ਸੰਯੁਕਤ ਰਾਸ਼ਟਰ ਗਲੇਸ਼ੀਅਰ ਸੰਮੇਲਨ 'ਚ ਕੀਤਾ ਸੰਬੋਧਨ
ਨਵੀਂ ਦਿੱਲੀ, 31 ਮਈ (ਏਜੰਸੀ)-ਭਾਰਤ ਨੇ ਕਿਹਾ ਕਿ ਪਾਕਿਸਤਾਨ ਨੂੰ ਸਿੰਧੂ ਜਲ ਸੰਧੀ ਦੀ ਉਲੰਘਣਾ ਲਈ ਉਸ (ਭਾਰਤ) 'ਤੇ ਦੋਸ਼ ਲਗਾਉਣਾ ਬੰਦ ਕਰ ਦੇਣਾ ਚਾਹੀਦਾ ਹੈ, ਕਿਉਂਕਿ ਉਸ (ਪਾਕਿ) ਦੀ ਜ਼ਮੀਨ ਤੋਂ ਸਰਹੱਦ ਪਾਰੋਂ ਲਗਾਤਾਰ ਜਾਰੀ ਅੱਤਵਾਦ ਸੰਧੀ ਦੇ ਲਾਗੂ ਕਰਨ 'ਚ ਵਿਘਨ ਪਾ ਰਿਹਾ ਹੈ | ਸ਼ੁੱਕਰਵਾਰ ਨੂੰ ਤਜ਼ਾਕਿਸਤਾਨ ਦੇ ਦੁਸ਼ਾਂਬੇ 'ਚ ਗਲੇਸ਼ੀਅਰਾਂ 'ਤੇ ਪਹਿਲੇ ਸੰਯੁਕਤ ਰਾਸ਼ਟਰ ਸੰਮੇਲਨ ਦੇ ਪੂਰਨ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਵਾਤਾਵਰਨ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਕਿਹਾ ਕਿ ਪਾਕਿਸਤਾਨ ਖੁਦ ਅੱਤਵਾਦ ਰਾਹੀਂ ਸੰਧੀ ਦੀ ਉਲੰਘਣਾ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਅਸੀਂ ਪਾਕਿਸਤਾਨ ਦੁਆਰਾ ਮੰਚ ਦੀ ਦੁਰਵਰਤੋਂ ਕਰਨ ਅਤੇ ਅਜਿਹੇ ਮੁੱਦਿਆਂ ਦਾ ਅਣਉਚਿਤ ਸੰਦਰਭ ਲਿਆਉਣ ਦੇ ਯਤਨਾਂ ਤੋਂ ਹੈਰਾਨ ਹਾਂ, ਜੋ ਮੰਚ ਦੇ ਦਾਇਰੇ 'ਚ ਨਹੀਂ ਆਉਂਦੇ | ਉਨ੍ਹਾਂ ਨੇ ਕਿਹਾ ਕਿ ਇਹ ਇਕ ਨਿਰਵਿਵਾਦ ਤੱਥ ਹੈ ਕਿ ਸਿੰਧੂ ਜਲ ਸੰਧੀ 'ਤੇ ਦਸਤਖ਼ਤ ਕੀਤੇ ਜਾਣ ਤੋਂ ਬਾਅਦ ਹਾਲਾਤ ਵਿਚ ਬੁਨਿਆਦੀ ਬਦਲਾਅ ਆਏ ਹਨ, ਜਿਸ ਲਈ ਸੰਧੀ ਦੇ ਇਕਰਾਰਾਂ ਦਾ ਮੁੜ ਮੁਲਾਂਕਣ ਕਰਨ ਦੀ ਲੋੜ ਹੈ | ਮੰਤਰੀ ਨੇ ਕਿਹਾ ਕਿ ਸੰਧੀ ਦੀ ਪ੍ਰਸਤਾਵਨਾ 'ਚ ਕਿਹਾ ਗਿਆ ਹੈ ਕਿ ਇਸ ਨੂੰ ਸਦਭਾਵਨਾ ਅਤੇ ਦੋਸਤੀ ਦੀ ਭਾਵਨਾ ਨਾਲ ਕੀਤਾ ਗਿਆ ਸੀ ਅਤੇ ਇਸ ਸੰਧੀ ਦਾ ਚੰਗੇ ਵਿਸ਼ਵਾਸ ਨਾਲ ਸਨਮਾਨ ਕਰਨਾ ਜ਼ਰੂਰੀ ਹੈ | ਹਾਲਾਂਕਿ ਪਾਕਿਸਤਾਨ ਵਲੋਂ ਲਗਾਤਾਰ ਸਰਹੱਦ ਪਾਰ ਅੱਤਵਾਦ ਸੰਧੀ ਦੇ ਉਪਬੰਧਾਂ ਅਨੁਸਾਰ ਇਸ ਦਾ ਫਾਇਦਾ ਉਠਾਉਣ ਦੀ ਸਮਰੱਥਾ ਵਿਚ ਵਿਘਨ ਪਾਉਂਦਾ ਹੈ | ਉਨ੍ਹਾਂ ਕਿਹਾ ਕਿ ਪਾਕਿਸਤਾਨ ਜੋ ਕਿ ਖੁਦ ਸੰਧੀ ਦੀ ਉਲੰਘਣਾ ਕਰ ਰਿਹਾ ਹੈ, ਉਸ ਨੂੰ ਸੰਧੀ ਦੀ ਉਲੰਘਣਾ ਦਾ ਦੋਸ਼ ਭਾਰਤ 'ਤੇ ਪਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ | ਗਲੇਸ਼ੀਅਰਾਂ ਦੀ ਸੰਭਾਲ 'ਤੇ ਅੰਤਰਰਾਸ਼ਟਰੀ ਕਾਨਫਰੰਸ 'ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਦੇਸ਼ ਭਾਰਤ ਨੂੰ ਸੌੜੇ ਰਾਜਨੀਤਿਕ ਲਾਭਾਂ ਲਈ ਸਿੰਧੂ ਜਲ ਸੰਧੀ ਨੂੰ ਮੁਲਤਵੀ ਕਰਕੇ ਅਤੇ ਲੱਖਾਂ ਜਾਨਾਂ ਨੂੰ ਖ਼ਤਰੇ ਵਿਚ ਪਾ ਕੇ ਲਾਲ ਰੇਖਾ ਪਾਰ ਕਰਨ ਦੀ ਇਜਾਜ਼ਤ ਨਹੀਂ ਦੇਵੇਗਾ |
ਪਾਕਿ ਅੱਤਵਾਦ ਜ਼ਰੀਏ ਸਿੰਧੂ ਜਲ ਸੰਧੀ ਦੀ ਕਰ ਰਿਹਾ ਹੈ ਉਲੰਘਣਾ-ਭਾਰਤ
ਅਜੀਤ ਡੈਸਕ
01-06-2025