ਸੁਲਤਾਨਪੁਰ ਲੋਧੀ, 1 ਜੂਨ (ਥਿੰਦ, ਨਰੇਸ਼ ਹੈਪੀ)-ਵਿਦਿਆਰਥੀਆਂ ਵਿਚ ਹੁਨਰ ਪੈਦਾ ਕਰਨ ਦੇ ਮਨੋਰਥ ਨਾਲ ਸ੍ਰੀ ਗੁਰੂ ਹਰਕਿ੍ਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸੁਲਤਾਨਪੁਰ ਲੋਧੀ ਵਿਖੇ ਸਕੂਲ ਪ੍ਰਸ਼ਾਸਕ ਇੰਜ. ਨਿਮਰਤਾ ਕੌਰ ਦੀ ਅਗਵਾਈ ਵਿਚ ਆਯੋਜਿਤ ਤਿੰਨ ਰੋਜ਼ਾ ਸਮਰ ਕੈਂਪ ਅਮਿੱਟ ਯਾਦਾਂ ਛੱਡਦਾ ਹੋਇਆ ਉਤਸ਼ਾਹ ਨਾਲ ਸਮਾਪਤ ਹੋ ਗਿਆ ਲ ਕੈਂਪ ਦੌਰਾਨ ਵਿਦਿਆਰਥੀਆਂ ਨੇ ਵੱਖ-ਵੱਖ ਗਤੀਵਿਧੀਆਂ ਵਿਚ ਭਾਗ ਲੈ ਕੇ ਆਪਣੀਆਂ ਰੁਚੀਆਂ, ਹੁਨਰਾਂ ਅਤੇ ਸਿਰਜਣਾਤਮਕ ਯੋਗਤਾਵਾਂ ਦਾ ਪ੍ਰਦਰਸ਼ਨ ਕੀਤਾ | ਕੈਂਪ ਵਿਚ ਯੋਗਾ, ਖੇਡਾਂ, ਫਨ ਵਿਦ ਸਾਇੰਸ, ਕੁਕਿੰਗ ਵਿਦਆਊਟ ਫਾਇਰ, ਆਰਟ ਐਂਡ ਕਰਾਫ਼ਟ, ਲੋਕ ਗੀਤ, ਲੋਕ ਨਾਚ, ਰਚਨਾਤਮਕ ਕਲਾਵਾਂ ਅਤੇ ਮਨੋਰੰਜਕ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ | ਵਿਦਿਆਰਥੀਆਂ ਨੇ ਹਰ ਗਤੀਵਿਧੀ ਵਿਚ ਬੜੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਨਵੀਆਂ ਚੀਜ਼ਾਂ ਸਿੱਖਣ ਦੇ ਨਾਲ-ਨਾਲ ਭਰਪੂਰ ਮਨੋਰੰਜਨ ਵੀ ਕੀਤਾ | ਸਮਾਪਨ ਸਮਾਰੋਹ ਦੌਰਾਨ ਵਿਦਿਆਰਥੀਆਂ ਵੱਲੋਂ ਵੱਖ-ਵੱਖ ਪੇਸ਼ਕਾਰੀਆਂ ਦਿੱਤੀਆਂ ਗਈਆਂ, ਜਿਨ੍ਹਾਂ ਨੇ ਸਭ ਦਾ ਮਨ ਮੋਹ ਲਿਆ | ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਗੁਰਪ੍ਰੀਤ ਕੌਰ ਮੈਂਬਰ ਸ਼੍ਰੋਮਣੀ ਕਮੇਟੀ , ਇੰਜ. ਸਵਰਨ ਸਿੰਘ ਪ੍ਰਧਾਨ ਗੁਰੂ ਨਾਨਕ ਖ਼ਾਲਸਾ ਕਾਲਜ ਸੁਲਤਾਨਪੁਰ ਲੋਧੀ, ਸਕੂਲ ਡਾਇਰੈਕਟਰ ਇੰਜ. ਹਰਨਿਆਮਤ ਕੌਰ ਅਤੇ ਪ੍ਰਸ਼ਾਸਕ ਇੰਜ. ਨਿਮਰਤਾ ਕੌਰ ਨੇ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਉਨ੍ਹਾਂ ਨੂੰ ਜੀਵਨ ਵਿਚ ਅੱਗੇ ਵਧਣ, ਆਪਣੀਆਂ ਪ੍ਰਤਿਭਾਵਾਂ ਨੂੰ ਨਿਖਾਰਨ ਅਤੇ ਸਦਾ ਸਿੱਖਣ ਦੀ ਭਾਵਨਾ ਬਣਾਈ ਰੱਖਣ ਲਈ ਪ੍ਰੇਰਿਤ ਕੀਤਾ | ਇਨ੍ਹਾਂ ਕੈਂਪਾਂ ਨਾਲ਼ ਵਿਦਿਆਰਥੀਆਂ ਵਿਚ ਆਪਸੀ ਮਿਲਵਰਤਨ ਵਧਦਾ ਹੈ |