ਕਪੂਰਥਲਾ, 30 ਜੂਨ (ਵਿਸ਼ੇਸ਼ ਪ੍ਰਤੀਨਿਧ)-ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਸੱਦੇ ‘ਤੇ ਅੱਜ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂ ਨਿਰਮਲ ਸਿੰਘ ਸ਼ੇਰਪੁਰ ਸੱਧਾ, ਯੂਥ ਵਿੰਗ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਗੁਰਪ੍ਰੀਤ ਸਿੰਘ ਚੀਦਾ ਤੇ ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਆਗੂ ਹਰਬੰਸ ਮੱਟੂ ਨੇ ਡਿਪਟੀ ਕਮਿਸ਼ਨਰ ਕਪੂਰਥਲਾ ਅਕਾਸ਼ ਬਾਂਸਲ ਨੂੰ ਪੰਜਾਬ ਸਰਕਾਰ ਦੇ ਨਾਂਅ ਇਕ ਮੰਗ ਪੱਤਰ ਦਿੱਤਾ | ਜਿਸ ਵਿਚ ਮੰਗ ਕੀਤੀ ਗਈ ਕਿ ਵੀ.ਬੀ.ਜੀ.ਰਾਮ.ਜੀ. ਸਕੀਮ ਰੱਦ ਕਰਕੇ ਮਨਰੇਗਾ ਸਕੀਮ ਮੁੜ ਬਹਾਲ ਕੀਤੀ ਜਾਵੇ ਤੇ ਮਜ਼ਦੂਰਾਂ ਨੂੰ 700 ਰੁਪਏ ਪ੍ਰਤੀ ਮਹੀਨਾ ਸਾਰਾ ਸਾਲ ਕੰਮ ਦਿੱਤਾ ਜਾਵੇ, ਬੁਢਾਪਾ, ਵਿਧਵਾ, ਅੰਗਹੀਣ ਤੇ ਆਸ਼ਰਿਤ ਪੈਨਸ਼ਨ ਘੱਟੋ ਘੱਟ 5 ਹਜ਼ਾਰ ਰੁਪਏ ਪ੍ਰਤੀ ਮਹੀਨਾ, ਲੋੜਵੰਦ ਮਜ਼ਦੂਰਾਂ ਨੂੰ 10-10 ਮਰਲੇ ਦੇ ਰਿਹਾਇਸ਼ੀ ਪਲਾਟ ਤੇ ਮਕਾਨ ਉਸਾਰੀ ਲਈ 5 ਲੱਖ ਰੁਪਏ ਪ੍ਰਤੀ ਪਰਿਵਾਰ ਗ੍ਰਾਂਟ ਦੇਣ, ਪਹਿਲਾਂ ਕੱਟੇ ਹੋਏ ਪਲਾਟਾਂ ‘ਤੇ ਕੀਤੇ ਕਬਜੇ ਤੁਰੰਤ ਹਟਾਉਣ, ਲਾਲ ਲਕੀਰ ਅੰਦਰਲੇ ਅਤੇ ਬਾਹਰਲੇ ਥਾਵਾਂ ‘ਤੇ ਰਿਹਾਇਸ਼ ਬਣਾ ਕੇ ਬੈਠੇ ਪਰਿਵਾਰਾਂ ਨੂੰ ਮਾਲਕੀ ਦੇ ਹੱਕ ਦੇਣ, ਬਿਜਲੀ ਸੋਧ ਬਿੱਲ 2025 ਰੱਦ ਕਰਨ, ਪੰਚਾਇਤੀ ਜ਼ਮੀਨ ਵਿਚੋਂ ਐਸ.ਸੀ. ਭਾਈਚਾਰੇ ਨੂੰ ਤੀਜਾ ਹਿੱਸਾ ਜ਼ਮੀਨ ਘੱਟ ਰੇਟ ‘ਤੇ ਦੇਣ, ਨਜ਼ੂਲ ਜ਼ਮੀਨਾਂ ਦੇ ਮਜ਼ਦੂਰਾਂ ਨੂੰ ਮਾਲਕੀ ਦੇ ਹੱਕ ਦੇਣ, ਆਬਾਦਕਾਰਾਂ, ਮਜ਼ਦੂਰਾਂ ਤੇ ਗਰੀਬਾਂ ਦਾ ਉਜਾੜਾ ਬੰਦ ਕਰਨ ਸਮੇਤ ਹੋਰ ਮੰਗਾਂ ਮੰਨਣ ‘ਤੇ ਜ਼ੋਰ ਦਿੱਤਾ ਗਿਆ | ਇਸ ਮੌਕੇ ਨਿਰਮਲ ਸਿੰਘ ਸ਼ੇਰਪੁਰ ਸੱਧਾ, ਗੁਰਪ੍ਰੀਤ ਸਿੰਘ ਚੀਦਾ ਤੇ ਹਰਬੰਸ ਮੱਟੂ ਨੇ ਕਿਹਾ ਕਿ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵਲੋਂ ਪੇਂਡੂ ਕਿਰਤੀਆਂ ਦੇ ਹੱਕਾਂ ਲਈ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ, ਪ੍ਰੰਤੂ ਸੂਬਾ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ, ਜਿਸ ਨੂੰ ਲੈ ਕੇ ਮਜ਼ਦੂਰਾਂ ਵਿਚ ਰੋਸ ਪਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਕੇਂਦਰ ਵਿਚਲੀ ਸਰਕਾਰ ਵਲੋਂ ਮਨਰੇਗਾ ਸਕੀਮ ਖ਼ਤਮ ਕਰਕੇ ਵੀ.ਬੀ.ਜੀ.ਰਾਮ.ਜੀ. ਸਕੀਮ ਲਿਆ ਕੇ ਦੇਸ਼ ਦੇ ਕਰੋੜਾਂ ਮਜ਼ਦੂਰਾਂ ਤੇ ਮੁਲਾਜ਼ਮਾਂ ਦੇ ਚੁੱਲੇ ਠੰਢੇ ਕੀਤੇ ਹਨ, ਪਰ ਪੰਜਾਬ ਸਰਕਾਰ ਮਜ਼ਦੂਰਾਂ ਦੇ ਹੱਕਾਂ ਦੀ ਰਾਖੀ ਦੀ ਥਾਂ ਕੇਂਦਰ ਸਰਕਾਰ ਵਲੋਂ ਬਣਾਈ ਗਈ ਵੀ.ਬੀ.ਜੀ.ਰਾਮ.ਜੀ. ਸਕੀਮ 1 ਜੁਲਾਈ ਤੋਂ ਪੰਜਾਬ ਵਿਚ ਲਾਗੂ ਕਰਨ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ, ਜਿਸ ਦਾ ਮਜ਼ਦੂਰ ਜਥੇਬੰਦੀਆਂ ਵਲੋਂ ਜ਼ੋਰਦਾਰ ਵਿਰੋਧ ਕੀਤਾ ਜਾਵੇਗਾ | ਉਨ੍ਹਾਂ ਪੰਜਾਬ ਸਰਕਾਰ ‘ਤੇ ਦੋਹਰੇ ਮਾਪਦੰਡ ਅਪਨਾਉਣ ਦਾ ਦੋਸ਼ ਲਗਾਇਆ ਤੇ ਕਿਹਾ ਕਿ ਪੰਜਾਬ ਵਿਧਾਨ ਸਭਾ ਵਿਚ ਪੰਜਾਬ ਸਰਕਾਰ ਨੇ ਪੰਜਾਬ ਵਿਚ ਵੀ.ਬੀ.ਜੀ.ਰਾਮ.ਜੀ. ਸਕੀਮ ਨੂੰ ਲਾਗੂ ਨਾ ਕਰਨ ਦਾ ਮਤਾ ਪਾਸ ਕੀਤਾ ਸੀ, ਜਿਸ ਤੋਂ ਸਰਕਾਰ ਦੀ ਨੀਅਤ ਤੇ ਨੀਤੀ ਸਪੱਸ਼ਟ ਤੌਰ ‘ਤੇ ਸਾਹਮਣੇ ਆਈ ਹੈ | ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਜਵਾਲਾਪੁਰ, ਕਸ਼ਮੀਰਾ ਸਿੰਘ ਭੰਡਾਲ ਦੋਨਾ, ਦਿਹਾਤੀ ਮਜ਼ਦੂਰ ਸਭਾ ਦੇ ਆਗੂ ਬਲਕਾਰ ਸਿੰਘ ਮੋਤੀਪੁਰ, ਸਰਵਨ ਸਿੰਘ ਦੋਦਾ ਵਜੀਰ, ਓਮ ਪ੍ਰਕਾਸ਼, ਨਛੱਤਰ ਸਿੰਘ, ਮਨਪ੍ਰੀਤ ਸਿੰਘ, ਬਿੰਦਰ ਰਾਮਪੁਰ ਜਗੀਰ, ਕੁਲਦੀਪ ਕੌਰ ਉੱਚਾ ਬੋਹੜਵਾਲਾ ਆਦਿ ਆਗੂ ਹਾਜ਼ਰ ਸਨ |