ਰਾਮਗੜ੍ਹੀਆ ਪੋਲੀਟੈਕਨਿਕ ਕਾਲਜ ’ਚ ਫਰੈਸ਼ਰ ਪਾਰਟੀ ਕਰਵਾਈ
ਫਗਵਾੜਾ, 26 ਸਤੰਬਰ (ਹਰਜੋਤ ਸਿੰਘ ਚਾਨਾ)-ਰਾਮਗੜ੍ਹੀਆ ਪੋਲੀਟੈਕਨਿਕ ਕਾਲਜ ਫਗਵਾੜਾ ’ਚ ਨਵੇਂ ਵਿਦਿਆਰਥੀਆਂ ਦੇ ਸਵਾਗਤ ਲਈ ਫਰੈਸ਼ਰ ਪਾਰਟੀ ਕਰਵਾਈ ਗਈ | ਸਮਾਗਮ ਦੌਰਾਨ ਵਿਦਿਆਰਥੀਆਂ ਨੇ ਵੱਖ-ਵੱਖ ਸਭਿਆਚਾਰਕ ਪੇਸ਼ਕਾਰੀਆਂ ਰਾਹੀਂ ਆਪਣੀ ਕਲਾ ਤੇ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ | ਸੋਲੋ ਗੀਤ, ਗਰੁੱਪ ਸੌਂਗ, ਗਿੱਧਾ, ਗਤਕਾ ਤੇ ਕਵਿਤਾਵਾਂ ਨੇ ਸਮਾਗਮ ਨੂੰ ਰੰਗਾਰੰਗ ਬਣਾ ਦਿੱਤਾ | ਗਤਕਾ ਟੀਮ ਵੱਲੋਂ ਪੇਸ਼ ਕੀਤੇ ਗਏ ਕਰਤਬਾਂ ਨੂੰ ਵਿਦਿਆਰਥੀਆਂ ਅਤੇ ਸਟਾਫ਼ ਵੱਲੋਂ ਖ਼ੂਬ ਸਰਾਹਿਆ ਗਿਆ | ਕਾਲਜ ਦੀ ਪਿ੍ੰਸੀਪਲ ਸ਼੍ਰੀਮਤੀ ਰੁਪਿੰਦਰ ਕੌਰ ਨੇ ਨਵੇਂ ਵਿਦਿਆਰਥੀਆਂ ਦਾ ਸੁਆਗਤ ਕਰਦਿਆਂ ਉਨ੍ਹਾਂ ਨੂੰ ਪੜ੍ਹਾਈ ਦੇ ਨਾਲ-ਨਾਲ ਅਨੁਸ਼ਾਸਨ, ਮਿਹਨਤ ਤੇ ਸਕਾਰਾਤਮਿਕ ਸੋਚ ਨੂੰ ਜੀਵਨ ਦਾ ਹਿੱਸਾ ਬਣਾਉਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਕਿਹਾ ਕਿ ਕਾਲਜ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ ਆਪਣੀ ਸ਼ਖ਼ਸੀਅਤ ਅਤੇ ਪ੍ਰਤਿਭਾ ਨਿਖਾਰਨ ਲਈ ਵੀ ਮੰਚ ਪ੍ਰਦਾਨ ਕਰਦਾ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਸਭਿਆਚਾਰਕ, ਖੇਡਾਂ ਅਤੇ ਹੋਰ ਰਚਨਾਤਮਿਕ ਗਤੀਵਿਧੀਆਂ ਵਿਚ ਭਾਗ ਲੈਣ ਲਈ ਕਿਹਾ | ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਮੁਖੀ, ਸਟਾਫ਼ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ | ਪ੍ਰੋਗਰਾਮ ਦੀ ਸ਼ੁਰੂਆਤ ‘ਚ ਜਸਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਕਾਲਜ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਤੇ ਮਿਹਨਤ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ | ਵਰਕਸ਼ਾਪ ਸੁਪਰਡੈਂਟ ਮਨਜੀਤ ਸਿੰਘ ਟਾਂਡਾ ਤੇ ਉਨ੍ਹਾਂ ਦੀ ਗਤਕਾ ਟੀਮ ਨੇ ਵੀ ਵਿਸ਼ੇਸ਼ ਸਹਿਯੋਗ ਦਿੱਤਾ |