ਕਪੂਰਥਲਾ, 7 ਜੂਨ (ਅਮਰਜੀਤ ਕੋਮਲ)-ਕ੍ਰਿਸ਼ੀ ਵਿਗਿਆਨ ਕੇਂਦਰ ਕਪੂਰਥਲਾ ਵਲੋਂ ਪਿੰਡ ਬਿਹਾਰੀਪੁਰ ਵਿਚ ਇਕ ਅਗਾਂਹ ਵਧੂ ਕਿਸਾਨ ਨਿਰਮਲ ਸਿੰਘ ਦੇ ਖੇਤ ਵਿਚ ਤਰਬੂਜ਼ ਮੇਲਾ ਕਰਵਾਇਆ ਗਿਆ | ਜਿਸ ਵਿਚ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਇੰਚਾਰਜ ਡਾ. ਹਰਿੰਦਰ ਸਿੰਘ ਉਚੇਚੇ ਤੌਰ 'ਤੇ ਸ਼ਾਮਲ ਹੋਏ | ਮੇਲੇ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਤਰਬੂਜ਼ ਦੀ ਕਿਸਮ 'ਪੰਜਾਬ ਮਿਠਾਸ' ਦੇ ਪ੍ਰਚਾਰ ਤੇ ਪ੍ਰਸਾਰ ਲਈ ਅਜਿਹੀਆਂ ਪਹਿਲਕਦਮੀਆਂ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ | ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਇਸ ਕਿਸਮ ਦੇ ਤਰਬੂਜ਼ ਦੀ ਵੱਧ ਪੈਦਾਵਾਰ ਲੈਣ ਲਈ ਨਰਸਰੀ ਰਾਹੀਂ ਬਿਜਾਈ ਦੀ ਵਿਧੀ ਵੀ ਅਪਣਾਈ ਜਾ ਸਕਦੀ ਹੈ | ਡਾ. ਹਰਿੰਦਰ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਕਪੂਰਥਲਾ ਤਰਬੂਜ਼ ਦੀ ਖੇਤੀ ਲਈ ਜਾਣਿਆਂ ਜਾਂਦਾ ਹੈ ਤੇ ਇੱਥੋਂ ਦੇ ਕਿਸਾਨਾਂ ਵਲੋਂ ਜੰਨਤ, ਮੰਨਤ ਤੇ ਸੈਂਚੁਰੀ ਵਰਗੇ ਪ੍ਰਾਈਵੇਟ ਹਾਈਬਿ੍ਡ ਬੀਜ ਵੱਡੇ ਪੱਧਰ 'ਤੇ ਬੀਜੇ ਜਾਂਦੇ ਹਨ ਤੇ ਇਨ੍ਹਾਂ ਬੀਜਾਂ ਦੀ ਕੀਮਤ ਕਾਫੀ ਵੱਧ ਹੁੰਦੀ ਹੈ, ਪਰ ਕ੍ਰਿਸ਼ੀ ਵਿਗਿਆਨ ਕੇਂਦਰ ਕਪੂਰਥਲਾ ਵਲੋਂ ਕਿਸਾਨਾਂ ਦੇ ਖ਼ਰਚੇ ਘਟਾਉਣ ਲਈ 'ਪੰਜਾਬ ਮਿਠਾਸ' ਤਰਬੂਜ਼ ਦੀਆਂ 10 ਪ੍ਰਦਰਸ਼ਨੀਆਂ ਲਗਾਈਆਂ ਗਈਆਂ ਸਨ | ਇਨ੍ਹਾਂ ਪ੍ਰਦਰਸ਼ਨੀਆਂ ਨੂੰ ਕਿਸਾਨਾਂ ਨੇ ਭਰਵਾਂ ਹੁੰਗਾਰਾ ਦਿੱਤਾ ਹੈ | ਇਸਤੋਂ ਪਹਿਲਾਂ ਸਮਾਗਮ ਨੂੰ ਸੰਬੋਧਨ ਕਰਦਿਆਂ ਸਬਜ਼ੀ ਵਿਗਿਆਨ ਦੀ ਪ੍ਰੋਫੈਸਰ ਡਾ. ਅਮਨਦੀਪ ਕੌਰ ਨੇ 'ਪੰਜਾਬ ਮਿਠਾਸ' ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ | ਉਨ੍ਹਾਂ ਕਿਹਾ ਕਿ ਇਸ ਕਿਸਮ ਦੇ ਤਰਬੂਜ਼ ਦੀ ਪੈਦਾਵਾਰ ਸਮਰੱਥਾ 179 ਕੁਇੰਟਲ ਪ੍ਰਤੀ ਏਕੜ ਹੈ | ਉਨ੍ਹਾਂ ਕਿਸਾਨਾਂ ਨੂੰ ਇਸ ਕਿਸਮ ਨੂੰ ਵਪਾਰਕ ਪੱਧਰ 'ਤੇ ਅਪਣਾਉਣ ਪ੍ਰੇਰਿਤ ਕੀਤਾ ਕਿਉਂਕਿ ਇਸਦੇ ਬੀਜ ਦੀ ਕੀਮਤ ਕੇਵਲ 8 ਹਜ਼ਾਰ ਰੁਪਏ ਪ੍ਰਤੀ ਕਿੱਲੋ ਹੈ ਜੋ ਪ੍ਰਾਈਵੇਟ ਹਾਈਬਿ੍ਡਾਂ ਨਾਲ ਬਹੁਤ ਘੱਟ ਹੈ | ਤਰਬੂਜ਼ ਮੇਲੇ ਦੌਰਾਨ ਡਾ. ਸੁਮਨ ਸਹਾਇਕ ਪ੍ਰੋਫੈਸਰ ਪੌਦਾ ਸੁਰੱਖਿਆ ਨੇ ਕਿਸਾਨਾਂ ਨੂੰ ਕੀੜੇ ਮਕੌੜਿਆਂ ਦੇ ਪ੍ਰਭਾਵਸ਼ਾਲੀ ਪ੍ਰਬੰਧਨ ਅਤੇ ਉਤਪਾਦ ਦੀ ਗੁਣਵੱਤਾ ਵਧਾਉਣ ਲਈ ਇਕਸਾਰ ਕੀਟ ਪ੍ਰਬੰਧਨ, ਤਕਨੀਕਾਂ ਅਪਣਾਉਣ ਦੀ ਅਪੀਲ ਕੀਤੀ | ਇਸ ਮੌਕੇ ਅਗਾਂਹ ਵਧੂ ਕਿਸਾਨ ਹਰਮਨਦੀਪ ਸਿੰਘ ਨੇ ਕ੍ਰਿਸ਼ੀ ਵਿਗਿਆਨ ਕੇਂਦਰ ਵਲੋਂ ਮਹਿੰਗੇ ਪ੍ਰਾਈਵੇਟ ਹਾਈਬਿ੍ਡ ਬੀਜਾਂ ਦੀ ਥਾਂ ਘੱਟ ਲਾਗਤ ਤੇ ਵੱਧ ਉਤਪਾਦਨ ਵਾਲੀਆਂ ਕਿਸਮਾਂ ਨੂੰ ਉਤਸ਼ਾਹਿਤ ਕਰਨ ਦੇ ਯਤਨਾ ਦੀ ਸ਼ਲਾਘਾ ਕੀਤੀ | ਇਸ ਮੌਕੇ ਉੱਘੇ ਕਿਸਾਨ ਤਰਲੋਚਨ ਸਿੰਘ, ਇੱਛਾ ਸਿੰਘ ਢੋਟ, ਗੁਰਦੇਵ ਸਿੰਘ ਤੇ ਇੰਦਰਬੀਰ ਸਿੰਘ ਨੇ ਵੀ ਸੰਬੋਧਨ ਕੀਤਾ | ਅਵਨੀਤ ਕੌਰ ਅਹੂਜਾ, ਸਹਿਯੋਗੀ ਪ੍ਰੋਫੈਸਰ ਗ੍ਰਹਿ ਵਿਗਿਆਨ ਨੇ ਤਰਬੂਜ਼ ਮੇਲੇ ਵਿਚ ਸ਼ਾਮਲ ਹੋਏ ਮਹਿਮਾਨਾਂ ਤੇ ਅਗਾਂਹ ਵਧੂ ਕਿਸਾਨਾਂ ਦਾ ਧੰਨਵਾਦ ਕੀਤਾ |