ਪਟਨਾ, 24 ਸਤੰਬਰ- ਕਾਂਗਰਸ ਵਰਕਿੰਗ ਕਮੇਟੀ ਦੀ ਹੋ ਰਹੀ ਮੀਟਿੰਗ ਬਾਰੇ ਕਾਂਗਰਸ ਨੇਤਾ ਰਾਜਾ ਵੜਿੰਗ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਸਥਾਨ ਇਥੇ ਹੈ। ਮੈਂ ਪਟਨਾ ਸਾਹਿਬ ਦਾ ਦੌਰਾ ਕੀਤਾ ਅਤੇ ਇਸ ਇਤਿਹਾਸਕ ਮੀਟਿੰਗ ਵਿਚ ਆਸ਼ੀਰਵਾਦ ਅਤੇ ਨਵੀਂ ਊਰਜਾ ਨਾਲ ਪਹੁੰਚਿਆ। ਉਨ੍ਹਾਂ ਕਿਹਾ ਕਿ ਪੂਰੀ ਕਾਂਗਰਸ ਵਰਕਿੰਗ ਕਮੇਟੀ, ਪੂਰੀ ਕਾਂਗਰਸ ਪਾਰਟੀ ਅੱਜ ਇਥੇ ਵਿਚਾਰ-ਵਟਾਂਦਰਾ ਕਰਨ ਅਤੇ ਇਕ ਨਵਾਂ ਇਤਿਹਾਸ ਸਿਰਜਣ ਦੀ ਯੋਜਨਾ ਬਣਾਉਣ ਲਈ ਮੁਲਾਕਾਤ ਕਰੇਗੀ। ਵੋਟ ਚੋਰੀ ਦਾ ਮੁੱਦਾ ਦੇਸ਼ ਭਰ ਵਿਚ ਗਰਮਾ ਰਿਹਾ ਹੈ, ਜਿਸ ਨੂੰ ਰਾਹੁਲ ਗਾਂਧੀ ਨੇ ਸਬੂਤਾਂ ਦੇ ਨਾਲ ਜਨਤਾ ਦੇ ਸਾਹਮਣੇ ਲਿਆਂਦਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਬਿਹਾਰ ਅਤੇ ਪੰਜਾਬ ਵਿਚਕਾਰ ਇਕ ਖ਼ਾਸ ਰਿਸ਼ਤਾ ਹੈ। ਬਿਹਾਰ ਦੇ ਲੋਕ ਸਾਡੇ ਭਰਾ ਹਨ। ਅਸੀਂ ਉਨ੍ਹਾਂ ਤੋਂ ਬਿਨਾਂ ਨਹੀਂ ਰਹਿ ਸਕਦੇ। ਉਹ ਆਪਣੇ ਘਰ ਛੱਡ ਕੇ ਉੱਥੇ ਚਲੇ ਜਾਂਦੇ ਹਨ। ਜੇਕਰ ਨਿਤੀਸ਼ ਕੁਮਾਰ ਨੇ ਇਥੇ ਵਿਕਾਸ ਕੀਤਾ ਹੁੰਦਾ, ਤਾਂ ਸਾਰਿਆਂ ਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਆਪਣੇ ਘਰ ਨਹੀਂ ਛੱਡਣੇ ਪੈਂਦੇ।