ਫਗਵਾੜਾ, 25 ਜੂਨ (ਹਰਜੋਤ ਸਿੰਘ ਚਾਨਾ)-ਫਗਵਾੜਾ ਸ਼ਹਿਰ ‘ਚ ਚੜ੍ਹਦੀ ਸਵੇਰ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਜਿੱਥੇ ਕਚਹਿਰੀਆਂ ਦੇ ਸਾਹਮਣੇ ਸਥਿਤ ਫਲਾਈਓਵਰ ਉੱਪਰ ਪਰਾਲੀ ਨਾਲ ਭਰੀਆਂ ਦੋ ਟਰਾਲੀਆਂ ਪਲਟਣ ਕਾਰਨ ਹਾਈਵੇ ‘ਤੇ ਲੰਮਾ ਜਾਮ ਲੱਗ ਗਿਆ, ਜਿਸ ਨਾਲ ਆਵਾਜਾਈ ਕਾਫ਼ੀ ਸਮੇਂ ਤੱਕ ਪ੍ਰਭਾਵਿਤ ਰਹੀ | ਜਾਣਕਾਰੀ ਅਨੁਸਾਰ ਪਰਾਲੀ ਨਾਲ ਭਰੀਆਂ ਟਰਾਲੀਆਂ ਲੈ ਕੇ ਜਾ ਰਹੇ ਟਰੈਕਟਰ ਨੂੰ ਇੱਕ ਤੇਜ਼ ਰਫ਼ਤਾਰ ਟਰੱਕ ਨੇ ਸਾਈਡ ਮਾਰ ਦਿੱਤੀ | ਟੱਕਰ ਤੋਂ ਬਾਅਦ ਟਰੈਕਟਰ ਚਾਲਕ ਆਪਣਾ ਸੰਤੁਲਨ ਗੁਆ ਬੈਠਾ ਤੇ ਪਿੱਛੇ ਲੱਗੀਆਂ ਦੋਵੇਂ ਟਰਾਲੀਆਂ ਸੜਕ ਦੇ ਵਿਚਕਾਰ ਹੀ ਪਲਟ ਗਈਆਂ| ਹਾਦਸਾ ਇੰਨਾ ਜ਼ਬਰਦਸਤ ਸੀ ਕਿ ਪਰਾਲੀ ਸੜਕ ‘ਤੇ ਖਿੱਲਰ ਗਈ ਅਤੇ ਵਾਹਨਾਂ ਦੀ ਆਵਾਜਾਈ ਰੁਕ ਗਈ | ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਦੀਪੂ ਨਾਮਕ ਨੌਜਵਾਨ ਨੇ ਦੱਸਿਆ ਕਿ ਉਹ ਜਲੰਧਰ ਤੋਂ ਫਿਲੌਰ ਵੱਲ ਪਰਾਲੀ ਲੈ ਕੇ ਜਾ ਰਹੇ ਸਨ | ਜਦੋਂ ਉਹ ਫਗਵਾੜਾ ਫਲਾਈਓਵਰ ‘ਤੇ ਪਹੁੰਚੇ ਤਾਂ ਇੱਕ ਟਰੱਕ ਨੇ ਉਨ੍ਹਾਂ ਦੀਆਂ ਟਰਾਲੀਆਂ ਨੂੰ ਸਾਈਡ ਮਾਰ ਦਿੱਤੀ, ਜਿਸ ਕਾਰਨ ਇਹ ਹਾਦਸਾ ਵਾਪਰਿਆ | ਹਾਦਸੇ ਦੀ ਸੂਚਨਾ ਮਿਲਦਿਆਂ ਹੀ ਟਰੈਫ਼ਿਕ ਪੁਲਿਸ ਦੀ ਟੀਮ ਮੌਕੇ ‘ਤੇ ਪਹੁੰਚ ਗਈ | ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਟਰੱਕ ਦੀ ਟੱਕਰ ਕਾਰਨ ਦੋਵੇਂ ਟਰਾਲੀਆਂ ਪਲਟ ਗਈਆਂ ਸਨ | ਹਾਦਸੇ ਵਿਚ ਟਰੈਕਟਰ ਚਾਲਕਾਂ ਦਾ ਵਾਲ-ਵਾਲ ਬਚਾਅ ਹੋ ਗਿਆ | ਪੁਲਿਸ ਵਲੋਂ ਕਰੇਨ ਦੀ ਮਦਦ ਨਾਲ ਪਲਟੀਆਂ ਹੋਈਆਂ ਟਰਾਲੀਆਂ ਨੂੰ ਸੜਕ ਤੋਂ ਹਟਾਇਆ ਗਿਆ, ਜਿਸ ਤੋਂ ਬਾਅਦ ਆਵਾਜਾਈ ਮੁੜ ਸੁਚਾਰੂ ਢੰਗ ਨਾਲ ਚਾਲੂ ਕਰਵਾ ਦਿੱਤੀ ਗਈ |