ਚੰਡੀਗੜ੍ਹ, 5 ਸਤੰਬਰ (ਸੰਦੀਪ)- ਬੀ.ਬੀ.ਐਮ.ਬੀ. ਵਲੋਂ ਚੇਅਰਮੈਨ ਮਨੋਜ ਤ੍ਰਿਪਾਠੀ ਨੇ ਭਾਖੜਾ ਵਿਚ ਪਾਣੀ ਦੇ ਪੱਧਰ ਬਾਰੇ ਦੱਸਿਆ ਕਿ ਅਸੀਂ ਸਟੋਰੇਜ ਡੈਮ ਬਾਰੇ ਕਈ ਮੀਟਿੰਗਾਂ ਕਰ ਰਹੇ ਹਾਂ ਕਿਉਂਕਿ ਪਿਛਿਓਂ ਬਹੁਤ ਸਾਰਾ ਪਾਣੀ ਆਇਆ ਹੈ। ਜੇਕਰ ਅਸੀਂ ਬਿਆਸ ਡੈਮ/ਪੋਂਗ ਡੈਮ ਨੂੰ ਵੇਖੀਏ ਤਾਂ ਇਸ ਸਾਲ ਇਤਿਹਾਸਕ ਪਾਣੀ ਆਇਆ ਹੈ। ਇਸ ਤੋਂ ਪਹਿਲਾਂ 1988 ਵਿਚ ਆਇਆ ਸੀ, ਫਿਰ 2019, 2023 ਵਿਚ ਅਤੇ ਇਸ ਵਾਰ 23 ਤੋਂ 20% ਵੱਧ ਆਇਆ ਹੈ, ਜਿਸ ਵਿਚ 2025 ਵਿਚ 1 ਜੁਲਾਈ ਤੋਂ ਹੁਣ ਤੱਕ ਕੁੱਲ ਪਾਣੀ 11.70 ਬੀ.ਸੀ.ਐਮ. ਹੈ ਜੋ ਕਿ 2023 ਵਿਚ 9.25 ਬਿਲੀਅਨ ਹੈ ਅਤੇ ਇਸ ਵਾਰ ਆਇਆ ਪਾਣੀ ਬਿਆਸ ਵਿਚ ਪਹਿਲਾਂ ਨਹੀਂ ਆਇਆ ਸੀ।
ਉਨ੍ਹਾਂ ਕਿਹਾ ਕਿ ਦੇਖਿਆ ਜਾਵੇ ਤਾਂ 2023 ਤੋਂ ਬਾਅਦ ਕੇਂਦਰ ਵਾਟਰ ਕਮੀਸ਼ਨ ਨੇ ਰੂਲ ਕਰਵ ਬਣਾਇਆ ਕਿ ਇਸ ਤੋਂ ਉਪਰ ਪਾਣੀ ਨਹੀਂ ਭਰਨ ਦਿੱਤਾ ਜਾਵੇਗਾ ਤੇ ਇਹ ਬੀ.ਬੀ.ਐਮ.ਬੀ. ਤੇ ਮੌਸਮ ਵਿਭਾਗ ਦੇ ਅਨੁਮਾਨ ਤੋਂ ਨਿਰਧਾਰਤ ਕੀਤਾ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਭਾਖੜਾ ਵਿਚ ਪਾਣੀ ਕੁਝ ਘਟਿਆ ਹੈ ਪਰ ਪੌਂਗ ਡੈਮ ’ਚ ਪਾਣੀ ਦੀ ਆਮਦ ਲਗਾਤਾਰ ਜਾਰੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਇਹ ਦੋਵੇਂ ਡੈਮ ਨਾ ਹੁੰਦੇ ਤਾਂ ਜੂਨ ਮਹੀਨੇ ਤੋਂ ਹੀ ਹੜ੍ਹ ਆਉਣੇ ਸ਼ੁਰੂ ਹੋ ਜਾਣ ਸਨ।