ਫਗਵਾੜਾ, 7 ਜੂਨ (ਅਸ਼ੋਕ ਕੁਮਾਰ ਵਾਲੀਆ)-ਰਿਆਤ ਬਾਹਰਾ ਪ੍ਰੋਫੈਸ਼ਨਲ ਯੂਨੀਵਰਸਿਟੀ ਹੁਸ਼ਿਆਰਪੁਰ ਵੱਲੋਂ ਫਗਵਾੜਾ ਵਿਖੇ ਬੋਰਡ ਪ੍ਰੀਖਿਆਵਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਇਕ ਵਿਸ਼ੇਸ਼ ਸਨਮਾਨ ਸਮਾਗਮ ਦਾ ਆਯੋਜਨ ਕੀਤਾ ਗਿਆ | ਇਸ ਸਮਾਰੋਹ ਵਿਚ ਫਗਵਾੜਾ ਅਤੇ ਆਸ-ਪਾਸ ਦੇ ਵੱਖ-ਵੱਖ ਸਕੂਲਾਂ ਤੋਂ 300 ਤੋਂ ਵੱਧ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਸਮਾਰੋਹ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਮਿਹਨਤ ਅਤੇ ਪ੍ਰਾਪਤੀਆਂ ਲਈ ਪ੍ਰੇਰਿਤ ਕਰਨਾ ਅਤੇ ਉਨ੍ਹਾਂ ਨੂੰ ਉੱਜਵਲ ਭਵਿੱਖ ਵੱਲ ਪ੍ਰੋਤਸਾਹਿਤ ਕਰਨਾ ਸੀ | ਇਸ ਮੌਕੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਚੰਦਰ ਮੋਹਨ ਨੇ ਰਿਆਤ ਬਾਹਰਾ ਗਰੁੱਪ ਦੇ ਵਿਜ਼ਨ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਹਮੇਸ਼ਾ ਹੋਣਹਾਰ ਵਿਦਿਆਰਥੀਆਂ ਨੂੰ ਉਤਸ਼ਾਹਿਤ ਤੇ ਸਨਮਾਨਿਤ ਕਰਨ ਵਿਚ ਵਿਸ਼ਵਾਸ ਰੱਖਦੀ ਹੈ | ਉਨ੍ਹਾਂ ਦੱਸਿਆ ਕਿ ਰਿਆਤ ਬਾਹਰਾ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਗੁਣਵੱਤਾ ਭਰੀ ਸਿੱਖਿਆ ਦੇ ਨਾਲ-ਨਾਲ ਉੱਚ ਪੱਧਰੀ ਪਲੇਸਮੈਂਟ ਸੁਵਿਧਾਵਾਂ ਵੀ ਪ੍ਰਦਾਨ ਕਰਦੀ ਹੈ, ਜਿਸ ਕਾਰਨ ਅੱਜ ਯੂਨੀਵਰਸਿਟੀ ਦਾ ਮਜ਼ਬੂਤ ਅਲੂਮਨੀ ਨੈੱਟਵਰਕ ਬਣ ਚੁੱਕਾ ਹੈ | ਯੂਨੀਵਰਸਿਟੀ ਦੇ ਡੀਨ ਡਾ. ਨਿਖਿਲ ਮੋਂਗਾ ਨੇ ਦੱਸਿਆ ਕਿ ਰਿਆਤ ਬਾਹਰਾ ਗਰੁੱਪ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਹਰ ਸਾਲ 25 ਕਰੋੜ ਰੁਪਏ ਤੱਕ ਦੀ ਸਕਾਲਰਸ਼ਿਪ ਪ੍ਰਦਾਨ ਕਰਦਾ ਹੈ, ਤਾਂ ਜੋ ਯੋਗ ਅਤੇ ਹੋਣਹਾਰ ਵਿਦਿਆਰਥੀ ਆਰਥਿਕ ਰੁਕਾਵਟਾਂ ਤੋਂ ਬਿਨਾਂ ਆਪਣੀ ਉੱਚ ਸਿੱਖਿਆ ਜਾਰੀ ਰੱਖ ਸਕਣ | ਇਸ ਮੌਕੇ ਯੂਨੀਵਰਸਿਟੀ ਦੇ ਡੀਨ ਸਟੂਡੈਂਟ ਵੈੱਲਫੇਅਰ ਡਾ. ਕੁਲਦੀਪ ਵਾਲੀਆ ਨੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਭਵਿੱਖ ਲਈ ਸਹੀ ਅਤੇ ਵਧੀਆਂ ਕੈਰੀਅਰ ਚੁਣਨ ਦੀ ਸਲਾਹ ਦਿੱਤੀ | ਯੂਨੀਵਰਸਿਟੀ ਦੇ ਸੀਨੀਅਰ ਡਾਇਰੈਕਟਰ ਹਰਿੰਦਰ ਸਿੰਘ ਜਸਵਾਲ ਐਡਮਿਸ਼ਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਫਗਵਾੜਾ ਵਿਖੇ ਵਿਦਿਆਰਥੀਆਂ ਨੂੰ ਕਰੀਅਰ ਸੰਬੰਧੀ ਸਹੀ ਮਾਰਗ ਦਰਸ਼ਨ ਅਤੇ ਦਾਖ਼ਲੇ ਸੰਬੰਧੀ ਜਾਣਕਾਰੀ ਪ੍ਰਦਾਨ ਕਰਨ ਲਈ ਇਕ ਕਾਉਂਸਲਿੰਗ ਅਤੇ ਐਡਮਿਸ਼ਨ ਦਫ਼ਤਰ ਵੀ ਸ਼ੁਰੂ ਕੀਤਾ ਗਿਆ ਹੈ, ਜਿੱਥੇ ਵਿਦਿਆਰਥੀ ਆਪਣੇ ਭਵਿੱਖ ਨਾਲ ਜੁੜੀਆਂ ਜਾਣਕਾਰੀਆਂ ਹਾਸਲ ਕਰ ਸਕਦੇ ਹਨ | ਇਸ ਮੌਕੇ ਸੀਨੀਅਰ ਐਗਜ਼ੀਕਿਊਟਿਵ ਐਡਮਿਸ਼ਨ ਸੰਜੀਵ ਕੁਮਾਰ, ਰਵਨੀਤ ਕੌਰ ਅਤੇ ਹਰਪ੍ਰੀਤ ਸਿੰਘ ਵੀ ਮੌਜੂਦ ਸਨ |