ਕਪੂਰਥਲਾ, 13 ਜੁਲਾਈ (ਅਮਨਜੋਤ ਸਿੰਘ ਵਾਲੀਆ)-ਗੋਪਾਲ ਪਾਰਕ ਵਿਖੇ ਐਕਟਿਵਾ ਸਵਾਰ ਦੋ ਔਰਤਾਂ ਕੋਲੋਂ ਮੋਬਾਈਲ ਖੋਹ ਕੇ ਭੱਜ ਰਹੇ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੂੰ ਸਥਾਨਕ ਲੋਕਾਂ ਨੇ ਕਾਬੂ ਕਰਕੇ ਥਾਣਾ ਸਿਟੀ ਪੁਲਿਸ ਹਵਾਲੇ ਕੀਤਾ ਹੈ | ਇਸ ਲੁੱਟ ਖੋਹ ਦੌਰਾਨ ਐਕਟਿਵਾ ਤੋਂ ਡਿੱਗ ਕੇ ਜ਼ਖਮੀ ਹੋਏ ਦੋਵੇਂ ਔਰਤਾਂ ਨੂੰ ਸਥਾਨਕ ਲੋਕਾਂ ਨੇ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ | ਜੇਰੇ ਇਲਾਜ ਰੇਨੂੰ ਪਤਨੀ ਹਰਵਿੰਦਰ ਵਾਸੀ ਸ਼ਾਲੀਮਾਰ ਐਵਿਨਿਊ ਨੇ ਦੱਸਿਆ ਕਿ ਉਹ ਆਪਣੀ ਰਿਸ਼ਤੇਦਾਰ ਗੁਰਦੇਵ ਕੌਰ ਪਤਨੀ ਹਰਜਿੰਦਰ ਸਿੰਘ ਵਾਸੀ ਸੰਤਪੁਰਾ ਨਾਲ ਸਬਜ਼ੀ ਮੰਡੀ ਵੱਲ ਨੂੰ ਜਾ ਰਹੀਆਂ ਸਨ ਜਦੋਂ ਉਹ ਗੋਪਾਲ ਪਾਰਕ ਕੋਲ ਪਹੁੰਚੀਆਂ ਤਾਂ ਪਿੱਛੋਂ ਆਏ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੇ ਉਨ੍ਹਾਂ ਦਾ ਫ਼ੋਨ ਖੋਹ ਲਿਆ ਤੇ ਇਸ ਦੌਰਾਨ ਸਕੂਟਰੀ ਬੇਕਾਬੂ ਹੋ ਕੇ ਡਿੱਗ ਪਈ ਜਿਸ ਕਾਰਨ ਉਹ ਦੋਵੇਂ ਜ਼ਖਮੀ ਹੋ ਗਈਆਂ | ਸਾਡੇ ਵਲੋਂ ਰੌਲਾ ਪਾਉਣ ‘ਤੇ ਸਥਾਨਕ ਲੋਕਾਂ ਨੇ ਲੁਟੇਰਿਆਂ ਨੂੰ ਕਾਬੂ ਕਰ ਲਿਆ, ਛਿੱਤਰ ਪਰੇਡ ਤੋਂ ਬਾਅਦ ਦੋਵਾਂ ਨੂੰ ਥਾਣਾ ਸਿਟੀ ਪੁਲਿਸ ਹਵਾਲੇ ਕਰ ਦਿੱਤਾ | ਜ਼ਖਮੀ ਦੋਵੇਂ ਔਰਤਾਂ ਦਾ ਇਲਾਜ ਸਿਵਲ ਹਸਪਤਾਲ ਕਪੂਰਥਲਾ ਵਿਖੇ ਡਿਊਟੀ ਡਾ. ਕਰਨਪ੍ਰੀਤ ਸਿੰਘ ਵਲੋਂ ਕੀਤਾ ਜਾ ਰਿਹਾ ਹੈ | ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |
ਐਕਟਿਵਾ ਸਵਾਰ ਔਰਤਾਂ ਕੋਲੋਂ ਮੋਬਾਈਲ ਫ਼ੋਨ ਖੋਹ ਕੇ ਭੱਜ ਰਹੇ ਦੋ ਲੁਟੇਰੇ ਕਾਬੂ
ਅਜੀਤ ਡੈਸਕ
14-07-2026