ਫਗਵਾੜਾ, 19 ਜੁਲਾਈ (ਅਸ਼ੋਕ ਕੁਮਾਰ ਵਾਲੀਆ)-ਫਗਵਾੜਾ ਹਲਕੇ ਦੀ ਕਮਾਨ ਜਦੋਂ ਦੀ ਡਾ: ਰਾਜ ਕੁਮਾਰ ਚੱਬੇਵਾਲ ਨੂੰ ਸੰਭਾਲੀ ਹੈ ਲੋਕਾਂ ਨੂੰ ਬਹੁਤ ਉਮੀਦਾਂ ਸਨ ਕਿ ਕਿ ਡਾ: ਰਾਜ ਕੁਮਾਰ ਚੱਬੇਵਾਲ ਆਪਣੇ ਹਲਕੇ ਨੂੰ ਲੱਗਣ ਵਾਲਾ ਖਲਵਾੜਾ ਤੋਂ ਵਾਹਦ ਰੋਡ ਜ਼ਰੂਰ ਬਣਾਉਣਗੇ ਪਰ ਚੱਬੇਵਾਲ ਦੇ ਹਲਕਾ ਇੰਚਾਰਜ ਬਣੇ ਨੂੰ ਲਗਭਗ ਤਿੰਨ ਮਹੀਨੇ ਬੀਤ ਗਏ ਹਨ ਇਹ ਰੋਡ ਦੀ ਹਾਲੇ ਤੱਕ ਸਾਰ ਵੀ ਨਹੀਂ ਲਈ ਗਈ | ਪਿੰਡਾਂ ਦੇ ਲੋਕਾਂ ਦੇ ਦੱਸਣ ਮੁਤਾਬਿਕ ਅਕਾਲੀ ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਸੋਹਣ ਸਿੰਘ ਠੰਡਲ ਇਸ ਰੋਡ ਨੂੰ ਬਣਾਉਣ ਵਿਚ ਤਰਜੀਹ ਦਿੰਦੇ ਸਨ | ਇੱਥੋਂ ਲੰਘ ਰਹੇ ਰਾਹਗੀਰਾਂ ਦੇ ਦੱਸਿਆ ਇਹ ਰੋਡ ਤਿੰਨ ਜ਼ਿਲਿ੍ਹਆਂ ਨੂੰ ਜੋੜਨ ਵਾਲਾ ਰੋਡ ਹੈ ਇਸ ਰੋਡ ਤੇ 24 ਘੰਟੇ ਆਵਾਜਾਈ ਰਹਿੰਦੀ ਹੈ ਪਰ ਆਪ ਵਾਲੇ ਇਸ ਰੋਡ ਵੱਲ ਬਿਲਕੁਲ ਧਿਆਨ ਨਹੀਂ ਦੇ ਰਹੇ ਹਨ | ਸਰਕਾਰੀ ਸੂਤਰ ਇਹ ਗੱਲ ਦੱਸਦੇ ਹਨ ਇਸ ਰੋਡ ਨੂੰ ਪਾਸ ਹੋਏ 8 ਮਹੀਨੇ ਬੀਤ ਗਏ ਸਨ ਜਿਸ ਠੇਕੇਦਾਰ ਕੋਲ ਇਸ ਰੋਡ ਦਾ ਠੇਕਾ ਹੈ ਉਹ ਲੀਡਰਾਂ ਦੇ ਚਹੇਤਾ ਠੇਕੇਦਾਰ ਹੈ ਅਤੇ ਉਸ ਕੋਲ ਲੇਬਰ ਦੀ ਘਾਟ ਹੈ ਇਸ ਲਈ ਇਹ ਰੋਡ ਸ਼ੁਰੂ ਨਹੀਂ ਹੋ ਰਿਹਾ ਹੈ | ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਜੇਕਰ ਇਹ ਰੋਡ ਜਲਦ ਸ਼ੁਰੂ ਨਾ ਕੀਤਾ ਤਾਂ ਲੀਡਰਾਂ ਦੀ ਪਿੰਡਾਂ ਵਿਚ ਐਂਟਰੀ ਬੰਦ ਕਰ ਦਿੱਤੀ ਜਾਵੇਗੀ | ਪਿੰਡ ਵਾਸੀਆਂ ਨੇ ਇਹ ਵੀ ਦੱਸਿਆ ਕਿ ਸਰਕਾਰਾਂ ਨੂੰ ਚਾਹੀਦਾ ਹੈ ਕਿ ਜਿਸ ਠੇਕੇਦਾਰ ਕੋਲ ਮਜ਼ਦੂਰਾਂ ਦੀ ਘਾਟ ਹੈ ਉਸ ਨੂੰ ਕੰਮ ਦਾ ਠੇਕਾ ਕਿਉਂ ਦਿੱਤਾ ਜਾਂਦਾ ਹੈ ਜਿਸ ਨਾਲ ਰਾਹਗੀਰ ਖ਼ਰਾਬ ਹੋਣ | ਉਨ੍ਹਾਂ ਸਖ਼ਤ ਲਹਿਜ਼ੇ ‘ਚ ਸਰਕਾਰ ਨੂੰ ਤਾੜਨਾ ਕਰਦਿਆਂ ਕਿਹਾ ਕਿ ਜਿੰਨੀ ਰਕਮ ਪਾਰਟੀ ਅਤੇ ਸਰਕਾਰ ਦੇ ਪ੍ਰਚਾਰ ਲਈ ਖ਼ਰਚ ਕੀਤੀ ਜਾ ਰਹੀ ਹੈ, ਉਸ ਨਾਲ ਸੂਬੇ ਭਰ ਦੀਆਂ ਸੜਕਾਂ ਦੀ ਨੁਹਾਰ ਬਦਲੀ ਜਾ ਸਕਦੀ ਸੀ | ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਮਾਂ ਰਹਿੰਦੇ ਖਸਤਾ ਹਾਲ ਲਿੰਕ ਸੜਕਾਂ ਦੀ ਮੁੜ ਉਸਾਰੀ ਨਾ ਹੋਈ ਤਾਂ ਇਹ ਡੂੰਘੇ ਟੋਏ ਮੌਤ ਦਾ ਖੂਹ ਸਾਬਿਤ ਹੋਣਗੇ | ਇਸ ਦੌਰਾਨ ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਇਹ ਸੜਕ ਕਰੀਬ ਪੰਜਾਹ ਪਿੰਡਾਂ ਨੂੰ ਜੋੜਦੀ ਹੈ |