ਕਪੂਰਥਲਾ, 2 ਜੁਲਾਈ (ਅਮਰਜੀਤ ਕੋਮਲ)-ਜ਼ਿਲ੍ਹੇ ਵਿਚਲੇ ਮੰਡ ਬਾਊਪੁਰ ਦੇ 16 ਟਾਪੂਨੁਮਾ ਪਿੰਡਾਂ ਜੋ ਪਿਛਲੇ ਸਾਲ ਹੜ੍ਹ ਨਾਲ ਹੋਈ ਤਬਾਹੀ ਕਾਰਨ ਅਜੇ ਤੱਕ ਆਪਣੇ ਪੈਰਾਂ ‘ਤੇ ਖੜ੍ਹੇ ਨਹੀਂ ਹੋ ਸਕੇ ਤੇ ਹੁਣ ਦਰਿਆ ਬਿਆਸ ਵਿਚ ਵੱਧ ਰਹੇ ਪਾਣੀ ਕਾਰਨ ਉਨ੍ਹਾਂ ਨੂੰ ਮੁੜ ਹੜ੍ਹ ਆਉਣ ਦਾ ਖ਼ਦਸ਼ਾ ਸਤਾ ਰਿਹਾ ਹੈ| ਪਿੰਡ ਰਾਮਪੁਰ ਗੋਰੇ ਵਿਖੇ ਦਰਜਨ ਦੇ ਕਰੀਬ ਜਿਹੜੇ ਘਰ ਦਰਿਆ ਬੁਰਦ ਹੋ ਗਏ ਸਨ ਉਨ੍ਹਾਂ ’ਚੋਂ 4 ਪਰਿਵਾਰ ਬਿਨਾਂ ਛੱਤ ਦੇ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਹਨ ਤੇ ਇਨ੍ਹਾਂ ਪਰਿਵਾਰਾਂ ਨੂੰ ਲਗਪਗ 11 ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਵਲੋਂ ਮਕਾਨ ਬਣਾਉਣ ਲਈ ਦਿੱਤੀ ਜਾਂਦੀ ਪ੍ਰਤੀ ਘਰ 1.20 ਲੱਖ ਰੁਪਏ ਦੀ ਗ੍ਰਾਂਟ ਨਹੀਂ ਮਿਲੀ| ਪ੍ਰਭਾਵਿਤ ਲੋਕਾਂ ਨੂੰ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਤੋਂ ਇਹ ਗਿਲਾ ਹੈ ਕਿ ਹੁਣ ਦੂਜੀ ਵਾਰ ਹੜ ਆਉਣ ਵਾਲਾ ਹੈ ਪਰ ਅਜੇ ਤੱਕ ਕਿਸੇ ਨੇ ਵੀ ਉਨ੍ਹਾਂ ਦੀ ਕੋਈ ਸਾਰ ਨਹੀਂ ਲਈ| ਜਿੱਥੋਂ ਤੱਕ ਇਸ ਖੇਤਰ ਵਿਚ ਪੈਂਦੀਆਂ 3 ਪੰਚਾਇਤਾਂ ਮੰਡ ਬਾਊਪੁਰ, ਮੰਡ ਸਾਂਗਰਾ ਤੇ ਮੰਡ ਰਾਮਪੁਰ ਗੌਰੇ ਦਾ ਸਵਾਲ ਹੈ ਪੰਜਾਬ ਸਰਕਾਰ ਦੇ ਸਾਢੇ ਚਾਰ ਵਰ੍ਹੇ ਦੇ ਰਾਜ ਦੌਰਾਨ ਉਨ੍ਹਾਂ ਨੂੰ ਵਿਕਾਸ ਲਈ ਕੋਈ ਵੀ ਗ੍ਰਾਂਟ ਨਹੀਂ ਮਿਲੀ ਤੇ ਅੱਜ ਮਾਨਸੂਨ ਦੀ ਪਹਿਲੀ ਬਾਰਿਸ਼ ਹੋਣ ਕਾਰਨ ਇਨ੍ਹਾਂ ਪਿੰਡਾਂ ਨੂੰ ਜਾਂਦੇ ਕੱਚੇ ਰਸਤਿਆਂ ਵਿਚ ਪਾਣੀ ਭਰਨ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਹੈ ਤੇ ਦੋ ਪਹੀਆ ਗੱਡੀਆਂ ਤੇ ਪੈਦਲ ਜਾਣ ਵਾਲੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਪਿੰਡ ਬਾਊਪੁਰ ਦੇ ਕਿਸਾਨ ਆਗੂ ਪਰਮਜੀਤ ਸਿੰਘ ਨੇ ‘ਅਜੀਤ’ ਨੂੰ ਦੱਸਿਆ ਕਿ ਪਿਛਲੇ ਸਾਲ ਅਗਸਤ ਮਹੀਨੇ ਵਿਚ ਜਦੋਂ ਹੜ੍ਹ ਨੇ ਇਸ ਖੇਤਰ ਵਿਚ ਤਬਾਹੀ ਮਚਾਈ ਤਾਂ ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਤੇ ਹੋਰ ਕੈਬਨਿਟ ਮੰਤਰੀਆਂ ਨੇ ਉਨ੍ਹਾਂ ਨੂੰ ਲੋੜੀਂਦੀ ਮਦਦ ਦਾ ਭਰੋਸਾ ਦਿਵਾਇਆ ਸੀ| ਉਨ੍ਹਾਂ ਕਿਹਾ ਕਿ ਪੂਰਾ ਵਰ੍ਹਾ ਬੀਤ ਜਾਣ ਦੇ ਬਾਵਜੂਦ ਉਨ੍ਹਾਂ ਦੇ ਪੱਲੇ ਕੁੱਝ ਵੀ ਨਹੀਂ ਪਿਆ। ਕੇਵਲ ਸਰਕਾਰ ਵਲੋਂ ਇਸ ਖੇਤਰ ਦੇ ਲਗਪਗ 15 ਫੀਸਦੀ ਕਿਸਾਨਾਂ ਨੂੰ ਮੁਆਵਜ਼ਾ ਮਿਲਿਆ ਹੈ| ਉਨ੍ਹਾਂ ਕਿਹਾ ਕਿ ਮਾਲਕੀ ਵਾਲੀਆਂ ਜ਼ਮੀਨਾਂ ਤੋਂ ਇਲਾਵਾ ਇਸ ਖੇਤਰ ਦੇ ਲੋਕਾਂ ਨੇ ਸਖ਼ਤ ਮਿਹਨਤ ਤੋਂ ਬਾਅਦ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਮਾਲਕੀ ਵਾਲੀਆਂ ਜ਼ਮੀਨਾਂ ਆਬਾਦ ਕਰਕੇ ਖੇਤੀ ਯੋਗ ਬਣਾਈਆਂ, ਇਨ੍ਹਾਂ ਜ਼ਮੀਨਾਂ ਦੀਆਂ ਗਿਰਦਾਵਰੀਆਂ ਉਨ੍ਹਾਂ ਦੇ ਨਾਂਅ ਹਨ ਤੇ ਲੰਮੇ ਸਮੇਂ ਤੋਂ ਉਹ ਇਨ੍ਹਾਂ ਜ਼ਮੀਨਾਂ ਵਿਚ ਖੇਤੀ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਪਿਛਲੇ ਅਰਸੇ ਦੌਰਾਨ ਪੰਜਾਬ ਵਿਚ ਬਣੀਆਂ ਕਾਂਗਰਸ ਤੇ ਅਕਾਲੀ ਦਲ ਦੀਆਂ ਸਰਕਾਰਾਂ ਨੇ ਹੜ੍ਹ ਤੇ ਹੋਰ ਕੁਦਰਤੀ ਆਫ਼ਤਾਂ ਨਾਲ ਨੁਕਸਾਨੀਆਂ ਗਈਆਂ ਫ਼ਸਲਾਂ ਦਾ ਉਨ੍ਹਾਂ ਨੂੰ ਮੁਆਵਜ਼ਾ ਦਿੰਦੀਆਂ ਰਹੀਆਂ ਹਨ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਨ੍ਹਾਂ ਨੂੰ ਇਨ੍ਹਾਂ ਜ਼ਮੀਨਾਂ ਦਾ ਮੁਆਵਜ਼ਾ ਨਹੀਂ ਦਿੱਤਾ ਜਦਕਿ ਹੜ੍ਹ ਨੇ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਕੀਤਾ| ਮੌਕੇ ‘ਤੇ ਮਿਲੇ ਕੁਝ ਹੋਰ ਕਿਸਾਨਾਂ ਨੇ ਦੱਸਿਆ ਕਿ ਜਦੋਂ ਪਿਛਲੇ ਸਾਲ ਅਗਸਤ ਮਹੀਨੇ ਵਿਚ ਹੜ੍ਹ ਆਇਆ ਤਾਂ ਇਸ ਖੇਤਰ ਦੇ ਲੋਕਾਂ ਵਲੋਂ ਬਣਾਇਆ ਆਰਜ਼ੀ ਬੰਨ ਟੁੱਟਣ ਨਾਲ ਪਿੰਡ ਰਾਮਪੁਰ ਗੌਰੇ ਦਰਿਆ ਬੁਰਦ ਹੋ ਗਿਆ, ਜਿਸ ਨਾਲ ਰਾਮਪੁਰ ਗੌਰੇ, ਮੰਡ ਮੁਬਾਰਕਪੁਰ, ਸਾਂਗਰਾ, ਮੁਹੰਮਦਾਬਾਦ, ਕਿਸ਼ਨਪੁਰ ਕੜਕਾ ਦੀ 200 ਏਕੜ ਜ਼ਮੀਨ ਦਰਿਆ ਦੀ ਭੇਟ ਚੜ੍ਹ ਗਈ ਤੇ ਇਸ ਜ਼ਮੀਨ ਵਿਚ ਦੀ ਹੁਣ ਦਰਿਆ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਵਹਿ ਰਿਹਾ ਹੈ। ਕਿਸਾਨਾਂ ਨੇ ਦੱਸਿਆ ਕਿ ਇਸ ਟੁੱਟੇ ਹੋਏ ਬੰਨ ਨੂੰ ਬੰਨਣ ਤੇ ਦਰਿਆ ਦਾ ਮੁਹਾਣ ਪਹਿਲਾਂ ਵਾਲੇ ਪਾਸੇ ਵੱਲ ਮੋੜਣ ਲਈ ਸੰਤ ਮਹਾਂਪੁਰਸ਼ਾਂ ਤੇ ਵੱਡੀ ਗਿਣਤੀ ਵਿਚ ਪੰਜਾਬ, ਰਾਜਸਥਾਨ, ਹਰਿਆਣਾ, ਯੂ.ਪੀ. ਤੇ ਹੋਰ ਰਾਜਾਂ ਦੀਆਂ ਸੰਗਤਾਂ ਨੇ ਹੜ੍ਹ ਕਾਰਜਾਂ ਸੰਬੰਧੀ ਬਣਾਈ ਕਮੇਟੀ ਨੂੰ ਡੀਜ਼ਲ ਤੇ ਨਕਦ ਰਕਮ ਖੁੱਲ੍ਹੇ ਦਿਲ ਨਾਲ ਦਾਨ ਕੀਤੀ| ਉਨ੍ਹਾਂ ਕਿਹਾ ਕਿ ਇਸ ਰਕਮ ਨਾਲ ਉਨ੍ਹਾਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਆਰਜ਼ੀ ਬੰਨ ਬੰਨਣ ਦਾ ਕੰਮ ਸ਼ੁਰੂ ਕੀਤਾ ਤੇ 500 ਮੀਟਰ ਲੰਬਾ ਬੰਨ ਬੰਨਣ ਤੋਂ ਬਾਅਦ ਪੈਸੇ ਖ਼ਤਮ ਹੋਣ ‘ਤੇ ਕੰਮ ਅਧੂਰਾ ਰਹਿ ਗਿਆ | ਇਸੇ ਦੌਰਾਨ ਹੀ ਤਰਨਤਾਰਨ ਜ਼ਿਲ੍ਹੇ ਦੇ ਮੁੰਡਾ ਪਿੰਡ ਦੇ ਲੋਕਾਂ ਨੇ ਦਰਿਆ ਬਿਆਸ ਦੇ ਮੁਹਾਣ ਨੂੰ ਬਦਲਣ ਲਈ ਆਪਣੇ ਵਾਲੇ ਪਾਸੇ ਬੰਨ ਲਗਾ ਦਿੱਤਾ ਤੇ ਇਸ ਸਮੇਂ ਪੱਕੇ ਤੌਰ ‘ਤੇ ਦਰਿਆ ਬਿਆਸ ਮੰਡ ਗੌਰੇ ਤੇ ਹੋਰ ਪਿੰਡਾਂ ਦੀਆਂ ਜ਼ਮੀਨਾਂ ਵਿਚ ਦੀ ਵਹਿ ਰਿਹਾ ਹੈ| ਮੰਡ ਗੌਰੇ ਦੇ ਵਾਸੀ ਪ੍ਰਗਟ ਸਿੰਘ ਨੇ ਦੱਸਿਆ ਕਿ ਦਰਿਆ ਦਾ ਵਹਿਣ ਬਦਲਣ ਨਾਲ ਉਨ੍ਹਾਂ ਦਾ ਘਰ ਦੇਖਦਿਆਂ ਦੇਖਦਿਆਂ ਹੀ ਦਰਿਆ ਆਪਣੇ ਨਾਲ ਵਹਾ ਕੇ ਲੈ ਗਿਆ ਤੇ ਅਜੇ ਤੱਕ ਉਨ੍ਹਾਂ ਨੂੰ ਘਰ ਦੀ ਛੱਤ ਨਸੀਬ ਨਹੀਂ ਹੋਈ | ਉਨ੍ਹਾਂ ਕਿਹਾ ਕਿ ਦਰਿਆ ਲਗਾਤਾਰ ਇਸ ਖੇਤਰ ਦੇ ਲੋਕਾਂ ਦੀਆਂ ਜ਼ਮੀਨ ਨੂੰ ਖੋਰਾ ਲਗਾ ਰਿਹਾ ਹੈ ਤੇ ਹੁਣ ਦਰਿਆ ਪਾਰ ਦੇ ਇਸ ਟਾਪੂ ਨਾਲ ਸੰਬੰਧਿਤ ਲੋਕਾਂ ਨੂੰ ਆਵਾਜਾਈ ਲਈ ਬੇੜੀ ਦਾ ਸਹਾਰਾ ਲੈਣਾ ਪੈ ਰਿਹਾ ਹੈ| ਪ੍ਰਭਾਵਿਤ ਕਿਸਾਨਾਂ ਨੇ ਦੱਸਿਆ ਕਿ ਹੜ੍ਹ ਨਾਲ ਜਿਹੜੇ ਕਿਸਾਨਾਂ ਦੇ ਖੇਤਾਂ ਵਿਚ ਰੇਤ ਭਰ ਗਈ ਸੀ ਉਸ ਦੇ ਢੇਰ ਅਜੇ ਵੀ ਲੱਗੇ ਨਜ਼ਰ ਆ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਵਲੋਂ ਇਹ ਕਿਹਾ ਗਿਆ ਸੀ ਕਿ ਜਿਸ ਦਾ ਖੇਤ ਉਸਦੀ ਰੇਤ ਦੇ ਫ਼ੈਸਲੇ ਤੋਂ ਬਾਅਦ ਕਿਸਾਨ ਜਾਂ ਹੋਰ ਸੰਸਥਾਵਾਂ ਨੇ ਖੇਤਾਂ ਵਿਚੋਂ ਰੇਤਾ ਚੁੱਕਣ ਦਾ ਕੰਮ ਸ਼ੁਰੂ ਕੀਤਾ ਤਾਂ ਮਾਈਨਿੰਗ ਵਿਭਾਗ ਨੇ ਲੋਕਾਂ ਨੂੰ ਇਹ ਕਹਿ ਕੇ ਰੋਕ ਦਿੱਤਾ ਕਿ ਉਹ ਗੈਰ ਕਾਨੂੰਨੀ ਮਾਈਨਿੰਗ ਨੂੰ ਬਰਦਾਸ਼ਤ ਨਹੀਂ ਕਰਨਗੇ, ਜਿਸ ਕਾਰਨ ਖੇਤਾਂ ਵਿਚੋਂ ਰੇਤ ਚੁੱਕਣ ਦਾ ਕੰਮ ਠੱਪ ਹੋ ਕੇ ਰਹਿ ਗਿਆ |