ਭੁਲੱਥ, 25 ਜੂਨ (ਮੇਹਰ ਚੰਦ ਸਿੱਧੂ)-ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਇਕ ਵਿੰਡੋ ‘ਤੇ ਅਨੇਕਾਂ ਸਹੂਲਤਾਂ ਮੁਹੱਈਆ ਕਰਵਾਉਣ ਦੇ ਮਕਸਦ ਤਹਿਤ ਸ਼ਹਿਰਾਂ ਅਤੇ ਕਸਬਿਆਂ ਵਿਚ ਬਣੇ ਸੇਵਾ ਕੇਂਦਰਾਂ ਤੋਂ ਅੱਜ ਭੁਲੱਥ ਇਲਾਕੇ ਦੇ ਲੋਕ ਬਹੁਤ ਜ਼ਿਆਦਾ ਪ੍ਰੇਸ਼ਾਨ ਹੋਏ | ਕਿਉਂਕਿ ਸ਼ਹਿਰ ਦੇ ਸੇਵਾ ਕੇਂਦਰਾਂ ਵਿਚ ਮੰਗਲਵਾਰ ਵਾਲੇ ਦਿਨ ਕਰੀਬ ਸਾਢੇ 5 ਘੰਟੇ ਈ-ਸੇਵਾ ਪੰਜਾਬ ਦਾ ਆਨਲਾਈਨ ਸਿਸਟਮ ਨਹੀਂ ਚੱਲਿਆ | ਜਿਸ ਕਾਰਨ ਦਰਜਨਾਂ ਲੋਕਾਂ ਨੂੰ ਖੱਜਲ ਹੋਣਾ ਪਿਆ | ਜ਼ਿਕਰਯੋਗ ਹੈ ਕਿ ਗਰਮੀ ਦੇ ਮੌਸਮ ਨੂੰ ਧਿਆਨ ਵਿਚ ਰੱਖਦੇ ਹੋਏ ਪੰਜਾਬ ਸਰਕਾਰ ਵੱਲੋਂ ਦਫ਼ਤਰਾਂ ਦੇ ਨਾਲ-ਨਾਲ ਸੇਵਾ ਕੇਂਦਰਾਂ ਦਾ ਸਮਾਂ ਵੀ ਬਦਲਿਆ ਹੋਇਆ ਹੈ | ਹੁਣ ਸਵੇਰੇ ਸਾਢੇ 7 ਵਜੇ ਤੋਂ ਦੁਪਹਿਰ ਦੇ ਸਾਢੇ ਤਿੰਨ ਵਜੇ ਤੱਕ ਸੇਵਾ ਕੇਂਦਰਾਂ ‘ਤੇ ਲੋਕਾਂ ਨੂੰ ਸੇਵਾਵਾਂ ਮੁਹੱਈਆ ਕਰਵਾਉਣ ਦਾ ਸਮਾਂ ਤੈਅ ਕੀਤਾ ਹੋਇਆ ਹੈ | ਪਰ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਾਸਤੇ ਸੇਵਾਵਾਂ ਲੈਣ ਲਈ ਲੋਕ ਅੱਜ-ਕੱਲ੍ਹ ਸੇਵਾ ਕੇਂਦਰ ਖੁੱਲ੍ਹਣ ਤੋਂ ਪਹਿਲਾਂ ਹੀ ਪਹੁੰਚ ਜਾਂਦੇ ਹਨ | ਕਿਉਂਕਿ ਜੇਕਰ ਕਿਸੇ ਨੇ ਸੇਵਾ ਕੇਂਦਰ ਤੋਂ ਕੋਈ ਸਹੂਲਤ ਲੈਣੀ ਹੈ ਤਾਂ ਉਸ ਵਾਸਤੇ ਆਪਣੀ ਵਾਰੀ ਦਾ ਟੋਕਨ ਲੈਣਾ ਲਾਜ਼ਮੀ ਹੈ, ਇਸੇ ਟੋਕਨ ਲਈ ਲੋਕ ਸਵੇਰੇ ਸੇਵਾ ਕੇਂਦਰ ਖੁੱਲਣ ਤੋਂ ਪਹਿਲਾਂ ਹੀ ਇੱਥੇ ਪਹੁੰਚ ਜਾਂਦੇ ਹਨ ਤਾਂ ਕਿ ਸੇਵਾ ਕੇਂਦਰ ਖੁੱਲ੍ਹਦੇ ਸਮੇਂ ਉਨ੍ਹਾਂ ਨੂੰ ਪਹਿਲਾਂ ਟੋਕਨ ਮਿਲ ਜਾਵੇ, ਜ਼ਿਕਰਯੋਗ ਹੈ ਕਿ ਮੰਗਲਵਾਰ ਵਾਲੇ ਦਿਨ ਵੀ ਟੋਕਨ ਲੈਣ ਲਈ ਲੋਕ ਹਾਲੇ ਲਾਈਨਾਂ ਵਿਚ ਸਨ | ਪਹਿਲੇ ਨੰਬਰਾਂ ਵਾਲੇ ਆਪਣਾ ਕੰਮ ਕਰਵਾ ਰਹੇ ਸਨ ਕਿ ਅਚਾਨਕ ਸਵਾ 8 ਤੇ ਸਾਢੇ 8 ਵਜੇ ਦੇ ਕਰੀਬ ਈ-ਸੇਵਾ ਪੰਜਾਬ ਦੀ ਵੈੱਬਸਾਈਟ ਸਲੋ ਹੋ ਕੇ ਬਾਅਦ ਵਿਚ ਸਿਸਟਮ ਬੰਦ ਹੋ ਗਿਆ | ਇਹ ਦੇਖ ਕੇ ਲੋਕ ਪ੍ਰੇਸ਼ਾਨ ਹੋ ਗਏ | ਸ਼ਹਿਰ ਦੇ ਦੋਵੇਂ ਸੇਵਾ ਕੇਂਦਰਾਂ ‘ਤੇ ਦਰਜਨਾਂ ਲੋਕ ਉਡੀਕ ਕਰਦੇ ਰਹੇ ਕਿ ਕਦੋਂ ਸਿਸਟਮ ਚੱਲੇਗਾ ਤੇ ਉਨ੍ਹਾਂ ਦਾ ਕੰਮ ਹੋਵੇਗਾ | ਪਰ ਸਿਸਟਮ ਘੰਟਿਆਂ ਬੱਧੀ ਦੁਪਹਿਰ ਦੇ ਕਰੀਬ 2 ਵਜੇ ਤੱਕ ਬੰਦ ਰਿਹਾ | ਮੌਕੇ ‘ਤੇ ਖੜੇ ਲੋਕ ਸਰਕਾਰ ਦੇ ਸਿਸਟਮ ਨੂੰ ਕੋਸ ਰਹੇ ਸਨ ਅਤੇ ਕੋਈ ਦੋ ਦਿਨ ਦਾ ਅਤੇ ਕਹਿ ਰਿਹਾ ਸੀ ਕਿ ਅਸੀਂ ਪਿਛਲੇ ਤਿੰਨ ਦਿਨ ਤੋਂ ਇੱਥੇ ਆ ਰਹੇ ਹਾਂ, ਸਾਡੇ ਕੰਮ ਨਹੀਂ ਹੋ ਰਹੇ | ਇਹ ਹਾਲਾਤ ਕਚਹਿਰੀ ਨੇੜਲੇ ਸੇਵਾ ਕੇਂਦਰ ਦੇ ਹਨ, ਜਦਕਿ ਤਹਿਸੀਲ ਵਾਲੇ ਸੇਵਾ ਕੇਂਦਰ ਬਾਰੇ ਵੀ ਲੋਕ ਕਹਿ ਰਹੇ ਹਨ ਕਿ ਅਸੀਂ ਅੱਜ ਬਹੁਤ ਪ੍ਰੇਸ਼ਾਨ ਹੋਏ ਹਾਂ | ਦੂਜੇ ਪਾਸੇ ਸੇਵਾ ਕੇਂਦਰ ਸਟਾਫ਼ ਕਹਿ ਰਿਹਾ ਸੀ ਕਿ ਪਿਛਲੇ ਦਿਨਾਂ ਤੋਂ ਸਿਸਟਮ ਵਿਚ ਸਮੱਸਿਆ ਆ ਰਹੀ ਹੈ | ਅੱਜ ਭੁਲੱਥ ਦੇ ਦੋਵੇਂ ਸੇਵਾ ਕੇਂਦਰਾਂ ਤੋਂ ਵੱਡੀ ਗਿਣਤੀ ਲੋਕ ਕੰਮ ਕਰਵਾਏ ਬਗੈਰ ਮੁੜੇ | ਇਸ ਮੌਕੇ ਲੋਕਾਂ ਨੇ ਜ਼ਿਲੇ੍ਹ ਦੇ ਡਿਪਟੀ ਕਮਿਸ਼ਨਰ ਕੋਲੋਂ ਮੰਗ ਕੀਤੀ ਹੈ ਕਿ ਸੇਵਾ ਕੇਂਦਰਾਂ ਵਿਚ ਸੇਵਾਵਾਂ ਨਿਰਵਿਘਨ ਮੁਹੱਈਆ ਕਰਵਾਈਆਂ ਜਾਣ |