ਫਗਵਾੜਾ, 7 ਜੂਨ (ਅਸ਼ੋਕ ਕੁਮਾਰ ਵਾਲੀਆ)-ਸ਼੍ਰੋਮਣੀ ਅਕਾਲੀ ਦਲ (ਬ) ਜ਼ਿਲ੍ਹਾ ਕਪੂਰਥਲਾ ਸ਼ਹਿਰੀ ਦੇ ਜਨਰਲ ਸਕੱਤਰ ਝਿਰਮਲ ਸਿੰਘ ਭਿੰਡਰ ਨੇ ਪੰਜਾਬ ਸਰਕਾਰ ਤੇ ਪੁਲਿਸ ਦਾ ਡਰ ਦਿਖਾ ਕੇ ਅਕਾਲੀ ਆਗੂਆਂ ਨਾਲ ਨਗਰ ਕੌਂਸਲ ਚੋਣਾਂ ਦੀ ਰੰਜਿਸ਼ ਪੁਗਾਉਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਮਜੀਠਾ ਪੁਲਿਸ ਵਲੋਂ ਪੰਜਾਬ ਸਰਕਾਰ ਦੇ ਇਸ਼ਾਰੇ 'ਤੇ ਅਕਾਲੀ ਵਰਕਰਾਂ ਉੱਤੇ ਅੰਨ੍ਹਾ ਤਸ਼ੱਦਦ ਕੀਤਾ ਜਾ ਰਿਹਾ ਹੈ | ਅਕਾਲੀ ਵਰਕਰਾਂ ਦੇ ਸਿਰ ਪਾੜਨ ਤੋਂ ਲੈ ਕੇ ਅਗਵਾਹ ਕਰਨ ਦੀਆਂ ਘਟਨਾਵਾਂ ਸ਼ਰੇਆਮ ਅੰਜਾਮ ਦਿੱਤੀਆਂ ਜਾ ਰਹੀਆਂ ਹਨ | ਜਿਸ ਕਰਕੇ ਅਕਾਲੀ ਆਗੂਆਂ ਦਾ ਘਰੋਂ ਨਿਕਲਣਾ ਮੁਸ਼ਕਲ ਹੋ ਗਿਆ ਹੈ | ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਤਾੜਨਾ ਕੀਤੀ ਕਿ ਅਕਾਲੀ ਆਗੂਆਂ ਦੇ ਸਬਰ ਦਾ ਇਮਤਿਹਾਨ ਨਾ ਲਿਆ ਜਾਵੇ ਤੇ ਜਬਰ-ਜ਼ੁਲਮ ਤੁਰੰਤ ਬੰਦ ਕੀਤਾ ਜਾਵੇ | ਭਿੰਡਰ ਨੇ ਕਿਹਾ ਕਿ ਮਜੀਠਾ ਪੁਲਿਸ ਵਲੋਂ ਸਰਕਾਰੀ ਸ਼ਹਿ 'ਤੇ ਅਕਾਲੀ ਵਰਕਰ ਜੋਬਨਜੀਤ ਸਿੰਘ ਨੂੰ ਘਰੋਂ ਅਗਵਾ ਕਰਕੇ, ਉਸ ਦਾ ਮੂੰਹ ਬੰਨ੍ਹ ਕੇ ਐਸ.ਐਚ.ਓ. ਦੇ ਰਿਹਾਇਸ਼ੀ ਕੁਆਰਟਰ ਵਿਚ ਗੈਰ ਕਾਨੂੰਨੀ ਢੰਗ ਨਾਲ ਛੁਪਾਇਆ ਗਿਆ | ਉਨ੍ਹਾਂ ਕਿਹਾ ਕਿ ਜੇਕਰ ਅਕਾਲੀ ਦਲ ਦੇ ਵਰਕਰ ਉਸ ਨੂੰ ਸਖ਼ਤ ਮਿਹਨਤ ਨਾਲ ਨਾ ਲੱਭਦੇ ਤਾਂ ਸ਼ਾਇਦ ਪੁਲਿਸ ਉਸ ਦਾ ਮੁਕਾਬਲਾ ਵੀ ਬਣਾ ਸਕਦੀ ਸੀ |