ਪਠਾਨਕੋਟ, 5 ਸਤੰਬਰ (ਸੰਧੂ)-ਜ਼ਿਲ੍ਹਾ ਪਠਾਨਕੋਟ ਵਿਚ ਰਾਵੀ ਦਰਿਆ ਨਾਲ ਲੱਗਦੇ ਇਲਾਕਿਆਂ ਵਿਚ ਆਏ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਅੱਜ ਕੇਂਦਰ ਸਰਕਾਰ ਦੀ ਟੀਮ ਵਲੋਂ ਪਠਾਨਕੋਟ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ। ਤਿੰਨ ਮੈਂਬਰੀ ਇਸ ਕੇਂਦਰੀ ਟੀਮ ਵਿਚ ਰਾਜੇਸ਼ ਗੁਪਤਾ, ਟੀ.ਐੱਲ. (ਡੀ.ਐੱਮ.) ਮਨਿਸਟਰੀ ਆਫ਼ ਹੋਮ ਅਫ਼ੇਅਰ, ਕੰਡਾਰਪ ਵੀ. ਫਟੇਲ, ਡੀ.ਐੱਸ., ਐਕਸਪੈਂਡੀਚਰ, ਮਨਿਸਟਰੀ ਆਫ਼ ਫਾਈਨਾਂਸ ਅਤੇ ਰਾਕੇਸ਼ ਕੁਮਾਰ, ਆਰ.ਓ. ਮਨਿਸਟਰੀ ਆ ਫਰੋਡ ਟਰਾਂਸਪੋਰਟ ਐਂਡ ਹਾਈਵੇ ਸ਼ਾਮਿਲ ਸਨ।
ਕੇਂਦਰ ਸਰਕਾਰ ਦੀ ਇਸ ਟੀਮ ਵਲੋਂ ਅੱਜ ਸਭ ਤੋਂ ਪਹਿਲਾਂ ਰਾਵੀ ਦਰਿਆ ਉਤੇ ਬਣੇ ਕਥਲੋਰ ਪੁਲ ਵਿਖੇ ਪਹੁੰਚੀ ਜਿਥੇ ਮਾਣਯੋਗ ਡਿਪਟੀ ਕਮਿਸ਼ਨਰ ਆਦਿੱਤਿਆ ਉੱਪਲ ਵਲੋਂ ਰਾਵੀ ਦਰਿਆ ਵਿਚ ਵਧਦੇ ਪਾਣੀ ਦੇ ਪੱਧਰ ਬਾਰੇ ਅਤੇ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਖੇਤਰਾਂ ਬਾਰੇ ਜਾਣਕਾਰੀ ਦਿੱਤੀ ਗਈ। ਡੀ.ਸੀ. ਪਠਾਨਕੋਟ ਨੇ ਦੱਸਿਆ ਕਿ ਰਾਵੀ ਦਰਿਆ ਵਿਚ ਪਾਣੀ ਦਾ ਪੱਧਰ ਵੱਧ ਜਾਣ ਕਰਕੇ ਬਮਿਆਲ ਅਤੇ ਨਰੋਟ ਜੈਮਲ ਸਿੰਘ ਦੇ ਪਿੰਡਾਂ ਅੰਦਰ ਹੜ੍ਹ ਦੀ ਸਥਿਤੀ ਪੈਦਾ ਹੋ ਗਈ ਸੀ, ਰਾਵੀ ਵਿਚ ਪਾਣੀ ਜ਼ਿਆਦਾ ਆਉਣ ਕਰਕੇ ਕੋਹਲੀਆਂ ਅੱਡਾ ਅਤੇ ਪੰਮਾਂ ਪਿੰਡ ਜੋ ਕਿ ਬਹੁਤ ਬੂਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਇਆ ਸੀ। ਉਨ੍ਹਾਂ ਕਿਹਾ ਕਿ ਉਸ ਸਮੇਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕਾਰਵਾਈ ਕਰਦਿਆਂ ਹੜ੍ਹਾਂ ਵਿਚ ਫਸੇ ਹੋਏ ਲੋਕਾਂ ਨੂੰ ਸੁਰੱਖਿਅਤ ਸਥਾਨਾਂ ਉਤੇ ਪਹੁੰਚਾਇਆ ਗਿਆ ਅਤੇ ਹੁਣ ਪਿੰਡ-ਪਿੰਡ ਰਾਹਤ ਸਮੱਗਰੀ ਵੀ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਕੋਹਲੀਆਂ ਅੱਡਾ ਜਿਸ ਨਜ਼ਦੀਕ ਤਿੰਨ-ਚਾਰ ਅਜਿਹੇ ਪੁਆਇੰਟ ਸਨ, ਜਿਥੇ ਜ਼ਿਆਦਾ ਖਤਰਾ ਸੀ, ਉਸ ਸਥਾਨ ਉਤੇ ਪਿਛਲੇ ਇਕ ਹਫਤੇ ਤੋਂ ਅਸਥਾਈ ਬੰਨ੍ਹ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉੱਜ ਦਰਿਆ ਤੋਂ ਪਾਰ ਪਿੰਡਾਂ ਵਿਚੋਂ ਵੀ ਹੜ੍ਹ ਵਿਚ ਫਸੇ ਲੋਕਾਂ ਨੂੰ ਬਾਹਰ ਕੱਢਿਆ ਗਿਆ ਅਤੇ ਉਨ੍ਹਾਂ ਲੋਕਾਂ ਤੱਕ ਰਾਹਤ ਸਮੱਗਰੀ ਪਹੁੰਚਾਈ ਜਾ ਰਹੀ ਹੈ। ਲਗਾਤਾਰ ਡਾਕਟਰਾਂ ਦੀ ਇਕ ਟੀਮ ਉੱਜ ਦਰਿਆ ਤੋਂ ਪਾਰ ਦੇ ਪਿੰਡਾਂ ਦਾ ਦੌਰਾ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਅੱਜ ਕੇਂਦਰੀ ਟੀਮ ਦੇ ਅਧਿਕਾਰੀਆਂ ਵਲੋਂ ਜ਼ਿਲ੍ਹਾ ਪਠਾਨਕੋਟ ਦੇ ਵੱਖ-ਵੱਖ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਗਿਆ ਹੈ ਅਤੇ ਨੁਕਸਾਨ ਦਾ ਜਾਇਜ਼ਾ ਲਿਆ ਗਿਆ। ਅਧਿਕਾਰੀਆਂ ਨੇ ਕਿਹਾ ਕਿ ਉਹ ਹੜ੍ਹਾਂ ਦੇ ਨੁਕਸਾਨ ਸਬੰਧੀ ਆਪਣੀ ਰਿਪੋਰਟ ਕੇਂਦਰ ਸਰਕਾਰ ਨੂੰ ਸੌਂਪਣਗੇ।
ਇਸ ਮੌਕੇ ਕੇਂਦਰੀ ਟੀਮ ਦੇ ਨਾਲ ਜਲੰਧਰ ਡਵੀਜ਼ਨ ਦੇ ਕਮਿਸ਼ਨਰ ਅਰੁਨ ਸੇਖੜੀ, ਦਲਜਿੰਦਰ ਸਿੰਘ ਢਿੱਲੋਂ ਐਸ.ਐਸ.ਪੀ. ਪਠਾਨਕੋਟ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਹਰਦੀਪ ਸਿੰਘ, ਧਰਮਵੀਰ ਸਿੰਘ ਵਣ ਮੰਡਲ ਅਫਸਰ ਪਠਾਨਕੋਟ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।