ਕਪੂਰਥਲਾ ਤੇ ਫਗਵਾੜਾ ਨਗਰ ਨਿਗਮਾਂ ਫੋਗਿੰਗ ਦੇ ਕੰਮ ’ਚ ਤੇਜ਼ੀ ਲਿਆਉਣ- ਡੀ਼ ਸੀ.
ਕਪੂਰਥਲਾ, 7 ਅਗਸਤ (ਅਮਰਜੀਤ ਕੋਮਲ)- ਜ਼ਿਲ੍ਹੇ ਵਿਚ ਡੇਂਗੂ ਦੇ 16 ਮਾਮਲੇ ਸਾਹਮਣੇ ਆਉਣ ਤੋਂ ਬਾਅਦ ਅਕਾਸ਼ ਬਾਂਸਲ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਡੇਂਗੂ ਵਿਰੋਧੀ ਮੁਹਿੰਮ ਤੇਜ ਕਰਨ ਤੇ ਘਰ ਘਰ ਲਾਰਵੇ ਦੀ ਜਾਂਚ ਤੇ ਨਿਗਰਾਨੀ ਜੰਗੀ ਪੱਧਰ ‘ਤੇ ਕਰਨ | ਉਨ੍ਹਾਂ ਕਿਹਾ ਕਿ ਇਸ ਸਬੰਧੀ ਵਿਆਪਕ ਯੋਜਨਾਬੰਦੀ ਤਹਿਤ ਜਿਹੜੇ ਹੋਟ ਸਪੋਟ ਖੇਤਰਾਂ ਵਿਚ ਡੇਂਗੂ ਦੇ ਲਾਰਵੇ ਦਾ ਪਤਾ ਲੱਗਾ ਹੈ, ਉਨ੍ਹਾਂ ਖੇਤਰਾਂ ਵਿਚ ਘਰ ਘਰ ਜਾ ਕੇ ਜਾਂਚ ਕਰਨ ਤੋਂ ਇਲਾਵਾ ਬੁਖ਼ਾਰ ਦੀ ਨਿਗਰਾਨੀ ਅਤੇ ਜਨਤਕ ਜਾਗਰੂਕਤਾ ਗਤੀਵਿਧੀਆਂ ਲਈ ਐਂਟੀ ਲਾਰਵਾ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ ਤੇ ਫੋਗਿੰਗ ਮੁਹਿੰਮ ਵਿਚ ਵੀ ਤੇਜੀ ਲਿਆਂਦੀ ਗਈ ਹੈ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਲਟੀ ਪਰਪਰਜ਼ ਹੈਲਥ ਵਰਕਰਜ਼, ਕਮਿਊਨਿਟੀ ਹੈਲਥ ਵਰਕਰਾਂ, ਆਸ਼ਾ ਵਰਕਰਾਂ, ਬਲੀਡਿੰਗ ਚੈੱਕਰਾਂ, ਨਰਸਿੰਗ, ਵਿਦਿਆਰਥੀਆਂ, ਸੈਨੇਟਰੀ ਇੰਸਪੈਕਟਰਾਂ, ਗ੍ਰਾਮ ਰੁਜ਼ਗਾਰ ਸੇਵਕਾਂ, ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨਾਂ ਤੇ ਪਿੰਡ ਦੀ ਸਿਹਤ, ਸਫ਼ਾਈ ਅਤੇ ਪੋਸ਼ਣ ਕਮੇਟੀਆਂ ਦੀਆਂ ਸਾਂਝੀਆਂ ਟੀਮਾਂ ਨੂੰ ਪੂਰੇ ਜ਼ਿਲ੍ਹੇ ਵਿਚ ਤਾਇਨਾਤ ਕੀਤਾ ਗਿਆ ਹੈ ਤੇ ਇਹ ਟੀਮਾਂ ਮੱਛਰਾਂ ਦੇ ਪੈਦਾ ਹੋਣ ਵਾਲੀਆਂ ਥਾਵਾਂ ਦੀ ਪਹਿਚਾਣ ਕਰਕੇ ਉਨ੍ਹਾਂ ਨੂੰ ਨਸ਼ਟ ਕਰਨ ਲਈ ਘਰ ਘਰ ਜਾ ਕੇ ਜਾਂਚ ਕਰ ਰਹੀਆਂ ਹਨ ਤੇ ਲੋੜ ਅਨੁਸਾਰ ਲਾਰਵਾ ਨਸ਼ਟ ਕਰਨ ਵਾਲੀ ਦਵਾਈ ਦਾ ਛਿੜਕਾਅ ਵੀ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਇਸ ਮੁਹਿੰਮ ਤਹਿਤ ਬੁਖ਼ਾਰ ਨਾਲ ਪੀੜਤ ਲੋਕਾਂ ਦੀ ਨਿਗਰਾਨੀ ਤੇ ਉਨ੍ਹਾਂ ਦੀ ਪਹਿਚਾਣ ਕੀਤੀ ਗਈ ਹੈ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਗਰ ਕੌਂਸਲਾਂ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨਾਲ ਮਿਲ ਕੇ ਪ੍ਰਭਾਵਿਤ ਖੇਤਰਾਂ ਵਿਚ ਫੋਗਿੰਗ ਸਬੰਧੀ ਤਾਲਮੇਲ ਕਰ ਰਹੀਆਂ ਹਨ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਹ ਯਕੀਨੀ ਬਣਾਉਣ ਕਿ ਪਾਣੀ ਸਟੋਰ ਕਰਨ ਵਾਲੇ ਸਾਰੇ ਬਰਤਨ ਢੱਕ ਕੇ ਰੱਖੇ ਜਾਣ ਤੇ ਉਨ੍ਹਾਂ ਦੀ ਨਿਯਮਿਤ ਸਫ਼ਾਈ ਕੀਤੀ ਜਾਵੇ | ਉਨ੍ਹਾਂ ਲੋਕਾਂ ਨੂੰ ਪੁਰਾਣੇ ਟਾਇਰ, ਟੁੱਟੇ ਗਮਲੇ, ਬੇਕਾਰ ਬਰਤਨਾਂ, ਫਾਲਤੂ ਡੱਬੇ, ਕੰਟੇਨਰ ਅਤੇ ਹੋਰ ਅਜਿਹੀਆਂ ਵਸਤੂਆਂ ਹਟਾਉਣ ਦੀ ਸਲਾਹ ਦਿੱਤੀ, ਜਿਨ੍ਹਾਂ ਵਿਚ ਮੀਂਹ ਦਾ ਪਾਣੀ ਇਕੱਠਾ ਹੋ ਸਕਦਾ ਹੈ | ਉਨ੍ਹਾਂ ਕਿਹਾ ਕਿ ਮੱਛਰਾਂ ਦੇ ਪ੍ਰਜਨਨ ਨੰੂ ਰੋਕਣ ਲਈ ਕੂਲਰਾਂ, ਗਮਲਿਆਂ ਅਤੇ ਪਾਣੀ ਦੀਆਂ ਟਰੇਅ ਨੂੰ ਹਫ਼ਤੇ ਵਿਚ ਘੱਟੋ ਘੱਟ ਇਕ ਵਾਰ ਸਾਫ਼ ਕਰਕੇ ਸੁਖਾਇਆ ਜਾਵੇ | ਉਨ੍ਹਾਂ ਕਿਹਾ ਕਿ ਡੇਂਗੂ ਤੋਂ ਬਚਾਅ ਸਿਰਫ਼ ਸਰਕਾਰੀ ਵਿਭਾਗਾਂ ਦੀ ਜ਼ਿੰਮੇਵਾਰੀ ਨਹੀਂ, ਸਗੋਂ ਇਹ ਇਕ ਸਾਂਝੀ ਸਮਾਜਿਕ ਜ਼ਿੰਮੇਵਾਰੀ ਹੈ | ਇਸ ਮੌਕੇ ਸਿਵਲ ਸਰਜਨ ਡਾ. ਰਾਜੀਵ ਪ੍ਰਾਸ਼ਰ ਨੇ ਦੱਸਿਆ ਕਿ ਢਿਲਵਾਂ ਬਲਾਕ ਸਭ ਤੋਂ ਵੱਧ ਡੇਂਗੂ ਨਾਲ ਪ੍ਰਭਾਵਿਤ ਖੇਤਰ ਵਜੋਂ ਸਾਹਮਣੇ ਆਇਆ ਹੈ, ਜਿੱਥੇ ਹੁਣ ਤੱਕ ਡੇਂਗੂ ਦੇ 6 ਮਾਮਲੇ ਸਾਹਮਣੇ ਆਏ ਹਨ | ਇਸੇ ਤਰ੍ਹਾਂ ਕਾਲਾ ਸੰਘਿਆਂ ਤੇ ਅਰਬਨ ਕਪੂਰਥਲਾ ਬਲਾਕਾਂ ਵਿਚ ਡੇਂਗੂ ਦੇ 4-4 ਮਾਮਲੇ ਦਰਜ ਕੀਤੇ ਗਏ ਹਨ, ਜਦਕਿ ਅਰਬਨ ਫਗਵਾੜਾ ਅਤੇ ਪਾਂਸ਼ਟਾ ਬਲਾਕਾਂ ਵਿਚ 1-1 ਮਾਮਲਾ ਦਰਜ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਮੌਜੂਦਾ ਸਥਿਤੀ ਦੇ ਨਾਲ ਨਾਲ ਪਿਛਲੇ ਡੇਂਗੂ ਦੇ ਜ਼ਿਆਦਾ ਮਾਮਲੇ ਸਾਹਮਣੇ ਆਉਣ ਨੂੰ ਧਿਆਨ ਵਿਚ ਰੱਖਦਿਆਂ ਇਨ੍ਹਾਂ ਸਾਰੇ ਖੇਤਰ ਨਿਗਰਾਨੀ ਅਧੀਨ ਹਨ | ਉਨ੍ਹਾਂ ਡੇਂਗੂ ਤੋਂ ਬਚਾਅ ਲਈ ਲੋਕਾਂ ਨੂੰ ਸਲਾਹ ਦਿੱਤੀ ਕਿ ਉਹ ਪੂਰੀਆਂ ਬਾਂਹਾਂ ਵਾਲੇ ਕੱਪੜੇ ਪਾਉਣ ਤੇ ਅਜਿਹੇ ਕੱਪੜਿਆਂ ਤੋਂ ਪ੍ਰਵੇਜ਼ ਕਰਨ ਜਿਨ੍ਹਾਂ ਨਾਲ ਬਾਂਹਾਂ ਤੇ ਲੱਤਾਂ ਨੰਗੀਆਂ ਰਹਿੰਦੀਆਂ ਹਨ, ਟਾਇਰਾਂ, ਡਰੰਮਾਂ, ਬਾਲਟੀਆਂ, ਗਮਲਿਆਂ ਜਾਂ ਟੁੱਟੇ ਹੋਏ ਬਰਤਨਾਂ/ਡੱਬਿਆਂ ਵਿਚ ਪਾਣੀ ਨਾ ਖੜ੍ਹਾ ਹੋਣ ਦੇਣ, ਬੱਚੇ ਬਾਹਰ ਖੇਡਦੇ ਸਮੇਂ ਪੂਰੀਆਂ ਬਾਂਹਾਂ ਵਾਲੇ ਕੱਪੜੇ ਪਾਉਣ, ਮੱਛਰ ਭਜਾਉਣ ਵਾਲੀਆਂ ਦਵਾਈਆਂ, ਕਰੀਮਾਂ, ਖਿੜਕੀਆਂ ਦੀਆਂ ਜਾਲੀਆਂ ਅਤੇ ਮੱਛਰ ਦਾਨੀ ਦੀ ਵਰਤੋਂ ਕੀਤੀ ਜਾਵੇ, ਵਿਸ਼ੇਸ਼ ਕਰਕੇ ਦਿਨ ਦੇ ਸਮੇਂ ਜਦੋਂ ਡੇਂਗੂ ਦੇ ਮੱਛਰ ਸਭ ਤੋਂ ਵੱਧ ਸਰਗਰਮ ਹੁੰਦੇ ਹਨ | ਉਨ੍ਹਾਂ ਕਿਹਾ ਕਿ ਜੇਕਰ ਤੁਹਾਨੂੰ ਤੇਜ਼ ਬੁਖ਼ਾਰ, ਸਿਰ ਜਾਂ ਸਰੀਰ ਵਿਚ ਦਰਦ ਜਾਂ ਡੇਂਗੂ ਦੇ ਹੋਰ ਲੱਛਣ ਦਿਖਾਈ ਦੇਣ ਤਾਂ ਤੁਰੰਤ ਡਾਕਟਰ ਦੀ ਸਲਾਹ ਲਈ ਜਾਵੇ |