06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਨਗਰ ਨਿਗਮ ਕਪੂਰਥਲਾ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਅੱਜ

Ad Position 21
No active advertisement
ਅਜੀਤ ਡੈਸਕ 08-07-2026
ਕਪੂਰਥਲਾ, 7 ਜੁਲਾਈ (ਵਿਸ਼ੇਸ਼ ਪ੍ਰਤੀਨਿਧ)-ਨਗਰ ਨਿਗਮ ਕਪੂਰਥਲਾ ਦੀ 8 ਜੁਲਾਈ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਨੂੰ ਲੈ ਕੇ ਸੱਤਾਧਾਰੀ ਪਾਰਟੀ ਵਲੋਂ ਨਗਰ ਨਿਗਮ ‘ਤੇ ਕਾਬਜ ਹੋਣ ਲਈ ਹਰ ਹੀਲਾ ਵਸੀਲਾ ਵਰਤਿਆ ਜਾ ਰਿਹਾ ਹੈ | ਅੱਜ ਸ਼ਾਮ ਆਮ ਆਦਮੀ ਪਾਰਟੀ ਵਲੋਂ ਮੇਅਰ ਲਈ ਲੋੜੀਂਦੇ ਮੈਂਬਰਾਂ ਦੀ ਗਿਣਤੀ ਜੁਟਾਉਣ ਲਈ ਵਾਰਡ ਨੰਬਰ 14 ਤੋਂ ਕਾਂਗਰਸ ਦੀ ਕੌਂਸਲਰ ਨੇਹਾ ਅਹੂਜਾ, ਵਾਰਡ ਨੰਬਰ 6 ਤੋਂ ਕਾਂਗਰਸ ਦੀ ਕੌਂਸਲਰ ਜੋਤੀ ਧੀਰ ਤੇ ਵਾਰਡ ਨੰਬਰ 39 ਤੋਂ ਕਾਂਗਰਸ ਦੇ ਕੌਂਸਲਰ ਪਰਵਿੰਦਰ ਸ਼ਰਮਾ ਨੂੰ ਕਥਿਤ ਤੌਰ ‘ਤੇ ਅਸਿੱਧੇ ਢੰਗ ਨਾਲ ਡਰਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਇਨ੍ਹਾਂ ਤਿੰਨਾਂ ਕੌਂਸਲਰਾਂ ਨੇ ਬਿਨ੍ਹਾਂ ਕਿਸੇ ਦਬਾਅ ਦੇ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਦਾ ਡਟ ਕੇ ਸਮਰਥਨ ਕਰਨ ਦਾ ਫ਼ੈਸਲਾ ਲਿਆ | ਪ੍ਰਾਪਤ ਜਾਣਕਾਰੀ ਅਨੁਸਾਰ ਕਾਂਗਰਸ ਕੌਂਸਲਰ ਨੇਹਾ ਅਹੂਜਾ ਦੇ ਪਰਿਵਾਰ ਦੀ ਸਥਾਨਕ ਚਾਰਬੱਤੀ ਚੌਂਕ ਨੇੜਲੇ ਰੈਸਟੋਰੈਂਟ ਤੇ ਅਹੂਜਾ ਸਵੀਟ ਸ਼ਾਪ ਨੂੰ ਸੀਲ ਕਰਨ ਲਈ ਨਗਰ ਨਿਗਮ ਦੇ ਸਹਾਇਕ ਟਾਊਨ ਪਲੈਨਰ ਦੀ ਅਗਵਾਈ ਵਿਚ ਨਿਗਮ ਦੀ ਟੀਮ ਪੁੱਜੀ, ਜਿਸ ਦਾ ਮੌਕੇ ‘ਤੇ ਲੋਕਾਂ ਵਲੋਂ ਵਿਰੋਧ ਕੀਤਾ ਗਿਆ, ਪਰ ਨਿਗਮ ਦੀ ਟੀਮ ਨੇ ਉਨ੍ਹਾਂ ਦਾ ਰੈਸਟੋਰੈਂਟ ਸੀਲ ਕਰ ਦਿੱਤਾ, ਇਸੇ ਦੌਰਾਨ ਹੀ ਚੰਡੀਗੜ੍ਹ ਤੋਂ ਆਈ ਡਰੱਗ ਵਿਭਾਗ ਦੀ ਇਕ ਟੀਮ ਨੇ ਕਾਂਗਰਸੀ ਕੌਂਸਲਰ ਜੋਤੀ ਧੀਰ ਦੇ ਪਤੀ ਤੇ ਉੱਘੇ ਹੋਮਿਓਪੈਥਿਕ ਡਾ. ਰਾਜੀਵ ਧੀਰ ਦੇ ਕਲੀਨਿਕ ‘ਤੇ ਜਾ ਕੇ ਉਨ੍ਹਾਂ ਦਾ ਕੁੱਝ ਰਿਕਾਰਡ ਕਬਜ਼ੇ ਵਿਚ ਲਿਆ ਤੇ ਉਨ੍ਹਾਂ ਕੋਲੋਂ ਹੋਮਿਓਪੈਥਿਕ ਦਵਾਈਆਂ ਦੀ ਵਿੱਕਰੀ ਸਬੰਧੀ ਪੁੱਛਗਿੱਛ ਕੀਤੀ | ਇਸ ਤੋਂ ਪਹਿਲਾਂ ਕਾਂਗਰਸ ਕੌਂਸਲਰ ਪਰਵਿੰਦਰ ਸ਼ਰਮਾ ਦੇ ਘਰ ਅੱਜ ਤਿੰਨ ਵਾਰ ਸਿਟੀ ਪੁਲਿਸ ਨੇ ਉਨ੍ਹਾਂ ਨੂੰ ਫੜਨ ਲਈ ਰੇਡ ਕੀਤੀ, ਪਰ ਉਨ੍ਹਾਂ ਦੇ ਸ਼ਹਿਰ ਤੋਂ ਬਾਹਰ ਹੋਣ ਕਾਰਨ ਪੁਲਿਸ ਨੂੰ ਖਾਲੀ ਹੱਥੀ ਵਾਪਸ ਪਰਤਣਾ ਪਿਆ | ਸੱਤਾਧਾਰੀ ਪਾਰਟੀ ਵਲੋਂ ਕਾਂਗਰਸੀ ਕੌਂਸਲਰਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਦਾ ਸਖ਼ਤ ਵਿਰੋਧ ਕਰਦਿਆਂ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਬੌਖਲਾਹਟ ਵਿਚ ਆ ਕੇ ਲੋਕਤੰਤਰ ਦਾ ਘਾਣ ਕਰ ਰਹੀ ਹੈ, ਪਰ ਕਾਂਗਰਸ ਆਗੂ ਤੇ ਵਰਕਰ ਇਨ੍ਹਾਂ ਧੱਕੇਸ਼ਾਹੀਆਂ ਦਾ ਮੰੂਹ-ਤੋੜ ਜਵਾਬ ਦੇਣਗੇ | ਇੱਥੇ ਵਰਨਣਯੋਗ ਹੈ ਕਿ ਨਗਰ ਨਿਗਮ ਦੇ 50 ਵਾਰਡਾਂ ਵਿਚੋਂ 32 ਵਾਰਡਾਂ ਵਿਚ ਕਾਂਗਰਸ, 11 ਵਾਰਡਾਂ ਵਿਚੋਂ ਆਮ ਆਦਮੀ ਪਾਰਟੀ, 3 ਵਾਰਡਾਂ ਵਿਚ ਭਾਜਪਾ, 3 ਵਾਰਡਾਂ ਵਿਚ ਸ਼ੋ੍ਰਮਣੀ ਅਕਾਲੀ ਦਲ ਤੇ 1 ਵਾਰਡ ਵਿਚੋਂ ਆਜ਼ਾਦ ਕੌਂਸਲਰ ਨੇ ਜਿੱਤ ਹਾਸਲ ਕੀਤੀ ਸੀ | ਬੀਤੇ ਦਿਨ ਜਦੋਂ ਨਗਰ ਨਿਗਮ ਦੇ ਮੇਅਰ ਦੀ ਚੋਣ ਦਾ ਐਲਾਨ ਹੋਇਆ ਤਾਂ ਸੱਤਾਧਾਰੀ ਪਾਰਟੀ ਨੇ ਨਗਰ ਨਿਗਮ ‘ਤੇ ਕਬਜ਼ਾ ਕਰਨ ਦੇ ਮੰਤਵ ਨਾਲ ਕਾਂਗਰਸ ਨਾਲ ਸਬੰਧਿਤ ਕੁੱਝ ਕੌਂਸਲਰਾਂ ਨੂੰ ਆਪਣੇ ਨਾਲ ਲਿਜ਼ਾਣ ਵਿਚ ਸਫ਼ਲ ਹੋਈ | ਪਤਾ ਲੱਗਾ ਹੈ ਕਿ ਸ਼ੋ੍ਰਮਣੀ ਅਕਾਲੀ ਦਲ ਤੇ ਭਾਜਪਾ ਨਾਲ ਸਬੰਧਿਤ 6 ਕੌਂਸਲਰ, ਇਕ ਆਜ਼ਾਦ ਕੌਂਸਲਰ ਤੇ ਅੱਧੀ ਦਰਜਨ ਦੇ ਕਰੀਬ ਕਾਂਗਰਸ ਨਾਲ ਸਬੰਧਿਤ ਕੌਂਸਲਰਾਂ ਦੇ ਸੱਤਾਧਾਰੀ ਪਾਰਟੀ ਦੇ ਹੱਕ ਵਿਚ ਭੁਗਤਣ ਦੇ ਆਸਾਰ ਹਨ | ਚੋਣ ਮੌਕੇ ਕਾਂਗਰਸ ਤੇ ਸੱਤਾਧਾਰੀ ਪਾਰਟੀ ਦਰਮਿਆਨ ਸਖ਼ਤ ਟੱਕਰ ਹੋਵੇਗੀ, ਜਦਕਿ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਵੋਟ ਇਸ ਚੋਣ ਵਿਚ ਫ਼ੈਸਲਾਕੁਨ ਭੂਮਿਕਾ ਨਿਭਾਏਗੀ | ਸੱਤਾਧਾਰੀ ਪਾਰਟੀ ਵਲੋਂ ਚੋਣ ਮੌਕੇ ਕੀਤੀ ਜਾਣ ਵਾਲੀ ਧੱਕੇਸ਼ਾਹੀ ਦੇ ਖ਼ਦਸ਼ੇ ਨੂੰ ਮੁੱਖ ਰੱਖਦਿਆਂ ਕਾਂਗਰਸ ਨਾਲ ਸਬੰਧਿਤ ਕੌਂਸਲਰ ਤੇ ਬਲਾਕ ਕਾਂਗਰਸ ਦੇ ਪ੍ਰਧਾਨ ਦੀਪਕ ਸਲਵਾਨ ਵਲੋਂ ਬੀਤੇ ਦਿਨ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਰਿੱਟ ਦਾਇਰ ਕੀਤੀ ਸੀ, ਜਿਸ ਦਾ ਫ਼ੈਸਲਾ ਆਉਣ ਤੋਂ ਬਾਅਦ ਮਾਨਯੋਗ ਹਾਈਕੋਰਟ ਦੀਆਂ ਹਦਾਇਤਾਂ ਅਨੁਸਾਰ ਨਿਗਮ ਦੇ ਮੇਅਰ ਦੀ ਚੋਣ ਹੋਵੇਗੀ | ਚੋਣ ਤੋਂ ਪਹਿਲਾਂ ਦੋਵੇਂ ਧਿਰਾਂ ਆਪਣੀ ਜਿੱਤ ਦੇ ਦਾਅਵੇ ਕਰ ਰਹੀਆਂ ਹਨ |
Ad Position 22
No active advertisement
ਪਿਛਲੀ ਖ਼ਬਰ ਕੀਰਤੀ ਨਗਰ ਵਿਖੇ ਅਣਪਛਾਤੇ ਹਮਲਾਵਰਾਂ ਵਲੋਂ ਹਮਲਾ ਕਰ ਕੇ ਗੱਡੀਆਂ ਦੀ ਭੰਨ ਤੋੜ ਅਗਲੀ ਖ਼ਬਰ ਨਗਰ ਨਿਗਮ ਦੀ ਟੀਮ ਵਲੋਂ ਨਿਊ ਅਹੂਜਾ ਸਵੀਟਸ ਤੇ ਰੈਸਟੋਰੈਂਟ ਨੂੰ ਕੀਤਾ ਸੀਲ
Ad Position 24
No active advertisement