ਕਪੂਰਥਲਾ, 1 ਜੂਨ (ਅਮਰਜੀਤ ਸਿੰਘ ਸਡਾਨਾ)-ਸੂਬਾ ਸਰਕਾਰ ਵਲੋਂ ਵਿਰਾਸਤੀ ਇਮਾਰਤਾਂ ਨੂੰ ਸੰਭਾਲਣ ਦੇ ਦਾਅਵੇ ਤਾਂ ਕੀਤੇ ਜਾ ਰਹੇ ਹਨ, ਪਰ ਇਹ ਦਾਅਵੇ ਅਸਲੀਅਤ ਤੋਂ ਕੋਹਾਂ ਦੂਰ ਹਨ | ਕਪੂਰਥਲਾ ਇਕ ਰਿਆਸਤੀ ਸ਼ਹਿਰ ਹੈ, ਜਿੱਥੇ ਮਹਾਰਾਜਾ ਕਪੂਰਥਲਾ ਵਲੋਂ ਆਪਣੇ ਕਾਰਜਕਾਲ ਦੌਰਾਨ ਬਣਾਈਆਂ ਕਈ ਵਿਰਾਸਤੀ ਇਮਾਰਤਾਂ ਹਨ, ਜਿਨ੍ਹਾਂ ਵਿਚੋਂ ਕੁੱਝ ਦੀ ਸੰਭਾਲ ਸਰਕਾਰ ਪਾਸ ਹੈ, ਪਰ ਸਰਕਾਰ ਦਾ ਅਵੇਸਲਾਪਣ ਇਨ੍ਹਾਂ ਇਮਾਰਤਾਂ ਲਈ ਵੀ ਨੁਕਸਾਨਦੇਹ ਸਾਬਿਤ ਹੋ ਰਿਹਾ ਹੈ | ਮਹਾਰਾਜਾ ਕਪੂਰਥਲਾ ਵਲੋਂ ਮੁਸਲਿਮ ਭਾਈਚਾਰੇ ਲਈ ਮੋਰਿਸ ਮਸਜਿਦ ਦਾ ਨਿਰਮਾਣ ਕਰਵਾਇਆ ਗਿਆ ਸੀ ਤਾਂ ਜੋ ਮੁਸਲਿਮ ਭਾਈਚਾਰਾ ਇੱਥੇ ਇਬਾਦਤ ਕਰ ਸਕੇ, ਪਰ ਸਭਿਆਚਾਰ ਤੇ ਪੁਰਾਤਤਵ ਵਿਭਾਗ ਪੰਜਾਬ ਦੀ ਅਣਦੇਖੀ ਕਾਰਨ ਇਸ ਮੋਰਿਸ ਮਸਜਿਦ ਦੀ ਦੇਖ ਭਾਲ ਲਈ ਸਿਰਫ਼ ਇਕ ਕਰਮਚਾਰੀ ਹੀ ਮੌਜੂਦ ਹੈ, ਇੱਥੇ ਜ਼ਿਕਰਯੋਗ ਹੈ ਕਿ ਬੀਤੇ ਸਮੇਂ ਦੌਰਾਨ ਮੋਰਿਸ ਮਸਜਿਦ ਵਿਖੇ ਕਰੀਬ 14 ਕਰਮਚਾਰੀ ਸੇਵਾਵਾਂ ਨਿਭਾਉਂਦੇ ਸਨ, ਪਰ ਹੁਣ ਸੂਰਤੇ ਹਾਲ ਇਹ ਹੈ ਕਿ ਮਸਜਿਦ ਵਿਚ ਨਮਾਜ਼ ਅਦਾ ਕਰਵਾਉਣ ਲਈ ਕੋਈ ਇਮਾਮ ਵੀ ਨਹੀਂ ਹੈ ਤੇ ਜਿਹੜੇ ਦੋ ਕਰਮਚਾਰੀ ਇੱਥੇ ਕੰਮ ਕਰ ਰਹੇ ਸਨ, ਉਨ੍ਹਾਂ ਵਿਚੋਂ ਵੀ ਇਕ ਕਰਮਚਾਰੀ ਸ਼ੌਕਤ ਅਲੀ ਬੀਤੇ ਦਿਨ ਸੇਵਾ ਮੁਕਤ ਹੋ ਚੁੱਕਾ ਹੈ ਤੇ ਹੁਣ ਸਿਰਫ਼ ਪੰਪ ਆਪ੍ਰੇਟਰ ਸੁਖਜੀਤ ਸਿੰਘ ਹੀ ਮਸਜਿਦ ਵਿਚ ਆਪਣੀਆਂ ਸੇਵਾਵਾਂ ਨਿਭਾਅ ਰਿਹਾ ਹੈ | ਪਹਿਲਾਂ ਇਹ ਦੋਵੇਂ ਕਰਮਚਾਰੀ ਦਿਨ ਅਤੇ ਰਾਤ ਦੇ ਸਮੇਂ ਵੀ ਇੱਥੇ ਸੇਵਾਵਾਂ ਦਿੰਦੇ ਸਨ, ਕਿਉਂਕਿ ਵਿਭਾਗ ਵਲੋਂ ਇੱਥੇ ਤਾਇਨਾਤ ਚੌਂਕੀਦਾਰ ਦਾ ਕਰੀਬ 1 ਸਾਲ ਪਹਿਲਾਂ ਹੀ ਸੁਲਤਾਨਪੁਰ ਲੋਧੀ ਵਿਖੇ ਤਬਾਦਲਾ ਕਰ ਦਿੱਤਾ ਗਿਆ ਤੇ ਹੁਣ ਇੱਥੇ ਨਾ ਕੋਈ ਮਾਲੀ ਹੈ, ਨਾ ਕੋਈ ਸਫ਼ਾਈ ਸੇਵਕ, ਨਾ ਇਮਾਮ, ਨਾ ਚੌਂਕੀਦਾਰ ਤੇ ਨਾ ਹੀ ਹੋਰ ਕੋਈ ਕਰਮਚਾਰੀ ਸਿਰਫ਼ ਇਕ ਪੰਪ ਆਪ੍ਰੇਟਰ ਦੇ ਸਹਾਰੇ ਮਸਜਿਦ ਦੀ ਦੇਖ ਭਾਲ ਦਾ ਕੰਮ ਚੱਲ ਰਿਹਾ ਹੈ | ਇਹ ਵੀ ਪਤਾ ਲੱਗਾ ਹੈ ਕਿ ਉਕਤ ਕਰਮਚਾਰੀ ਪਾਸ ਮੋਰਿਸ ਮਸਜਿਦ ਤੋਂ ਇਲਾਵਾ ਗੋਲ ਕੋਠੀ ਦੀ ਵੀ ਦੇਖਭਾਲ ਦਾ ਕੰਮ ਹੈ | ਉਕਤ ਕਰਮਚਾਰੀ ਨੇ ਦੱਸਿਆ ਕਿ ਗੋਲ ਕੋਠੀ ਵਿਖੇ ਕਈ ਵਾਰ ਚੋਰੀ ਹੋ ਚੁੱਕੀ ਹੈ, ਜਿਸ ਸਬੰਧੀ ਉਹ ਵਿਭਾਗ ਨੂੰ ਸੂਚਿਤ ਕਰ ਚੁੱਕਾ ਹੈ | ਅੱਜ ਮਸਜਿਦ ਦੇ ਬਾਹਰ ਸਥਿਤੀ ਉਸ ਵੇਲੇ ਅਸਮੰਜਸ ਵਾਲੀ ਬਣ ਗਈ, ਜਦੋਂ ਉਕਤ ਕਰਮਚਾਰੀ ਆਪਣੀ 5 ਵਜੇ ਡਿਊਟੀ ਖ਼ਤਮ ਹੋਣ ਉਪਰੰਤ ਗੇਟ ਬੰਦ ਕਰਕੇ ਵਾਪਸ ਜਾ ਰਿਹਾ ਸੀ ਤਾਂ ਮੁਸਲਿਮ ਭਾਈਚਾਰੇ ਨੇ ਨਮਾਜ਼ ਅਦਾ ਕਰਨ ਲਈ ਉਸ ਨੂੰ ਮੁੜ ਗੇਟ ਖੋਲ੍ਹਣ ਲਈ ਕਿਹਾ, ਜਿਸ 'ਤੇ ਕਰਮਚਾਰੀ ਨੇ ਆਪਣੀ ਡਿਊਟੀ ਖ਼ਤਮ ਹੋਣ ਦੀ ਗੱਲ ਕੀਤੀ, ਪਰ ਭਾਈਚਾਰੇ ਦਾ ਸਤਿਕਾਰ ਕਰਦੇ ਹੋਏ ਉਨ੍ਹਾਂ ਨੇ ਮੁੜ ਗੇਟ ਖੋਲਿ੍ਹਆ ਤੇ ਮੁਸਲਿਮ ਭਾਈਚਾਰੇ ਦੇ ਵਿਅਕਤੀਆਂ ਨੇ ਮਸਜਿਦ ਵਿਖੇ ਨਮਾਜ਼ ਅਦਾ ਕੀਤੀ | ਇਸ ਮੌਕੇ ਗੱਲਬਾਤ ਕਰਦਿਆਂ ਸ਼ਾਹੀ ਇਮਾਮ ਮੌਲਵੀ ਅਬਦੁਲ ਹਮੀਦ, ਮੁਸਲਿਮ ਆਗੂ ਯਾਕੂਬ ਅਲੀ, ਦੀਨ ਮੁਹੰਮਦ, ਹਾਜੀ ਸਵਾਰਦੀਨ, ਮੌਲਾਨਾ ਅਸਦ ਉਲਾ, ਮੌਲਾਨਾ ਇਰਸ਼ਾਦ, ਕਾਰੀ ਬਿਲਾਲ ਤੇ ਕਾਰੀ ਮੁਹੰਮਦ ਸ਼ਾਹਰੁੱਖ਼ ਆਦਿ ਨੇ ਕਿਹਾ ਕਿ ਲੰਮੇ ਸਮੇਂ ਤੋਂ ਇੱਥੇ ਮੁਲਾਜ਼ਮਾਂ ਦੀ ਘਾਟ ਚੱਲੀ ਆ ਰਹੀ ਹੈ, ਪਰ ਸਬੰਧਿਤ ਵਿਭਾਗ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ | ਭਾਵੇਂ ਬੀਤੇ ਦਿਨੀਂ ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਵਲੋਂ ਮਹਾਰਾਜਾ ਬਿ੍ਗੇਡੀਅਰ ਸੁਖਜੀਤ ਸਿੰਘ ਦੇ ਨਾਲ ਕੁੱਝ ਇਤਿਹਾਸਕ ਇਮਾਰਤਾਂ ਦਾ ਦੌਰਾ ਕੀਤਾ ਸੀ ਤੇ ਉਸ ਦੇ ਰੱਖ ਰਖਾਅ ਦੀ ਗੱਲ ਕੀਤੀ ਸੀ, ਪਰ ਮੋਰਿਸ ਮਸਜਿਦ ਦੇ ਹਾਲਾਤ ਵੱਲ ਕਿਸੇ ਦਾ ਧਿਆਨ ਨਹੀਂ ਹੈ | ਉਨ੍ਹਾਂ ਕਿਹਾ ਕਿ ਸਿਰਫ਼ ਇਕ ਕਰਮਚਾਰੀ ਦੇ ਸਿਰ 'ਤੇ ਮਸਜਿਦ ਦਾ ਪ੍ਰਬੰਧ 24 ਘੰਟੇ ਨਹੀਂ ਚੱਲ ਸਕਦਾ ਤੇ ਨਾ ਹੀ ਉਹ ਕਰਮਚਾਰੀ 24 ਘੰਟੇ ਡਿਊਟੀ ਕਰ ਸਕਦਾ ਹੈ | ਉਨ੍ਹਾਂ ਕਿਹਾ ਕਿ ਮਸਜਿਦ ਵਿਖੇ ਉਨ੍ਹਾਂ ਦਾ ਧਾਰਮਿਕ ਸਾਹਿਤ ਪਿਆ ਹੈ ਤੇ ਮਹਿਕਮੇ ਦੀ ਅਣਗਹਿਲੀ ਤੇ ਮੁਲਾਜ਼ਮਾਂ ਦੀ ਘਾਟ ਕਾਰਨ ਕੋਈ ਵੀ ਅਣਹੋਣੀ ਘਟਨਾ ਵਾਪਰ ਸਕਦੀ ਹੈ | ਉਕਤ ਮੁਸਲਿਮ ਆਗੂਆਂ ਨੇ ਮੰਗ ਕੀਤੀ ਕਿ ਮੋਰਿਸ ਮਸਜਿਦ ਵਿਖੇ ਤੁਰੰਤ ਸੁਰੱਖਿਆ ਕਰਮਚਾਰੀ ਤੇ ਲੋੜੀਂਦੇ ਬਾਕੀ ਕਰਮਚਾਰੀ ਤਾਇਨਾਤ ਕੀਤੇ ਜਾਣ ਤਾਂ ਜੋ ਭਾਈਚਾਰੇ ਨੂੰ ਨਮਾਜ਼ ਅਦਾ ਕਰਨ ਲਈ ਸਮੱਸਿਆ ਪੇਸ਼ ਨਾ ਆਵੇ, ਕਿਉਂਕਿ ਉਨ੍ਹਾਂ ਦੀ 5 ਵਕਤ ਦੀ ਨਮਾਜ਼ ਰਾਤ ਸਾਢੇ 8 ਵਜੇ ਤੱਕ ਪੜ੍ਹੀ ਜਾਂਦੀ ਹੈ ਤੇ ਜੇਕਰ ਪੰਜ ਵਜੇ ਮੁਲਾਜ਼ਮਾਂ ਦੀ ਘਾਟ ਕਾਰਨ ਮਸਜਿਦ ਬੰਦ ਹੋ ਜਾਵੇਗਾ ਤਾਂ ਉਨ੍ਹਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ | ਜਦੋਂ ਇਸ ਸਬੰਧੀ ਕਪੂਰਥਲਾ ਵਿਖੇ ਰਿਆਸਤੀ ਇਮਾਰਤਾਂ ਦਾ ਪ੍ਰਬੰਧ ਦੇਖਣ ਵਾਲੀ ਮਹਿਲਾ ਅਧਿਕਾਰੀ ਮਨਦੀਪ ਕੌਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਮੁਲਾਜ਼ਮਾਂ ਦੀ ਘਾਟ ਨੂੰ ਮੰਨਦਿਆਂ ਕਿਹਾ ਕਿ ਸੁਰੱਖਿਆ ਲਈ ਪੈਸਕੋ ਕਰਮਚਾਰੀਆਂ ਦੀ ਤਾਇਨਾਤੀ ਸਬੰਧੀ ਫਾਈਲ ਉੱਚ ਅਧਿਕਾਰੀਆਂ ਨੂੰ ਭੇਜੀ ਗਈ ਹੈ ਤੇ ਕੁੱਝ ਦਿਨਾਂ ਵਿਚ ਵੀ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਜਾਣਗੇ ਤੇ ਮੁਲਾਜ਼ਮਾਂ ਦੀ ਘਾਟ ਸਬੰਧੀ ਵੀ ਉਹ ਵਿਭਾਗ ਦੇ ਡਾਇਰੈਕਟਰ ਨਾਲ ਸੰਪਰਕ ਕਰਕੇ ਇਸ ਦਾ ਹੱਲ ਕਰਵਾਉਣ ਦਾ ਯਤਨ ਕਰਨਗੇ |