06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਭਗਵਾਨ ਵਾਲਮੀਕ ਸੰਘਰਸ਼ ਮੋਰਚੇ ਦੇ ਪੰਜਾਬ ਬੰਦ ਦੇ ਸੱਦੇ ਨੂੰ ਕਪੂਰਥਲਾ ਵਿਚ ਮਿਲਿਆ ਭਰਵਾਂ ਹੁੰਗਾਰਾ

Ad Position 21
No active advertisement
ਅਜੀਤ ਡੈਸਕ 28-07-2026
ਕਪੂਰਥਲਾ, 27 ਜੁਲਾਈ (ਅਮਰਜੀਤ ਕੋਮਲ)-ਵਾਲਮੀਕ ਸੰਘਰਸ਼ ਮੋਰਚਾ ਪੰਜਾਬ ਵਲੋਂ ਬਰਨਾਲਾ ਵਿਚ ਸਫ਼ਾਈ ਸੇਵਕਾਂ ‘ਤੇ ਪੁਲਿਸ ਵਲੋਂ ਕੀਤੇ ਗਏ ਲਾਠੀਚਾਰਜ ਦੇ ਵਿਰੋਧ ਵਿਚ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਕਪੂਰਥਲਾ ਵਿਚ ਭਰਵਾਂ ਹੁੰਗਾਰਾ ਮਿਲਿਆ, ਜਦਕਿ ਜ਼ਿਲ੍ਹੇ ਦੇ ਭੁਲੱਥ, ਫਗਵਾੜਾ, ਸੁਲਤਾਨਪੁਰ ਲੋਧੀ ਸਬ ਡਵੀਜ਼ਨਾਂ ਵਿਚ ਸਾਰੇ ਕਾਰੋਬਾਰੀ ਅਦਾਰੇ ਤੇ ਜ਼ਰੂਰੀ ਸੇਵਾਵਾਂ ਆਮ ਦਿਨਾਂ ਵਾਂਗ ਜਾਰੀ ਰਹੀਆਂ | ਕਪੂਰਥਲਾ ਵਿਚ ਅੱਜ ਸਵੇਰ ਤੋਂ ਹੀ ਸ਼ਹਿਰ ਦੇ ਵੱਖ-ਵੱਖ ਬਾਜ਼ਾਰ ਬੰਦ ਰਹੇ ਤੇ ਕੇਵਲ ਦਵਾਈਆਂ ਵਾਲੀਆਂ ਦੁਕਾਨਾਂ ਹੀ ਖੁੱਲ੍ਹੀਆਂ ਰਹੀਆਂ | ਇਸੇ ਤਰ੍ਹਾਂ ਕੁੱਝ ਸਰਕਾਰੀ ਤੇ ਨਿੱਜੀ ਖੇਤਰ ਨਾਲ ਸਬੰਧਿਤ ਬੈਂਕਾਂ ਤੇ ਕੁੱਝ ਵੱਡੇ ਕਾਰੋਬਾਰੀ ਅਦਾਰੇ ਲਗਭਗ 11 ਵਜੇ ਤੱਕ ਖੁੱਲੇ੍ਹ ਰਹੇ, ਜਿਉਂ ਹੀ ਵਾਲਮੀਕ ਸੰਘਰਸ਼ ਮੋਰਚਾ ਨਾਲ ਸਬੰਧਿਤ ਆਗੂਆਂ ਤੇ ਵਰਕਰਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਮੋਰਚੇ ਦੇ ਮੋਰਚੇ ਦੇ ਪ੍ਰਧਾਨ ਰੌਸ਼ਨ ਲਾਲ ਸਭਰਵਾਲ ਦੀ ਅਗਵਾਈ ਵਿਚ ਸ਼ਹਿਰ ਦੇ ਬਾਜ਼ਾਰਾਂ ਤੇ ਹੋਰ ਵੱਖ-ਵੱਖ ਖੇਤਰਾਂ ਵਿਚ ਜਾ ਕੇ ਬੈਂਕਾਂ ਤੇ ਹੋਰ ਅਦਾਰੇ ਬੰਦ ਕਰਵਾ ਦਿੱਤੇ | ਮੋਰਚੇ ਦੇ ਆਗੂਆਂ ਨੇ ਕੁੱਝ ਕਾਰੋਬਾਰੀ ਅਦਾਰਿਆਂ ਨੂੰ ਪਹਿਲਾਂ ਚਿਤਾਵਨੀ ਦਿੱਤੀ, ਇਸ ਦੇ ਬਾਵਜੂਦ ਵੀ ਜਿਹੜੇ ਅਦਾਰਿਆਂ ਦੇ ਪ੍ਰਬੰਧਕਾਂ ਨੇ ਕਾਰੋਬਾਰ ਬੰਦ ਨਹੀਂ ਕੀਤੇ | ਉਨ੍ਹਾਂ ਦੇ ਕਾਰੋਬਾਰ ਸਖ਼ਤੀ ਨਾਲ ਬੰਦ ਕਰਵਾਏ ਗਏ | ਬੰਦ ਦੇ ਸੱਦੇ ਨੂੰ ਦੇਖਦਿਆਂ ਸ਼ਹਿਰ ਵਿਚਲੇ ਤੇ ਨੇੜਲੇ ਖੇਤਰਾਂ ਦੇ ਕੁੱਝ ਸਕੂਲ ਵੀ ਬੰਦ ਕਰ ਦਿੱਤੇ ਗਏ, ਪਰ ਕਪੂਰਥਲਾ ਬੱਸ ਅੱਡੇ ਤੋਂ ਸਰਕਾਰੀ ਤੇ ਨਿੱਜੀ ਬੱਸ ਸੇਵਾ ਆਮ ਦਿਨਾਂ ਵਾਂਗ ਨਿਰੰਤਰ ਜਾਰੀ ਰਹੀ | ਮੋਰਚੇ ਦੇ ਪ੍ਰਧਾਨ ਰੌਸ਼ਨ ਲਾਲ ਸਭਰਵਾਲ ਨੇ ਕਪੂਰਥਲਾ ਸ਼ਹਿਰ ਵਿਚ ਬੰਦ ਦੀ ਸਫਲਤਾ ਲਈ ਦੁਕਾਨਦਾਰਾਂ, ਵਪਾਰਕ ਅਦਾਰਿਆਂ ਦੇ ਪ੍ਰਬੰਧਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਵਾਲਮੀਕ ਸੰਘਰਸ਼ ਮੋਰਚਾ ਪੰਜਾਬ ਵਲੋਂ ਬਰਨਾਲਾ ਵਿਚ ਸਫ਼ਾਈ ਸੇਵਕਾਂ ‘ਤੇ ਪੁਲਿਸ ਵਲੋਂ ਕੀਤੇ ਗਏ ਲਾਠੀਚਾਰਜ ਦੇ ਵਿਰੋਧ ਵਿਚ ਬੰਦ ਦਾ ਸੱਦਾ ਦਿੱਤਾ ਗਿਆ ਸੀ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਡੀ.ਐਸ.ਪੀ. ਬਰਨਾਲਾ ਤੇ ਐਸ.ਐਚ.ਓ. ਨੂੰ ਬਰਖ਼ਾਸਤ ਕਰਕੇ ਉਨ੍ਹਾਂ ਵਿਰੁੱਧ ਇਰਾਦਾ ਕਤਲ ਤੇ ਐਸ.ਸੀ.ਐਸ.ਟੀ. ਐਕਟ ਤਹਿਤ ਕੇਸ ਦਰਜ ਕਰਕੇ ਬਣਦੀ ਕਾਰਵਾਈ ਨਾ ਕੀਤੀ ਤਾਂ ਵਾਲਮੀਕ ਸੰਘਰਸ਼ ਮੋਰਚਾ ਵਾਲਮੀਕ ਸਮਾਜ ਨਾਲ ਸਬੰਧਿਤ ਹੋਰ ਜਥੇਬੰਦੀਆਂ ਨੂੰ ਲੈ ਕੇ ਆਪਣਾ ਸੰਘਰਸ਼ ਜਾਰੀ ਰੱਖੇਗਾ | ਇਸ ਮੌਕੇ ਕਾਂਗਰਸ ਦੇ ਐਸ.ਸੀ. ਸੈੱਲ ਦੇ ਸਾਬਕਾ ਜ਼ਿਲ੍ਹਾ ਚੇਅਰਮੈਨ ਤਜਿੰਦਰ ਸਿੰਘ ਭੰਡਾਰੀ, ਅਰਜਨ ਸਭਰਵਾਲ, ਸ਼ਾਰਪ ਸਭਰਵਾਲ, ਨੋਨੀ ਨਾਹਰ, ਵੇਦ ਪ੍ਰਕਾਸ਼, ਅਰੁਣ ਸਭਰਵਾਲ, ਨਿਰਮਲ ਖਿੰਡਾ, ਬਿੱਟੂ ਧਾਮ, ਅਕਾਸ਼ਜੀਤ, ਨੰਨੀ ਸਭਰਵਾਲ, ਸਲਮਾਤ ਸਭਰਵਾਲ, ਬਾਬਾ ਸੁਰਜੀਤ ਤੇ ਹੋਰ ਸੰਸਥਾਵਾਂ ਨਾਲ ਸਬੰਧਿਤ ਆਗੂ ਤੇ ਵਰਕਰ ਵੱਡੀ ਗਿਣਤੀ ਵਿਚ ਹਾਜ਼ਰ ਸਨ | ਇਸੇ ਦੌਰਾਨ ਹੀ ਕਾਂਗਰਸੀ ਕੌਂਸਲਰ ਚਰਨਜੀਤ ਹੰਸ ਨੇ ਬਰਨਾਲਾ ਵਿਚ ਸਫ਼ਾਈ ਸੇਵਕਾਂ ‘ਤੇ ਪੁਲਿਸ ਵਲੋਂ ਬੇਰਹਿਮੀ ਨਾਲ ਕੀਤੇ ਗਏ ਲਾਠੀਚਾਰਜ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਤੇ ਮੰਗ ਕੀਤੀ ਕਿ ਇਸ ਘਟਨਾ ਲਈ ਜ਼ਿੰਮੇਵਾਰ ਡੀ.ਐਸ.ਪੀ. ਤੇ ਐਸ.ਐਚ.ਓ. ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ |
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਐਸ.ਪੀ. ਬਲਜੀਤ ਸਿੰਘ ਦੀ ਬਰਸੀ ਦੇ ਸੰਬੰਧ ’ਚ ਸਟੇਟ ਗੁਰਦੁਆਰਾ ਸਾਹਿਬ ਵਿਚ ਧਾਰਮਿਕ ਸਮਾਗਮ ਅਗਲੀ ਖ਼ਬਰ ਨਸ਼ੇ ਦੀ ਓਵਰਡੋਜ਼ ਕਾਰਨ ਇਕ ਨੌਜਵਾਨ ਦੀ ਹੋਈ ਮੌਤ
Ad Position 24
No active advertisement