ਭੁਲੱਥ, 7 ਜੁਲਾਈ (ਮੇਹਰ ਚੰਦ ਸਿੱਧੂ, ਮਨਜੀਤ ਸਿੰਘ ਰਤਨ)-ਥਾਣਾ ਭੁਲੱਥ ਪੁਲਿਸ ਵੱਲੋਂ ਇੱਕ ਨੌਜਵਾਨ ਨੂੰ ਅੱਠ ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ ਵਿਚ ਸਫਲਤਾ ਹੱਥ ਲੱਗੀ | ਥਾਣਾ ਮੁਖੀ ਭੁਲੱਥ ਬਿਕਰਮਜੀਤ ਸਿੰਘ ਚੌਹਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੈੱਡ ਕਾਂਸਟੇਬਲ ਪਿ੍ੰਸ ਕੁਮਾਰ ਸਮੇਤ ਪੁਲਿਸ ਪਾਰਟੀ ਸ਼ਰਾਰਤੀ ਅਨਸਰਾਂ ਤੇ ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਭੁਲੱਥ ਮੇਨ ਚੌਂਕ ਵਿਚ ਨਾਕਾਬੰਦੀ ਕਰਕੇ ਚੈਕਿੰਗ ਕਰ ਰਹੇ ਸਨ ਤਾਂ ਕਿਸੇ ਖ਼ਾਸ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਖੱਸਣ ਰੋਡ ਨਜ਼ਦੀਕ ਸ਼ਮਸ਼ਾਨ ਘਾਟ ਪਾਣੀ ਵਾਲੇ ਸਰਕਾਰੀ ਟਿਊਬਵੈੱਲ ਦੇ ਨਜ਼ਦੀਕ ਇੱਕ ਨੌਜਵਾਨ ਹੈਰੋਇਨ ਵੇਚਣ ਲਈ ਗਾਹਕਾਂ ਦੀ ਉਡੀਕ ਕਰ ਰਿਹਾ ਹੈ | ਜੇਕਰ ਹੁਣੇ ਰੇਡ ਕੀਤਾ ਜਾਵੇ ਤਾਂ ਕਾਬੂ ਆ ਸਕਦਾ ਹੈ | ਜਦੋਂ ਹੈੱਡ ਕਾਂਸਟੇਬਲ ਪਿ੍ੰਸ ਕੁਮਾਰ ਵੱਲੋਂ ਸਮੇਤ ਪੁਲਿਸ ਪਾਰਟੀ ਦੇ ਦੱਸੀ ਗਈ ਜਗ੍ਹਾ ‘ਤੇ ਰੇਡ ਕੀਤਾ ਗਿਆ ਤਾਂ ਇੱਕ ਨੌਜਵਾਨ ਰੋਡ ਤੇ ਖੜ੍ਹਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ ਤਾਂ ਭੱਜਣ ਦੀ ਕੋਸ਼ਿਸ਼ ਕਰਨ ਲੱਗਾ | ਜਿਸ ਨੂੰ ਪੁਲਿਸ ਕਰਮਚਾਰੀਆਂ ਵੱਲੋਂ ਕਾਬੂ ਕਰਕੇ ਨਾਂਅ ਪਤਾ ਪੁੱਛਿਆ ਜਿਸ ਨੇ ਆਪਣਾ ਨਾਂਅ ਰੂਬੀ ਹੰਸ ਉਰਫ ਬੱਲੂ ਪੁੱਤਰ ਲਖਵਿੰਦਰ ਸਿੰਘ ਉਰਫ ਕਾਲਾ ਵਾਸੀ ਪਿੰਡ ਮਾਡਲ ਟਾਊਨ ਥਾਣਾ ਭੁਲੱਥ ਜ਼ਿਲ੍ਹਾ ਕਪੂਰਥਲਾ ਦੱਸਿਆ, ਜਿਸ ਦੀ ਤਲਾਸ਼ੀ ਲੈਣ ਸਮੇਂ ਉਸ ਪਾਸੋਂ ਅੱਠ ਗ੍ਰਾਮ ਹੈਰੋਇਨ ਬਰਾਮਦ ਹੋਈ | ਉਕਤ ਨੌਜਵਾਨ ਖ਼ਿਲਾਫ਼ ਥਾਣਾ ਭੁਲੱਥ ਵਿਖੇ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ |
ਅੱਠ ਗ੍ਰਾਮ ਹੈਰੋਇਨ ਸਮੇਤ ਇਕ ਨੌਜਵਾਨ ਕਾਬੂ, ਕੇਸ ਦਰਜ
ਅਜੀਤ ਡੈਸਕ
08-07-2026