ਭੁਲੱਥ, 19 ਜੁਲਾਈ (ਮਨਜੀਤ ਸਿੰਘ ਰਤਨ)-ਅਕਾਲ ਅਕੈਡਮੀ, ਰਾਏਪੁਰ ਪੀਰਬਖ਼ਸ਼ ਵਾਲਾ ਵਿਖੇ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ | ਇਹ ਕੈਂਪ ਹਸਪਤਾਲ ਦੇ ਯੋਗ ਡਾਕਟਰਾਂ ਦੀ ਇਕ ਟੀਮ ਦੁਆਰਾ ਸਿਹਤ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਅਤੇ ਵਿਦਿਆਰਥੀਆਂ ਦੀ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਲਗਾਇਆ ਗਿਆ | ਇਸ ਕੈਂਪ ਵਿਚ ਨਰਸਰੀ ਤੋਂ ਗ੍ਰੇਡ 5 ਤੱਕ ਦੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਉਨ੍ਹਾਂ ਦੇ ਬੱਚਿਆਂ ਸਮੇਤ ਮੈਡੀਕਲ ਚੈੱਕਅਪ ਲਈ ਸੱਦਾ ਦਿੱਤਾ ਗਿਆ ਸੀ ਅਤੇ ਉਨ੍ਹਾਂ ਦੀ ਮੈਡੀਕਲ ਜਾਂਚ ਕੀਤੀ ਗਈ | ਇਸ ਕੈਂਪ ਵਿਚ ਡਾ. ਕੁਲਵਿੰਦਰ ਸਿੰਘ (ਐਮ.ਬੀ.ਬੀ.ਐਸ., ਡੀ.ਐਨ.ਬੀ., ਬਾਲ ਮਾਹਰ) - ਮੈਡੀਕਲ ਟੀਮ ਦੇ ਮੁੱਖ ਇੰਚਾਰਜ, ਡਾ. ਆਰੂਸ਼ੀ (ਐਮ.ਬੀ.ਬੀ.ਐਸ., ਐਮ.ਐਸ., ਈ.ਐਨ.ਟੀ. ਮਾਹਰ), ਡਾ. ਨੇਹਾ ਪਾਲ (ਐਮ.ਡੀ.ਐਸ., ਡੈਂਟਲ ਸਰਜਨ) ਅਤੇ ਡਾ. ਨਰਿੰਦਰ ਸਿੰਘ (ਐਮ.ਬੀ.ਬੀ.ਐਸ., ਜਨਰਲ ਸਰਜਨ) ਨੇ ਬੱਚਿਆਂ ਦੀ ਮੈਡੀਕਲ ਜਾਂਚ ਕੀਤੀ | ਇਹ ਮੈਡੀਕਲ ਜਾਂਚ ਪਿ੍ੰਸੀਪਲ ਸੋਨੂੰ ਸ਼ਰਮਾ ਅਤੇ ਵਾਈਸ ਪਿ੍ੰਸੀਪਲ ਗੁਰਸ਼ਰਨ ਕੌਰ ਦੀ ਨਿਗਰਾਨੀ ਹੇਠ ਕੀਤੀ ਗਈ | ਇਸ ਕੈਂਪ ਵਿਚ ਡਾਕਟਰਾਂ ਦੀ ਟੀਮ ਨੇ ਵਿਦਿਆਰਥੀਆਂ ਦੀ ਜਾਂਚ ਦੇ ਨਾਲ ਉਨ੍ਹਾਂ ਦੀ ਸਮੁੱਚੀ ਤੰਦਰੁਸਤੀ ਬਾਰੇ ਕੀਮਤੀ ਸਿਹਤ ਸਲਾਹ ਅਤੇ ਮਾਰਗਦਰਸ਼ਨ ਪ੍ਰਦਾਨ ਕੀਤਾ | ਇਸ ਕੈਂਪ ਵਿਚ ਬੱਚਿਆਂ ਦੇ ਮਾਪਿਆਂ ਨੇ ਸਰਗਰਮੀ ਨਾਲ ਹਿੱਸਾ ਲਿਆ ਅਤੇ ਵਿਦਿਆਰਥੀਆਂ ਨੂੰ ਡਾਕਟਰੀ ਦੇਖਭਾਲ ਅਤੇ ਮਾਰਗਦਰਸ਼ਨ ਪ੍ਰਦਾਨ ਕਰਨ ਲਈ ਸਕੂਲ ਦੁਆਰਾ ਕੀਤੇ ਗਏ ਉਪਰਾਲੇ ਦੀ ਸ਼ਲਾਘਾ ਕੀਤੀ | ਕੈਂਪ ਸਕੂਲ ਪ੍ਰਬੰਧਨ, ਸਟਾਫ, ਮਾਪਿਆਂ, ਵਿਦਿਆਰਥੀਆਂ ਅਤੇ ਮੈਡੀਕਲ ਟੀਮ ਦੇ ਸਹਿਯੋਗ ਨਾਲ ਸਫਲਤਾਪੂਰਵਕ ਨੇਪਰੇ ਚੜਿ੍ਹਆ |