06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਨਗਰ ਨਿਗਮ ਦੀ ਟੀਮ ਵਲੋਂ ਨਿਊ ਅਹੂਜਾ ਸਵੀਟਸ ਤੇ ਰੈਸਟੋਰੈਂਟ ਨੂੰ ਕੀਤਾ ਸੀਲ

Ad Position 21
No active advertisement
ਅਜੀਤ ਡੈਸਕ 08-07-2026

ਕਪੂਰਥਲਾ, 7 ਜੁਲਾਈ (ਅਮਰਜੀਤ ਸਿੰਘ ਸਡਾਨਾ)-ਅੱਜ ਸ਼ਾਮ ਦੇ ਸਮੇਂ ਸਥਾਨਕ ਚਾਰਬੱਤੀ ਚੌਂਕ ਨੇੜੇ ਅਹੂਜਾ ਰੈਸਟੋਰੈਂਟ ਤੇ ਨਿਊ ਅਹੂਜਾ ਸਵੀਟਸ ਦੇ ਬਾਹਰ ਸਥਿਤੀ ਉਸ ਸਮੇਂ ਤਣਾਅਪੂਰਨ ਹੋ ਗਈ, ਜਦੋਂ ਨਗਰ ਨਿਗਮ ਦੇ ਏ.ਟੀ.ਪੀ. ਦੀ ਅਗਵਾਈ ਹੇਠ ਨਿਗਮ ਦੀ ਟੀਮ ਅਹੂਜਾ ਰੈਸਟੋਰੈਂਟ ਨੂੰ ਸੀਲ ਕਰਨ ਲਈ ਪਹੁੰਚ ਗਈ, ਜਿਸ ਦਾ ਰੈਸਟੋਰੈਂਟ ਮਾਲਕ ਵਿਸ਼ਾਲ ਅਹੂਜਾ ਤੇ ਉਨ੍ਹਾਂ ਦੇ ਸਮਰਥਕਾਂ ਵਲੋਂ ਵਿਰੋਧ ਕੀਤਾ ਗਿਆ | ਇਸ ਮੌਕੇ ਅਹੂਜਾ ਰੈਸਟੋਰੈਂਟ ਦੇ ਵਕੀਲ ਚੰਦਰ ਸ਼ੇਖਰ ਨੇ ਦੱਸਿਆ ਕਿ ਉਨ੍ਹਾਂ ਨੂੰ ਇਕ ਦਿਨ ਪਹਿਲਾਂ ਹੀ ਨੋਟਿਸ ਨਗਰ ਨਿਗਮ ਵਲੋਂ ਮਿਲਿਆ ਹੈ ਤੇ ਅੱਜ 24 ਘੰਟੇ ਬੀਤਣ ਤੋਂ ਪਹਿਲਾਂ ਹੀ ਨਿਗਮ ਦੀ ਟੀਮ ਰੈਸਟੋਰੈਂਟ ਨੂੰ ਸੀਲ ਕਰਨ ਲਈ ਪਹੁੰਚ ਗਈ ਹੈ ਤੇ ਇਹ ਸਭ ਕੁੱਝ ਆਮ ਆਦਮੀ ਪਾਰਟੀ ਦੀ ਸ਼ੈਅ ‘ਤੇ ਮੇਅਰ ਦੀ 8 ਜੁਲਾਈ ਨੂੰ ਹੋਣ ਵਾਲੀ ਚੋਣ ਨੂੰ ਪ੍ਰਭਾਵਿਤ ਕਰਨ ਲਈ ਕੀਤਾ ਗਿਆ ਹੈ, ਕਿਉਂਕਿ ਰੈਸਟੋਰੈਂਟ ਮਾਲਕ ਵਿਸ਼ਾਲ ਅਹੂਜਾ ਦੀ ਪਤਨੀ ਨੇਹਾ ਅਹੂਜਾ ਵਾਰਡ ਨੰਬਰ 14 ਤੋਂ ਕਾਂਗਰਸ ਦੀ ਟਿਕਟ ਤੋਂ ਕੌਂਸਲਰ ਦੀ ਚੋਣ ਜਿੱਤੇ ਹਨ ਤੇ ਉਨ੍ਹਾਂ ਦੇ ਮੇਅਰ ਦੀ ਚੋਣ ਦੌਰਾਨ ਆਮ ਆਦਮੀ ਪਾਰਟੀ ਨੂੰ ਸਮਰਥਨ ਕਰਨ ਦਾ ਦਬਾਅ ਬਣਾਇਆ ਜਾ ਰਿਹਾ ਹੈ ਤੇ ਇਸੇ ਕੜੀ ਤਹਿਤ ਹੀ ਬੀਤੇ ਕਰੀਬ 17-18 ਸਾਲ ਤੋਂ ਚੱਲ ਰਹੇ ਉਨ੍ਹਾਂ ਦੇ ਰੈਸਟੋਰੈਂਟ ਨੂੰ ਸੀਲ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ | ਮਾਹੌਲ ਨੂੰ ਦੇਖਦੇ ਹੋਏ ਕਾਂਗਰਸ ਦੇ ਆਗੂ ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਵੀ ਮੌਕੇ ‘ਤੇ ਪਹੁੰਚ ਗਏ ਤੇ ਆਮ ਆਦਮੀ ਪਾਰਟੀ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ | ਕਾਂਗਰਸ ਆਗੂਆਂ ਨੇ ਦੋਸ਼ ਲਗਾਇਆ ਕਿ ਸਿਆਸੀ ਦਬਾਅ ਕਾਰਨ ਹੀ ਇਹ ਸਾਰੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ, ਜਿਸ ਦਾ ਜ਼ੋਰਦਾਰ ਵਿਰੋਧ ਹੋਇਆ | ਵਿਰੋਧ ਨੂੰ ਦੇਖਦੇ ਹੋਏ ਨਿਗਮ ਅਧਿਕਾਰੀਆਂ ਨੇ ਸੁਰੱਖਿਆ ਸਬੰਧੀ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ, ਜਿਸ ‘ਤੇ ਡੀ.ਐਸ.ਪੀ. ਸੁਖਪਾਲ ਸਿੰਘ ਰੰਧਾਵਾ ਦੀ ਅਗਵਾਈ ਹੇਠ ਥਾਣਾ ਸਿਟੀ ਮੁਖੀ ਅਮਨਦੀਪ ਨਾਹਰ, ਥਾਣਾ ਸਦਰ ਮੁਖੀ ਰਣਜੀਤ ਸਿੰਘ, ਥਾਣਾ ਕੋਤਵਾਲੀ ਮੁਖੀ ਇੰਸਪੈਕਟਰ ਹਰਦੀਪ ਸਿੰਘ, ਪੀ.ਸੀ.ਆਰ. ਇੰਚਾਰਜ ਚਰਨਜੀਤ ਖੈੜਾ ਪੁਲਿਸ ਟੀਮਾਂ ਦੇ ਨਾਲ ਮੌਕੇ ‘ਤੇ ਪਹੁੰਚੇ ਤੇ ਸਿਟੀ ਨੂੰ ਸ਼ਾਂਤ ਕੀਤਾ | ਵਾਰਿਸ ਪੰਜਾਬ ਜਥੇਬੰਦੀ ਦੇ ਪ੍ਰਧਾਨ ਗੁਰਦੀਪ ਸਿੰਘ ਭੰਡਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨਿਗਮ ਚੋਣਾਂ ਨੂੰ ਲੈ ਕੇ ਧੱਕੇਸ਼ਾਹੀ ਕਰ ਰਹੀ ਹੈ | ਕਰੀਬ ਤਿੰਨ ਘੰਟੇ ਚੱਲੀ ਇਸ ਕਾਰਵਾਈ ਦੌਰਾਨ ਰਾਤ ਸਵਾ 8 ਵਜੇ ਨਗਰ ਨਿਗਮ ਦੇ ਏ.ਟੀ.ਪੀ. ਦੇਵਗਨ ਦੀ ਟੀਮ ਵਲੋਂ ਰੈਸਟੋਰੈਂਟ ਨੂੰ ਤਾਲਾ ਲਗਾ ਕੇ ਸੀਲ ਕਰ ਦਿੱਤਾ ਗਿਆ ਤੇ ਕੁੱਝ ਸਮੇਂ ਬਾਅਦ ਉਨ੍ਹਾਂ ਦੀ ਦੁਕਾਨ ਨਿਊ ਅਹੂਜਾ ਸਵੀਟਸ ਨੂੰ ਵੀ ਨਿਗਮ ਦੀ ਟੀਮ ਨੇ ਸੀਲ ਕਰ ਦਿੱਤਾ, ਜਦਕਿ ਦੁਕਾਨ ਸੀਲ ਕਰਨ ਸਮੇਂ ਉਸ ਦੇ ਸ਼ਟਰ ਪਹਿਲਾਂ ਤੋਂ ਹੀ ਮਾਲਕਾਂ ਵਲੋਂ ਬੰਦ ਕਰ ਦਿੱਤੇ ਗਏ ਸਨ | ਰੈਸਟੋਰੈਂਟ ਦੇ ਮਾਲਕ ਵਿਸ਼ਾਲ ਅਹੂਜਾ ਨੇ ਦੱਸਿਆ ਕਿ ਉਨ੍ਹਾਂ ਨੂੰ ਮਿਲੇ ਨੋਟਿਸ ਵਿਚ ਬਿਲਡਿੰਗ ਦੀ ਮਨਜ਼ੂਰੀ ਸਬੰਧੀ ਦਸਤਾਵੇਜ਼ ਪੇਸ਼ ਕਰਨ ਲਈ ਕਿਹਾ ਗਿਆ ਸੀ ਤੇ ਜਦੋਂ ਉਹ ਅੱਜ ਕਰੀਬ ਪੌਣੇ 5 ਵਜੇ ਆਪਣਾ ਜਵਾਬ ਦਾਖਲ ਕਰਨ ਲਈ ਨਗਰ ਨਿਗਮ ਦਫ਼ਤਰ ਪਹੁੰਚੇ ਤਾਂ ਉਨ੍ਹਾਂ ਨੂੰ ਇਹ ਕਹਿ ਕੇ ਮਨਾ ਕਰ ਦਿੱਤਾ ਗਿਆ ਕਿ ਤੁਸੀਂ ਦੇਰ ਨਾਲ ਆਏ ਹੋ ਤੇ ਹੁਣ ਤੁਹਾਡਾ ਰੈਸਟੋਰੈਂਟ ਸੀਲ ਕਰ ਦਿੱਤਾ ਜਾਵੇਗਾ | ਵਿਸ਼ਾਲ ਅਹੂਜਾ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਨੇਹਾ ਅਹੂਜਾ ਵਾਰਡ ਨੰਬਰ 14 ਤੋਂ ਕੌਂਸਲਰ ਬਣੀ ਹੈ ਤੇ ਸਾਡੇ ‘ਤੇ ਆਮ ਆਦਮੀ ਪਾਰਟੀ ਵਲੋਂ ਮੇਅਰ ਚੋਣਾਂ ਦੌਰਾਨ ਉਨ੍ਹਾਂ ਦੇ ਹੱਕ ਵਿਚ ਵੋਟ ਪਾਉਣ ਲਈ ਦਬਾਅ ਬਣਾਇਆ ਜਾ ਰਿਹਾ ਸੀ ਤੇ ਇਸੇ ਕੜੀ ਤਹਿਤ ਹੀ ਅੱਜ ਉਨ੍ਹਾਂ ਦਾ ਰੈਸਟੋਰੈਂਟ ਸੀਲ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਟੀ.ਪੀ. ਸੰਜੀਵ ਦੇਵਗਨ ਨੇ ਦੱਸਿਆ ਕਿ ਨਗਰ ਨਿਗਮ ਦਫ਼ਤਰ ਵਲੋਂ ਅਹੂਜਾ ਸਵੀਟਸ ਐਂਡ ਰੈਸਟੋਰੈਂਟ ਦੇ ਮਾਲਕਾਂ ਨੂੰ ਇਮਾਰਤ ਸਬੰਧੀ ਮਨਜ਼ੂਰੀ ਦੇ ਦਸਤਾਵੇਜ਼ ਪੇਸ਼ ਕਰਨ ਲਈ ਪਹਿਲਾਂ 9 ਜੂਨ ਨੂੰ ਨੋਟਿਸ ਜਾਰੀ ਕੀਤਾ ਗਿਆ ਤੇ ਜਵਾਬ ਨਾ ਮਿਲਣ ‘ਤੇ ਦੁਬਾਰਾ 3 ਜੁਲਾਈ ਨੂੰ ਨੋਟਿਸ ਜਾਰੀ ਕਰਕੇ ਤਿੰਨ ਦਿਨਾਂ ਦੇ ਅੰਦਰ ਅੰਦਰ ਇਮਾਰਤ ਦੀ ਉਸਾਰੀ ਸਬੰਧੀ ਦਸਤਾਵੇਜ਼ ਪੇਸ਼ ਕਰਨ ਲਈ ਕਿਹਾ ਗਿਆ, ਪਰ ਉਨ੍ਹਾਂ ਵਲੋਂ ਦਸਤਾਵੇਜ਼ ਨਾ ਦੇਣ ‘ਤੇ ਨਗਰ ਨਿਗਮ ਕਮਿਸ਼ਨਰ ਅਨੂਪਮ ਕਲੇਰ ਦੇ ਹੁਕਮਾਂ ਤਹਿਤ ਰੈਸਟੋਰੈਂਟ ਤੇ ਦੁਕਾਨ ਨੂੰ ਸੀਲ ਕਰਨ ਦੀ ਕਾਰਵਾਈ ਕੀਤੀ ਗਈ ਹੈ ਤੇ ਇਸ ਦੀ ਇਕ ਕਾਪੀ ਵੀ ਰੈਸਟੋਰੈਂਟ ਮਾਲਕਾਂ ਨੂੰ ਪੁਲਿਸ ਦੀ ਹਾਜ਼ਰੀ ਵਿਚ ਦੇ ਦਿੱਤੀ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ ਕਪੂਰਥਲਾ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਅੱਜ ਅਗਲੀ ਖ਼ਬਰ ਫੌਕਸਵੈਗਨ ਇੰਡੀਆ ਮਨਾ ਰਹੀ ਵਰਟਸ ਦੀ ਚੌਥੀ ਵਰ੍ਹੇਗੰਢ ਦਾ ਜਸ਼ਨ
Ad Position 24
No active advertisement