ਮਾਮੂਲੀ ਟੱਕਰ ਤੋਂ ਬਾਅਦ 2 ਧਿਰਾਂ ਵਿਚਾਲੇ ਝਗੜਾ, ਐਕਸਯੂਵੀ ਦੇ ਸ਼ੀਸ਼ੇ ਤੋੜਨ ਦਾ ਦੋਸ਼
ਫਗਵਾੜਾ, 3 ਅਕਤੂਬਰ (ਹਰਜੋਤ ਸਿੰਘ ਚਾਨਾ)-ਇੱਥੋਂ ਦੇ ਆਦਰਸ਼ ਨਗਰ ਗਾਬਾ ਕਾਲੋਨੀ ’ਚ ਦੇਰ ਰਾਤ 2 ਕਾਰਾਂ ਦੀ ਮਾਮੂਲੀ ਟੱਕਰ ਤੋਂ ਬਾਅਦ ਦੋ ਧਿਰਾਂ ਵਿਚਾਲੇ ਕਥਿਤ ਤੌਰ ’ਤੇ ਝਗੜਾ ਹੋ ਗਿਆ | ਇਸ ਦੌਰਾਨ ਇੱਕ ਧਿਰ ਵਲੋਂ ਘਰ ਦੇ ਬਾਹਰ ਖੜ੍ਹੀ ਐਕਸਯੂਵੀ ਦੇ ਸ਼ੀਸ਼ੇ ਤੋੜਨ ਤੇ ਹੱਥੋਪਾਈ ਕਰਨ ਦੇ ਦੋਸ਼ ਲਗਾਏ ਗਏ ਹਨ | ਘਟਨਾ ’ਚ ਇੱਕ ਵਿਅਕਤੀ ਦੇ ਜ਼ਖਮੀ ਹੋਣ ਦੀ ਵੀ ਜਾਣਕਾਰੀ ਹੈ | ਆਦਰਸ਼ ਨਗਰ ਵਾਸੀ ਵਿਸ਼ਾਲ ਨੇ ਦੱਸਿਆ ਕਿ ਉਹ ਰਾਤ ਕਰੀਬ 10 ਵਜੇ ਤੋਂ ਬਾਅਦ ਆਪਣੇ ਘਰ ਪਹੁੰਚੇ ਸਨ | ਇਸ ਦੌਰਾਨ ਰਸਤੇ ‘ਚ ਖੜ੍ਹੀ ਇੱਕ ਗੱਡੀ ਨਾਲ ਉਨ੍ਹਾਂ ਦੀ ਕਾਰ ਦੀ ਮਾਮੂਲੀ ਟੱਕਰ ਹੋ ਗਈ | ਉਨ੍ਹਾਂ ਮੁਤਾਬਿਕ, ਉਨ੍ਹਾਂ ਵੱਲੋਂ ਮਾਮਲਾ ਸਵੇਰੇ ਗੱਲਬਾਤ ਰਾਹੀਂ ਹੱਲ ਕਰਨ ਦੀ ਗੱਲ ਕਹੀ ਗਈ ਸੀ | ਵਿਸ਼ਾਲ ਨੇ ਦੋਸ਼ ਲਗਾਇਆ ਕਿ ਕੁਝ ਸਮੇਂ ਬਾਅਦ ਕੁਝ ਵਿਅਕਤੀਆਂ ਨੇ ਉਨ੍ਹਾਂ ਦੇ ਘਰ ਦੇ ਬਾਹਰ ਖੜ੍ਹੀ ਐਕਸਯੂਵੀ ਦੇ ਸ਼ੀਸ਼ੇ ਭੰਨ ਦਿੱਤੇ | ਜਦੋਂ ਉਹ ਬਾਹਰ ਆ ਕੇ ਮਾਮਲਾ ਸਮਝਣ ਤੇ ਗੱਲਬਾਤ ਕਰਨ ਲੱਗੇ ਤਾਂ ਕਥਿਤ ਤੌਰ ‘ਤੇ ਉਨ੍ਹਾਂ ਨਾਲ ਵੀ ਹੱਥੋਪਾਈ ਕੀਤੀ ਗਈ, ਜਿਸ ਕਾਰਨ ਉਹ ਜ਼ਖਮੀ ਹੋ ਗਏ | ਉਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਫਗਵਾੜਾ ਵਿਖੇ ਦਾਖਲ ਕਰਵਾਇਆ ਗਿਆ | ਉਧਰ, ਦੂਜੀ ਧਿਰ ਨਾਲ ਸੰਪਰਕ ਕਰਕੇ ਉਨ੍ਹਾਂ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਨ੍ਹਾਂ ਨੇ ਕੈਮਰੇ ਸਾਹਮਣੇ ਆਪਣਾ ਪੱਖ ਰੱਖਣ ਤੋਂ ਇਨਕਾਰ ਕਰ ਦਿੱਤਾ | ਮਾਮਲੇ ਦੀ ਸੂਚਨਾ ਫਗਵਾੜਾ ਪੁਲਿਸ ਨੂੰ ਦੇ ਦਿੱਤੀ ਗਈ ਹੈ | ਘਟਨਾ ਨਾਲ ਸਬੰਧਿਤ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ | ਪੁਲਿਸ ਜਾਂਚ ਤੋਂ ਬਾਅਦ ਹੀ ਝਗੜੇ ਦੀ ਅਸਲ ਵਜ੍ਹਾ ਤੇ ਘਟਨਾ ਦੌਰਾਨ ਵਾਪਰੇ ਪੂਰੇ ਘਟਨਾਕ੍ਰਮ ਦੀ ਪੁਸ਼ਟੀ ਹੋ ਸਕੇਗੀ |