਚੀ ਦੇ ਦਾਅਵੇ ਤੇ ਇਤਰਾਜ਼ ਹੁਣ ਲੋਕ 3 ਅਗਸਤ ਤੋਂ ਲੈ ਕੇ 2 ਸਤੰਬਰ ਤੱਕ ਪੇਸ਼ ਕਰ ਸਕਣਗੇ | ਇਹ ਜਾਣਕਾਰੀ ਦਿੰਦਿਆਂ ਅਕਾਸ਼ ਬਾਂਸਲ ਜ਼ਿਲਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਦੱਸਿਆ ਕਿ ਚੋਣ ਕਮਿਸ਼ਨ ਵਲੋਂ ਯੋਗਤਾ ਮਿਤੀ 1 ਅਕਤੂਬਰ 2026 ਦੇ ਆਧਾਰ 'ਤੇ ਵੋਟਰ ਸੂਚੀਆਂ ਦੀ ਵਿਸ਼ੇਸ਼ ਸਰਸਰੀ ਸੁਧਾਈ ਦਾ ਸੋਧਿਆ ਸ਼ਡਿਊਲ ਜਾਰੀ ਕੀਤਾ ਗਿਆ ਹੈ | ਉਨਾਂ ਕਿਹਾ ਕਿ ਵੋਟਰ ਸੂਚੀ ਦੇ ਪ੍ਰਾਪਤ ਦਾਅਵੇ ਤੇ ਇਤਰਾਜ਼ਾਂ ਦੇ ਨਿਪਟਾਰੇ ਤੇ ਨੋਟਿਸ ਫੇਜ ਦੀ ਪ੍ਰਕਿਰਿਆ ਹੁਣ 3 ਅਗਸਤ ਤੋਂ 28 ਸਤੰਬਰ ਨੂੰ ਮੁਕੰਮਲ ਕੀਤੀ ਜਾਵੇਗੀ | ਉਨਾਂ ਸਪਸ਼ਟ ਕੀਤਾ ਕਿ ਇਸ ਸੁਧਾਈ ਮੁਹਿੰਮ ਦੀਆਂ ਬਾਕੀ ਰਹਿੰਦੀਆਂ ਸਾਰੀਆਂ ਗਤੀਵਿਧੀਆਂ ਦਾ ਸ਼ਡਿਊਲ ਪਹਿਲਾਂ ਵਾਲਾ ਹੀ ਹੋਵੇਗਾ ਤੇ ਉਸ ਵਿਚ ਕਮਿਸ਼ਨ ਵਲੋਂ ਕੋਈ ਵੀ ਬਦਲਾਅ ਨਹੀਂ ਕੀਤਾ ਗਿਆ | ਜ਼ਿਲਾ ਚੋਣ ਅਫ਼ਸਰ ਨੇ ਦੱਸਿਆ ਕਿ ਇਸ ਵਿਸ਼ੇਸ਼ ਸੁਧਾਈ ਮੁਹਿੰਮ ਨੂੰ ਮੁੱਖ ਰੱਖਦਿਆਂ ਮੁੱਖ ਚੋਣ ਅਫ਼ਸਰ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜ਼ਿਲਾ ਪ੍ਰਬੰਧਕੀ ਕੰਪਲੈਕਸ ਕਪੂਰਥਲਾ ਦੇ ਕਮਰਾ ਨੰਬਰ 306 ਵਿਚ ਇਕ ਵਿਸ਼ੇਸ਼ ਹੈਲਪ ਡੈਸਕ ਵੀ ਸਥਾਪਿਤ ਕੀਤਾ ਗਿਆ ਜਿਸਦਾ ਮੁੱਖ ਮੰਤਵ ਸਾਰੇ ਨਾਗਰਿਕਾਂ, ਵਿਸ਼ੇਸ਼ ਕਰਕੇ ਅੰਗਹੀਣ, ਐਨ.ਆਰ.ਆਈ. ਤੇ ਬਜ਼ੁਰਗ ਵੋਟਰਾਂ ਦੀ ਚੋਣ ਪ੍ਰਕਿਰਿਆ ਵਿਚ ਸ਼ਮੂਲੀਅਤ ਨੂੰ ਯਕੀਨੀ ਬਣਾਉਣਾ ਹੈ | ਉਨਾਂ ਜ਼ਿਲੇ ਦੇ ਸਮੂਹ ਯੋਗ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਸੋਧੇ ਹੋਏ ਸ਼ਡਿਊਲ ਅਨੁਸਾਰ ਮਿੱਥੇ ਸਮੇਂ ਦੇ ਅੰਦਰ ਅੰਦਰ ਆਪਣੇ ਫਾਰਮ ਜਮਾਂ ਕਰਵਾਉਣਾ ਯਕੀਨੀ ਬਣਾਉਣ ਤੇ ਇਸ ਸਬੰਧੀ ਕਿਸੇ ਵੀ ਤਰਾਂ ਦੀ ਮਦਦ ਜਾਂ ਜਾਣਕਾਰੀ ਲਈ ਹੈਲਪ ਡੈਸਕ ਜਾਂ 1950 'ਤੇ ਸੰਪਰਕ ਕੀਤਾ ਜਾਵੇ