ਕਪੂਰਥਲਾ, 1 ਜੂਨ (ਵਿਸ਼ੇਸ਼ ਪ੍ਰਤੀਨਿਧ)-ਨਗਰ ਨਿਗਮ ਕਪੂਰਥਲਾ ਦੀ ਬੀਤੇ ਦਿਨੀਂ ਹੋਈ ਚੋਣ ਵਿਚ ਵਾਰਡ ਨੰਬਰ 4 ਤੋਂ ਜੇਤੂ ਆਜ਼ਾਦ ਉਮੀਦਵਾਰ ਅਮਨ ਰਾਣੀ ਪਤਨੀ ਬਲਬੀਰ ਕੁਮਾਰ ਡੀ.ਸੀ. ਨੇ ਹਲਕੇ ਦੇ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਮੌਜੂਦਗੀ ਵਿਚ ਮੁੜ ਕਾਂਗਰਸ ਵਿਚ ਸ਼ਾਮਲ ਹੋ ਕੇ ਪਾਰਟੀ ਨੂੰ ਪੂਰਾ ਸਮਰਥਨ ਦੇਣ ਦਾ ਐਲਾਨ ਕੀਤਾ | ਇੱਥੇ ਵਰਨਣਯੋਗ ਹੈ ਕਿ ਵਾਰਡ ਨੰਬਰ 4 ਤੋਂ ਕਾਂਗਰਸ ਵਲੋਂ ਟਿਕਟ ਨਾ ਦਿੱਤੇ ਜਾਣ 'ਤੇ ਅਮਨ ਰਾਣੀ ਨੇ ਇਸ ਵਾਰਡ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਤੇ ਚੋਣ ਦੌਰਾਨ ਉਹ ਆਪਣੇ ਵਿਰੋਧੀਆਂ ਨੂੰ ਪਛਾੜ ਕੇ ਜੇਤੂ ਰਹੇ | ਉਨ੍ਹਾਂ ਦੀ ਕਾਂਗਰਸ ਵਿਚ ਮੁੜ ਵਾਪਸੀ 'ਤੇ ਹੋਏ ਸਮਾਗਮ ਵਿਚ ਰਾਣਾ ਗੁਰਜੀਤ ਸਿੰਘ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਵਿਚ ਆਮਦ ਨਾਲ ਪਾਰਟੀ ਹੋਰ ਮਜ਼ਬੂਤ ਹੋਈ ਹੈ ਤੇ ਉਹ ਪਹਿਲਾਂ ਦੀ ਤਰ੍ਹਾਂ ਸਮਰਪਣ ਦੀ ਭਾਵਨਾ ਨਾਲ ਕੰਮ ਕਰਦਿਆਂ ਆਪਣੇ ਵਾਰਡ ਦੇ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਨ ਲਈ ਹਰ ਸੰਭਵ ਯਤਨ ਕਰਨਗੇ | ਉਨ੍ਹਾਂ ਅਮਨ ਰਾਣੀ ਦੇ ਕਾਂਗਰਸ ਵਿਚ ਸ਼ਾਮਲ ਹੋਣ 'ਤੇ ਸਾਬਕਾ ਕੌਂਸਲਰ ਮਨੀਸ਼ ਅਗਰਵਾਲ, ਸੁਰਿੰਦਰ ਛਿੰਦਾ ਤੇ ਉਨ੍ਹਾਂ ਦੇ ਹੋਰ ਸਾਥੀਆਂ ਦਾ ਵੀ ਤਹਿਦਿਲੋਂ ਧੰਨਵਾਦ ਕੀਤਾ | ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਅਮਨ ਰਾਣੀ ਨੂੰ ਪਹਿਲਾਂ ਦੀ ਤਰ੍ਹਾਂ ਪਾਰਟੀ ਵਿਚ ਪੂਰਾ ਸਤਿਕਾਰ ਦਿੱਤਾ ਜਾਵੇਗਾ | ਸਮਾਗਮ ਨੂੰ ਸੰਬੋਧਨ ਕਰਦਿਆਂ ਅਮਨ ਰਾਣੀ ਨੇ ਕਿਹਾ ਕਿ ਉਹ ਆਜ਼ਾਦ ਉਮੀਦਵਾਰ ਵਜੋਂ ਨਗਰ ਨਿਗਮ ਦੀ ਚੋਣ ਵਿਚ ਜੇਤੂ ਰਹੇ ਹਨ ਤੇ ਉਹ ਹੁਣ ਮੁੜ ਕਾਂਗਰਸ ਵਿਚ ਸ਼ਾਮਲ ਹੋ ਗਏ ਹਨ ਤੇ ਪਾਰਟੀ ਨੂੰ ਪੂਰਾ ਸਮਰਥਨ ਦੇਣਗੇ | ਇਸ ਮੌਕੇ ਸਾਬਕਾ ਕੌਂਸਲਰ ਮਨੀਸ਼ ਅਗਰਵਾਲ, ਸੁਰਿੰਦਰ ਸਿੰਘ ਛਿੰਦਾ, ਅਮਰ ਸਿੰਘ, ਅਰਵਿੰਦਰ ਸਿੰਘ, ਰਿਸ਼ੀਪਾਲ, ਨਰੇਸ਼ ਗੁਪਤਾ, ਰਾਜੂ ਬਹਿਲ, ਬਿੱਟੂ ਸੰਤ ਮੈਟਲ ਵਾਲੇ, ਰਾਜੂ ਸੰਤ ਮੈਟਲ ਵਾਲੇ, ਗਗਨ ਸੰਤ ਮੈਟਲ ਵਾਲੇ, ਕਰਨ ਕਾਕਾ, ਜਸਪਾਲ ਸਿੰਘ ਰਾਜੂ ਆਦਿ ਆਗੂ ਹਾਜ਼ਰ ਸਨ |