ਰਾਂਚੀ, 24 ਸਤੰਬਰ- ਝਾਰਖ਼ੰਡ ਦੇ ਗੁਮਲਾ ਜ਼ਿਲ੍ਹੇ ਵਿਚ ਨਕਸਲ ਵਿਰੋਧੀ ਮੁਹਿੰਮ ਵਿਚ ਸੁਰੱਖਿਆ ਬਲਾਂ ਨੂੰ ਵੱਡੀ ਸਫ਼ਲਤਾ ਮਿਲੀ ਹੈ। ਝਾਰਖੰਡ ਜੈਗੁਆਰ ਅਤੇ ਜ਼ਿਲ੍ਹਾ ਪੁਲਿਸ ਦੀ ਇਕ ਸਾਂਝੀ ਟੀਮ ਨੇ ਸਵੇਰੇ ਜ਼ਿਲ੍ਹੇ ਦੇ ਘਾਘਰਾ ਥਾਣਾ ਖੇਤਰ ਦੇ ਲਾਵਦਾਗ ਜੰਗਲ ਵਿਚ ਇਕ ਨਕਸਲੀ ਟਿਕਾਣੇ ’ਤੇ ਛਾਪਾ ਮਾਰਿਆ। ਮੁਕਾਬਲੇ ਵਿਚ ਤਿੰਨ ਅਤਿ ਲੋੜੀਂਦੇ ਮਾਓਵਾਦੀ ਮਾਰੇ ਗਏ, ਜਦੋਂ ਕਿ ਦੋ ਹੋਰ ਭੱਜ ਗਏ।
ਮੁਕਾਬਲੇ ਤੋਂ ਬਾਅਦ ਮੌਕੇ ’ਤੋਂ ਵੱਡੀ ਮਾਤਰਾ ਵਿਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ। ਇਨ੍ਹਾਂ ਵਿਚ ਇਕ ਏ.ਕੇ. 56 ਰਾਈਫਲ, ਇਕ ਐਸ.ਐਲ.ਆਰ. ਅਤੇ ਇਕ ਇੰਨਸਾਸ ਰਾਈਫਲ ਸ਼ਾਮਿਲ ਸੀ। ਪੁਲਿਸ ਨੇ ਕਈ ਮੈਗਜ਼ੀਨ ਅਤੇ ਕਾਰਤੂਸ ਵੀ ਜ਼ਬਤ ਕੀਤੇ ਹਨ। ਸੁਰੱਖਿਆ ਬਲਾਂ ਨੇ ਮਾਰੇ ਗਏ ਤਿੰਨ ਅੱਤਵਾਦੀਆਂ ਵਿਚੋਂ ਇਕ ਦੀ ਪਛਾਣ ਦਿਲੀਪ ਲੋਹਾਰਾ ਵਜੋਂ ਕੀਤੀ ਹੈ, ਜੋ ਕਿ ਬੇਲਗੜਾ ਪਿੰਡ ਦਾ ਰਹਿਣ ਵਾਲਾ ਹੈ। ਪੁਲਿਸ ਦੇ ਅਨੁਸਾਰ ਉਹ ਲੰਬੇ ਸਮੇਂ ਤੋਂ ਇਲਾਕੇ ਵਿਚ ਸਰਗਰਮ ਸੀ ਅਤੇ ਕਈ ਮਾਮਲਿਆਂ ਵਿਚ ਲੋੜੀਂਦਾ ਸੀ। ਬਾਕੀ ਦੋ ਮਾਓਵਾਦੀਆਂ ਦੀ ਪਛਾਣ ਕੀਤੀ ਜਾ ਰਹੀ ਹੈ।
ਮੁਕਾਬਲੇ ਤੋਂ ਬਾਅਦ ਆਲੇ ਦੁਆਲੇ ਦੇ ਪਿੰਡਾਂ ਵਿਚ ਦਹਿਸ਼ਤ ਫੈਲ ਗਈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਮਾਓਵਾਦੀ ਲੰਬੇ ਸਮੇਂ ਤੋਂ ਜੰਗਲ ਵਿਚ ਸਰਗਰਮ ਸਨ ਅਤੇ ਜ਼ਬਰਦਸਤੀ ਟੈਕਸ ਵਸੂਲਦੇ ਸਨ। ਹਾਲਾਂਕਿ ਸੁਰੱਖਿਆ ਬਲਾਂ ਦੀ ਕਾਰਵਾਈ ਨਾਲ ਲੋਕਾਂ ਨੂੰ ਰਾਹਤ ਮਿਲੀ ਹੈ ਅਤੇ ਖੇਤਰ ਵਿਚ ਸ਼ਾਂਤੀ ਬਹਾਲ ਹੋਣ ਦੀ ਉਮੀਦ ਜਗਾਈ ਹੈ। ਸੁਰੱਖਿਆ ਬਲਾਂ ਨੇ ਪਿਛਲੇ ਕੁਝ ਹਫ਼ਤਿਆਂ ਵਿਚ ਗੁਮਲਾ ਅਤੇ ਆਸ ਪਾਸ ਦੇ ਜ਼ਿਲ੍ਹਿਆਂ ਵਿਚ ਆਪਣੇ ਨਕਸਲ ਵਿਰੋਧੀ ਅਭਿਆਨ ਤੇਜ਼ ਕਰ ਦਿੱਤੇ ਹਨ। ਇਸ ਮੁਕਾਬਲੇ ਨੂੰ ਪਿਛਲੇ ਮਹੀਨੇ ਦੇ ਅੰਦਰ ਦੂਜੀ ਵੱਡੀ ਸਫ਼ਲਤਾ ਮੰਨਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਪਲਾਮੂ ਅਤੇ ਚਤਰਾ ਖੇਤਰਾਂ ਵਿਚ ਕਈ ਨਕਸਲੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਹਥਿਆਰ ਬਰਾਮਦ ਕੀਤੇ ਗਏ ਸਨ।