ਕਾਲਾ ਸੰਘਿਆਂ, 30 ਜੂਨ (ਬਲਜੀਤ ਸਿੰਘ ਸੰਘਾ)-ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਿਸ਼ਾਹ ਸਾਹਿਬ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪਾਵਨ ਚਰਨਾਂ ਦੀ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਗੁਰਦੁਆਰਾ ਟਾਹਲੀ ਸਾਹਿਬ ਪਾਤਸ਼ਾਹੀ ਛੇਵੀਂ ਪਿੰਡ ਬਲੇਰਖਾਨਪੁਰ ਵਿਖੇ ਕਲਾਤਮਕ ਢੰਗ ਨਾਲ ਉਸਾਰੀ ਅਧੀਨ ਗੁਰੂ ਘਰ ਦੀ ਦਰਸ਼ਨੀ ਡਿਉੜੀ ਦੇ ਮੁੱਢਲੇ ਢਾਂਚੇ ਦਾ ਕੰਮ ਕੁੱਝ ਸਮਾਂ ਪਹਿਲਾਂ ਤਕਰੀਬਨ ਮੁਕੰਮਲ ਹੋ ਗਿਆ ਸੀ, ਜਦ ਕਿ ਇਸ ਨੂੰ ਹੋਰ ਸੁੰਦਰ ਬਣਾਉਣ ਲਈ ਤਿਆਰੀ ਦਾ ਰਹਿੰਦਾ ਕੰਮ ਜੰਗੀ ਪੱਧਰ ‘ਤੇ ਚੱਲ ਰਿਹਾ ਹੈ | ਜਿਸ ਦੌਰਾਨ ਦਰਸ਼ਨੀ ਡਿਉੜੀ ‘ਤੇ ਅਦਭੁਤ ਮੀਨਾਕਾਰੀ ਦਾ ਕੰਮ ਕੀਤਾ ਜਾ ਰਿਹਾ ਹੈ | ਗੁੰਬਦ ‘ਤੇ ਗੁੰਬਦੀਆਂ ਜਿੱਥੇ ਤਿਆਰ ਕਰਕੇ ਖ਼ੂਬਸੂਰਤ ਦਿੱਖ ਪ੍ਰਦਾਨ ਕਰ ਦਿੱਤੀ ਗਈ ਹੈ, ਉੱਥੇ ਹੀ ਚਿੱਟੇ ਤੇ ਨੀਲੇ ਰੰਗ ਵਿਚ ਟਾਈਲਾਂ ਵਗ਼ੈਰਾ ਲਗਾਉਣ ਦਾ ਕੰਮ ਪੂਰੀ ਤਨਦੇਹੀ ਦੇ ਨਾਲ ਕੀਤਾ ਜਾ ਰਿਹਾ ਹੈ ਅਤੇ ਦਰਸ਼ਨੀ ਡਿਉੜੀ ਦੇ ਨਾਲ ਹੀ ਇਕ ਨਵਾਂ ਆਰਜ਼ੀ ਰਸਤਾ ਵੀ ਬਣਾਇਆ ਜਾ ਰਿਹਾ ਹੈ ਤਾਂ ਜੋ ਸੰਗਤ ਨੂੰ ਸਾਲਾਨਾ ਸਮਾਗਮ ਦੌਰਾਨ ਗੁਰੂ ਘਰ ਅੰਦਰ ਆਉਣ-ਜਾਣ ਲਈ ਸਹੂਲਤ ਮਿਲ ਸਕੇ | ਗੁਰੂ ਘਰ ਦੇ ਮੁੱਖ ਸੇਵਾਦਾਰ ਸੰਤ ਬਾਬਾ ਲੀਡਰ ਸਿੰਘ ਸੈਫਲਾਬਾਦ ਨੇ ਕਿਹਾ ਸੱਚਖੰਡ ਵਾਸੀ ਸੰਤ ਬਾਬਾ ਦਇਆ ਸਿੰਘ ਵੱਲੋਂ ਅਰੰਭ ਸਾਰੇ ਕਾਰਜ ਉਨ੍ਹਾਂ ਦੇ ਮਨਸੇ ਅਨੁਸਾਰ ਜਾਰੀ ਹਨ | ਜ਼ਿਕਰਯੋਗ ਹੈ ਕਿ ਇਹ ਗੁਰੂ ਘਰ ਕਪੂਰਥਲਾ-ਨਕੋਦਰ ਮੁੱਖ ਮਾਰਗ ਉੱਤੇ ਕਾਲਾ ਸੰਘਿਆਂ ਤੋਂ ਕੋਈ 4 ਕਿੱਲੋਮੀਟਰ ਦੀ ਦੂਰੀ ‘ਤੇ ਸਥਿਤ ਹੈ | ਉਨ੍ਹਾਂ ਦੱਸਿਆ ਕਿ ਜਿੱਥੇ ਗੁਰਦੁਆਰਾ ਸਾਹਿਬ ਜੀ ਦੀ 6 ਮੰਜ਼ਿਲਾਂ ਇਮਾਰਤ ਕਰੋੜਾਂ ਰੁਪਏ ਦੀ ਲਾਗਤ ਨਾਲ ਜੋ ਸੱਚਖੰਡ ਵਾਸੀ ਸੰਤ ਬਾਬਾ ਦਇਆ ਸਿੰਘ ਟਾਹਲੀ ਸਾਹਿਬ ਵਾਲਿਆਂ ਵੱਲੋਂ ਬਹੁਤ ਹੀ ਤਨਦੇਹੀ ਦੇ ਨਾਲ ਉਸਾਰੀ ਕਰਵਾਈ ਗਈ ਸੀ, ਉਸ ਨੂੰ ਜਿੱਥੇ ਮੁਕੰਮਲ ਕਰਕੇ ਸੰਗਤਾਂ ਦੇ ਸਮਰਪਿਤ ਕਰ ਦਿੱਤਾ ਗਿਆ ਹੈ, ਉੱਥੇ ਹੀ ਗੁਰੂ ਘਰ ਦੇ ਦਰਬਾਰ ਦੇ ਸਨਮੁੱਖ ਇਹ ਨਵ ਉਸਾਰੀ ਦਰਸ਼ਨੀ ਡਿਉੜੀ ਜੋ ਕਿ ਕਪੂਰਥਲਾ- ਨਕੋਦਰ ਮੁੱਖ ਸੜਕ ਦੇ ਉੱਤੇ ਸਥਿਤ ਹੈ, ਜਦੋਂ ਇਹ ਪੂਰਨ ਤੌਰ ‘ਤੇ ਤਿਆਰ ਹੋ ਜਾਵੇਗੀ ਇਸ ਦੇ ਨਾਲ ਗੁਰੂ ਘਰ ਦੀ ਦਿੱਖ ਦੇ ਵਿਚ ਹੋਰ ਭਾਰੀ ਵਾਧਾ ਹੋਵੇਗਾ | ਉਨ੍ਹਾਂ ਦੱਸਿਆ ਕਿ ਇਹ ਦਰਸ਼ਨੀ ਡਿਉੜੀ ਜੋ ਕਿ 3 ਮੰਜ਼ਿਲਾਂ ਉਸਾਰੀ ਗਈ ਹੈ, ਇਸ ਦੇ ਵਿਚ ਦੋ ਆਰਚਾਂ ਬਣਾਈਆਂ ਗਈਆਂ ਹਨ, ਜੋ ਕਿ ਫ਼ਰੰਟ ਸਾਈਡ ਅਤੇ ਬੈਕ ਸਾਈਡ ਤੇ ਹਨ | ਉਸ ਤੋਂ ਇਲਾਵਾ ਇਸ ਦੀ ਲੰਬਾਈ 65 ਫੁੱਟ ਤੇ ਚੌੜਾਈ 26 ਫੁੱਟ ਰੱਖੀ ਗਈ ਹੈ | ਇਸ ਦਰਸ਼ਨ ਦੀ ਡਿਉੜੀ ਦੇ ਉੱਪਰ ਬਹੁਤ ਹੀ ਸੁੰਦਰ ਵੱਡਾ ਗੁੰਬਦ ਤੇ ਆਸ-ਪਾਸ ਗੁੰਬਦੀਆਂ ਬਣਾਈਆਂ ਗਈਆਂ ਹਨ | ਬਾਬਾ ਜੀ ਨੇ ਕਿਹਾ ਕਿ ਸੰਗਤਾਂ ਦੇ ਸਹਿਯੋਗ ਦੇ ਨਾਲ ਕੀਤੇ ਜਾ ਰਹੇ ਇਹ ਕਾਰਜ ਬਹੁਤ ਜਲਦ ਸੰਪੂਰਨ ਹੋ ਜਾਣਗੇ | ਉਨ੍ਹਾਂ ਇਹ ਵੀ ਦੱਸਿਆ ਕਿ ਇਸ ਡਿਉੜੀ ਨੂੰ ਸੜਕ ਤੋਂ ਤਕਰੀਬਨ ਮੁੂਹਰਿਓ 9 ਸਟੈੱਪ ਉੱਚਾ ਰੱਖਿਆ ਗਿਆ ਹੈ ਤੇ ਅੰਦਰ ਵੀ ਇਸ ਦੇ ਕਰੀਬ 8 ਸਟੈੱਪ ਬਣਾਏ ਗਏ ਹਨ ਤਾਂ ਜੋ ਸੰਗਤਾਂ ਨੂੰ ਆਉਣ-ਜਾਣ ਦੇ ਵਿਚ ਕੋਈ ਮੁਸ਼ਕਿਲ ਪੈਦਾ ਨਾ ਆਵੇ | ਬਾਬਾ ਜੀ ਨੇ ਅੱਗੇ ਦੱਸਿਆ ਕਿ ਗੁਰੂ ਘਰ ਦੇ ਲੰਗਰ ਹਾਲ ਨੂੰ ਵੀ ਲੈਂਟਰ ਪਾ ਕੇ ਤੇ ਰੰਗ ਰੋਗਨ ਵਗ਼ੈਰਾ ਕਰਕੇ ਸੰਗਤਾਂ ਦੇ ਸਮਰਪਿਤ ਕਰ ਦਿੱਤਾ ਗਿਆ ਹੈ | ਉਨ੍ਹਾਂ ਨੇ ਸਮੂਹ ਸੰਗਤਾਂ ਨੂੰ ਗੁਰੂ ਘਰ ਦੇ ਵਿਚ ਚੱਲ ਰਹੇ ਵਿਕਾਸ ਕਾਰਜਾਂ ਵਿਚ ਤੇ 5 ਜੁਲਾਈ ਦੇ ਸਾਲਾਨਾ ਜੋੜ ਮੇਲੇ ਵਿਚ ਵਡਮੁੱਲਾ ਸਹਿਯੋਗ ਕਰਨ ਅਤੇ ਅਤੇ ਸ਼ਾਮਿਲ ਹੋ ਕੇ ਗੁਰੂ ਘਰ ਦੀਆਂ ਖ਼ੁਸ਼ੀਆਂ ਪ੍ਰਾਪਤ ਕਰਨ ਲਈ ਸੰਗਤਾਂ ਨੂੰ ਬੇਨਤੀ ਕੀਤੀ ਹੈ |