ਕਪੂਰਥਲਾ, 4 ਜੁਲਾਈ (ਅਮਰਜੀਤ ਕੋਮਲ)-ਜ਼ਿਲ੍ਹੇ ਵਿਚ ਖਾਣ ਪੀਣ ਵਾਲੇ ਪਦਾਰਥਾਂ ਦੀ ਚੈਕਿੰਗ ਤੇ ਸੈਂਪਿਲੰਗ ਪ੍ਰਕਿਰਿਆ ਵਿਚ ਤੇਜ਼ੀ ਲਿਆਂਦੀ ਜਾਵੇ ਤਾਂ ਜੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਸਕੇ| ਇਹ ਗੱਲ ਅਕਾਸ਼ ਬਾਂਸਲ ਡਿਪਟੀ ਕਮਿਸ਼ਨਰ ਕਪੂਰਥਲਾ ਨੇ ‘ਸੇਫ਼ ਫੂਡ ਐਂਡ ਹੈਲਦੀ ਡਾਈਟ’ ਸੰਬੰਧੀ ਜ਼ਿਲ੍ਹਾ ਪੱਧਰੀ ਸਲਾਹਕਾਰ ਕਮੇਟੀ ਦੀ ਮੀਟਿੰਗ ਵਿਚ ਅਪ੍ਰੈਲ ਤੋਂ ਜੂਨ 2026 ਤੱਕ ਦੀ ਕਾਰਗੁਜ਼ਾਰੀ ਦੀ ਸਮੀਖਿਆ ਕਰਨ ਉਪਰੰਤ ਕਮੇਟੀ ਦੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਹੀ | ਉਨ੍ਹਾਂ ਫੂਡ ਵਿੰਗ ਨੂੰ ਕਿਹਾ ਕਿ ਕਪੂਰਥਲਾ ਦੇ ਸ਼ਾਲੀਮਾਰ ਬਾਗ, ਮਾਲ ਰੋਡ ਤੇ ਫਗਵਾੜਾ ਦੇ ਹਰਿਗੋਬਿੰਦ ਨਗਰ ਵਿਚ ਫਾਸਟ ਫੂਡ ਵਿਕੇ੍ਰਤਾਵਾਂ, ਰੇਹੜੀਆਂ ਤੇ ਸਟਾਲਾਂ ਦੀ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਜਾਵੇ| ਉਨ੍ਹਾਂ ਕਿਹਾ ਕਿ ਇਹ ਗੱਲ ਹਰ ਹਾਲਤ ਵਿਚ ਯਕੀਨੀ ਬਣਾਈ ਜਾਵੇ ਕਿ ਦੁਕਾਨਦਾਰ ਤੇ ਰੇਹੜੀ ਵਾਲਿਆਂ ਵਲੋਂ ਖਾਣ ਪੀਣ ਵਾਲੀਆਂ ਵਸਤੂਆਂ ਨੂੰ ਫਰਾਈ ਕਰਨ ਲਈ ਵਰਤਿਆ ਜਾਣ ਵਾਲਾ ਤੇਲ ਦੋ ਵਾਰ ਤੋਂ ਵੱਧ ਨਾ ਵਰਤਿਆ ਜਾਵੇ| ਉਨ੍ਹਾਂ ਸਹਾਇਕ ਕਮਿਸ਼ਨਰ ਫੂਡ ਨੂੰ ਫੂਡ ਸੇਫ਼ਟੀ ਆਨ ਵਹੀਕਲਜ਼ ਵਾਹਨ ਨੂੰ ਜ਼ਿਲ੍ਹੇ ’ਚ ਜਲਦੀ ਕਾਰਜਸ਼ੀਲ ਕਰਨ ਦੇ ਹੁਕਮ ਦਿੱਤੇ| ਡਿਪਟੀ ਕਮਿਸ਼ਨਰ ਨੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਮਹੀਨੇ ਵਿਚ ਘੱਟੋ ਘੱਟ 3 ਸਕੂਲਾਂ ਵਿਚ ਜਾ ਕੇ ਮਿਡ ਡੇ ਮੀਲ ਦੀ ਗੁਣਵੱਤਾ ਦੀ ਜਾਂਚ ਕਰਨ | ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਖਾਣੇ ਦੀ ਮਾੜੀ ਗੁਣਵੱਤਾ ਸੰਬੰਧੀ ਕੋਈ ਸ਼ਿਕਾਇਤ ਹੋਵੇ ਤਾਂ ਉਹ ਫੂਡ ਸੇਫ਼ਟੀ ਐਂਡ ਸਟੈਂਡਰਡ ਅਥਾਰਿਟੀ ਆਫ਼ ਇੰਡੀਆ ਦੇ ਟੋਲ ਫ਼੍ਰੀ ਹੈਲਪਲਾਈਨ ਨੰਬਰ 1800112100 ਜਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਹੈਲਪਲਾਈਨ ਨੰਬਰ 01822-233777 ‘ਤੇ ਕਾਲ ਕਰਕੇ ਦਰਜ ਕਰਵਾਈ ਜਾ ਸਕਦੀ ਹੈ| ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਫੂਡ ਕੰਟੈਕਟ ਐਪ, ਫੋਸ ਕੋਸ ਤੇ ਪੀ. ਜੀ. ਆਰ. ਐਸ. ਪੋਰਟਲ ਰਾਹੀਂ ਆਨਲਾਈਨ ਸ਼ਿਕਾਇਤਾਂ ਵੀ ਦਰਜ ਕਰਵਾਈਆਂ ਜਾ ਸਕਦੀਆਂ ਹਨ| ਮੀਟਿੰਗ ’ਚ ਆਂਗਣਵਾੜੀਆਂ ਦੀ ਫੂਡ ਸੇਫ਼ਟੀ ਐਂਡ ਸਟੈਂਡਰਡਜ਼ ਅਥਾਰਿਟੀ ਆਫ਼ ਇੰਡੀਆ ਦੀ ਰਜਿਸਟਰੇਸ਼ਨ ਕਰਵਾਉਣ ਤੇ ਅਦਾਲਤ ਵਿਚ ਚੱਲ ਰਹੇ ਫੂਡ ਸੇਫ਼ਟੀ ਕੇਸਾਂ ਦੇ ਜਲਦੀ ਨਿਪਟਾਰੇ ਸੰਬੰਧੀ ਵੀ ਸੰਬੰਧਿਤ ਅਧਿਕਾਰੀਆਂ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ |
ਜ਼ਿਲ੍ਹੇ ਵਿਚ ਖਾਣ-ਪੀਣ ਵਾਲੇ ਪਦਾਰਥਾਂ ਦੀ ਚੈਕਿੰਗ ਤੇ ਸੈਂਪਿਲੰਗ ਪ੍ਰਕਿਰਿਆ ’ਚ ਤੇਜ਼ੀ ਲਿਆਂਦੀ ਜਾਵੇ-ਅਕਾਸ਼ ਬਾਂਸਲ
ਅਜੀਤ ਡੈਸਕ
05-07-2026