3 ਜ਼ੋਨਾਂ 'ਚ ਵੰਡੇ 23 ਜ਼ਿਲ੍ਹੇ, ਲੁਆਈ ਦੇ ਭਾਅ 'ਚ ਆ ਸਕਦੀ ਹੈ ਤੇਜ਼ੀ
ਸੱਤਪਾਲ ਸਿੰਘ ਸਿਵੀਆਂ
ਬਠਿੰਡਾ, 31 ਮਈ -ਪੰਜਾਬ 'ਚ ਹਰ ਵਰੇ੍ਹ ਝੋਨੇ ਦੀ ਫ਼ਸਲ ਦਾ 15 ਜੂਨ ਤੋਂ ਸ਼ੁਰੂ ਹੋਣ ਵਾਲਾ ਹੱਥੀਂ ਲੁਆਈ ਦਾ ਕੰਮ ਇਸ ਵਾਰ 15 ਦਿਨ ਪਹਿਲਾਂ ਭਾਵ ਅੱਜ 1 ਜੂਨ ਤੋਂ ਸ਼ੁਰੂ ਹੋ ਰਿਹਾ ਹੈ | ਝੋਨੇ ਦੀ ਲੁਆਈ ਕਰਨ ਲਈ ਪੰਜਾਬ ਸਰਕਾਰ ਤੇ ਸੂਬੇ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਸੂਬੇ ਦੇ 23 ਜ਼ਿਲਿ੍ਹਆਂ ਦੀ 3 ਜ਼ੋਨਾਂ 'ਚ ਵੰਡ ਕੀਤੀ ਗਈ ਹੈ, ਜਿਸ ਅਨੁਸਾਰ 5 ਜ਼ਿਲਿ੍ਹਆਂ 'ਚ ਅੱਜ ਤੋਂ ਤੇ 8 ਜ਼ਿਲਿ੍ਹਆਂ 'ਚ 5 ਜੂਨ ਤੋਂ ਤੇ 10 ਜ਼ਿਲਿ੍ਹਆਂ 'ਚ 9 ਜੂਨ ਤੋਂ ਝੋਨੇ ਦੀ ਲੁਆਈ ਸ਼ੁਰੂ ਹੋਵੇਗੀ | ਸੂਬਾ ਸਰਕਾਰ ਤੇ ਖੇਤੀਬਾੜੀ ਵਿਭਾਗ ਨੇ ਇਸ ਵਰੇ੍ਹ ਝੋਨੇ ਦੀ ਲੁਆਈ ਹੇਠਾਂ ਕਰੀਬ ਸਾਢੇ 32 ਲੱਖ ਹੈਕਟੇਅਰ ਰਕਬਾ ਕਵਰ ਕਰਨ ਦਾ ਟੀਚਾ ਮਿੱਥਿਆ ਹੈ, ਪਰ ਦੂਜੇ ਪਾਸੇ ਅਜੇ ਤੱਕ ਝੋਨੇ ਦੀਆਂ ਪਨੀਰੀਆਂ ਪੂਰੀ ਤਰ੍ਹਾਂ ਨਾਲ ਤਿਆਰ ਨਾ ਹੋਣ ਕਰਕੇ ਤੇ ਨਹਿਰੀ ਪਾਣੀ ਦੀ ਚੱਲ ਰਹੀ ਬੰਦੀ ਕਾਰਨ ਝੋਨੇ ਦੀ ਲੁਆਈ ਪਹਿਲੇ ਹਫ਼ਤੇ ਪੱਛੜ ਕੇ ਹੋਣ ਦੀ ਸੰਭਾਵਨਾ ਹੈ | ਪੰਜਾਬ ਅੰਦਰ ਅੱਜ ਤੋਂ ਸ਼ੁਰੂ ਹੋ ਰਹੀ ਝੋਨੇ ਦੀ ਲੁਆਈ ਸੰਬੰਧੀ ਸੂਬਾ ਸਰਕਾਰ ਤੇ ਖੇਤੀਬਾੜੀ ਵਿਭਾਗ ਵਲੋਂ ਜ਼ੋਨਾਂ ਅਨੁਸਾਰ ਉਲੀਕੇ ਗਏ ਪ੍ਰੋਗਰਾਮ ਅਨੁਸਾਰ ਪਹਿਲੇ ਜ਼ੋਨ ਤਹਿਤ 5 ਜ਼ਿਲਿ੍ਹਆਂ ਬਠਿੰਡਾ, ਫ਼ਰੀਦਕੋਟ, ਫ਼ਿਰੋਜ਼ਪੁਰ, ਫਾਜ਼ਿਲਕਾ ਤੇ ਸ੍ਰੀ ਮੁਕਤਸਰ ਸਾਹਿਬ 'ਚ ਅੱਜ 1 ਜੂਨ ਤੋਂ ਝੋਨੇ ਦੀ ਲੁਆਈ ਸ਼ੁਰੂ ਹੋਵੇਗੀ ਜਦਕਿ ਜ਼ੋਨ ਨੰਬਰ 2 ਤਹਿਤ 8 ਜ਼ਿਲਿਆਂ ਗੁਰਦਾਸਪੁਰ, ਪਠਾਨਕੋਟ, ਅੰਮਿ੍ਤਸਰ, ਤਰਨ ਤਾਰਨ, ਰੂਪਨਗਰ, ਮੋਹਾਲੀ, ਫਤਹਿਗੜ੍ਹ ਸਾਹਿਬ ਤੇ ਹੁਸ਼ਿਆਰਪੁਰ 'ਚ 5 ਜੂਨ ਤੋਂ ਝੋਨੇ ਦੀ ਲੁਆਈ ਦਾ ਕੰਮ ਸ਼ੁਰੂ ਹੋਵੇਗਾ | ਇਸੇ ਤਰ੍ਹਾਂ ਬਾਕੀ ਰਹਿੰਦੇ 10 ਜ਼ਿਲਿ੍ਹਆਂ ਲੁਧਿਆਣਾ, ਮਲੇਰਕੋਟਲਾ, ਮਾਨਸਾ, ਮੋਗਾ, ਬਰਨਾਲਾ, ਪਟਿਆਲਾ, ਸੰਗਰੂਰ, ਕਪੂਰਥਲਾ, ਜਲੰਧਰ ਤੇ ਨਵਾਂਸ਼ਹਿਰ 'ਚ ਤੀਸਰੇ ਜ਼ੋਨ ਤਹਿਤ 9 ਜੂਨ ਤੋਂ ਕਿਸਾਨ ਝੋਨੇ ਦੀ ਲੁਆਈ ਸ਼ੁਰੂ ਕਰ ਸਕਣਗੇ | ਬੇਸ਼ੱਕ ਪੰਜਾਬ ਸਰਕਾਰ ਵਲੋਂ ਸੂਬੇ ਅੰਦਰ ਧਰਤੀ ਹੇਠਲੇ ਪਾਣੀ ਦੇ ਘੱਟ ਰਹੇ ਪੱਧਰ ਨੂੰ ਠੱਲ੍ਹ ਪਾਉਣ ਦੇ ਮਕਸਦ ਨਾਲ ਪਾਣੀ ਦੀ ਸਭ ਤੋਂ ਵੱਧ ਖ਼ਪਤ ਵਾਲੀ ਮੰਨੀ ਜਾਂਦੀ ਝੋਨੇ ਦੀ ਫ਼ਸਲ ਦੀ ਕਿਸਮ 'ਪੂਸਾ 44' ਉੱਪਰ ਇਸ ਵਾਰ ਪਾਬੰਦੀ ਲਗਾ ਦਿੱਤੀ ਗਈ ਹੈ ਤੇ ਝੋਨੇ ਹੇਠ ਰਕਬਾ ਘਟਾਉਣ ਦੇ ਉਪਰਾਲਿਆਂ ਤਹਿਤ ਜਿੱਥੇ ਸੂਬੇ ਅੰਦਰ ਮੱਕੀ ਦੀ ਖੇਤੀ ਕਰਨ 'ਤੇ ਪਹਿਲੀ ਵਾਰ ਘੱਟੋ-ਘੱਟ ਸਮਰਥਨ ਮੁੱਲ (ਐਮ. ਐਸ. ਪੀ.) ਤੈਅ ਕੀਤਾ ਗਿਆ ਹੈ ਉਥੇ ਨਰਮੇ ਹੇਠਾਂ ਵੀ ਰਕਬਾ ਵਧਾਉਣ ਲਈ ਜ਼ੋਰ ਲਗਾਇਆ ਜਾ ਰਿਹਾ, ਪਰ ਫੇਰ ਵੀ ਸੂਬੇ ਅੰਦਰ ਕਰੀਬ ਸਾਢੇ 32 ਲੱਖ ਹੈਕਟੇਅਰ ਰਕਬੇ 'ਚ ਝੋਨੇ ਦੀ ਲੁਆਈ ਕੀਤੀ ਜਾਣੀ ਹੈ | ਇਸ ਦੌਰਾਨ ਸੂਬੇ ਦੇ ਕਿਸਾਨਾਂ ਨੂੰ ਮਜ਼ਦੂਰਾਂ ਦੀ ਘਾਟ ਨਾਲ ਵੀ ਜੂਝਣਾ ਪੈ ਸਕਦਾ ਹੈ ਕਿਉਂਕਿ ਪੰਜਾਬ 'ਚ ਹਰ ਸਾਲ ਝੋਨੇ ਦੀ ਲੁਆਈ ਕਰਨ ਲਈ ਬਾਹਰੀ ਸੂਬਿਆਂ ਬਿਹਾਰ ਤੇ ਉੱਤਰ-ਪ੍ਰਦੇਸ਼ ਤੋਂ ਹਜ਼ਾਰਾਂ ਦੀ ਗਿਣਤੀ 'ਚ ਆਉਣ ਵਾਲੇ ਪ੍ਰਵਾਸੀ ਮਜ਼ਦੂਰਾਂ ਦੀ ਅਜੇ ਤੱਕ ਸੂਬੇ ਅੰਦਰ ਆਮਦ ਨਾ ਮਾਤਰ ਹੀ ਹੋਈ ਹੈ | ਇਸ ਤੋਂ ਇਲਾਵਾ ਸੂਬੇ ਦੇ ਵਸਨੀਕ ਭਾਵ ਪੰਜਾਬੀ ਮਜ਼ਦੂਰ ਵੀ ਝੋਨੇ ਦੀ ਲੁਆਈ ਦਾ ਕੰਮ ਕਰਦੇ ਹਨ, ਪਰ ਉਹ ਬਾਹਰੀ ਪਿੰਡਾਂ ਜਾਂ ਬਹੁਗਿਣਤੀ ਰਕਬੇ ਨੂੰ ਕਵਰ ਕਰਨ ਦੀ ਬਜਾਏ ਆਪਣੇ ਪਿੰਡਾਂ ਦੇ ਕੁਝ ਰਕਬੇ ਨੂੰ ਹੀ ਕਵਰ ਕਰਦੇ ਹਨ, ਜਿਸ ਕਾਰਨ ਝੋਨੇ ਦੀ ਲੁਆਈ ਲਈ ਹਮੇਸ਼ਾ ਪ੍ਰਵਾਸੀ ਮਜ਼ਦੂਰਾਂ ਦੀ ਮੰਗ ਜ਼ਿਆਦਾ ਰਹਿੰਦੀ ਹੈ, ਪਰ ਇਸ ਵਾਰ ਜਿੱਥੇ ਸੂਬੇ ਦੇ ਕਿਸਾਨਾਂ ਨੂੰ ਮਜ਼ਦੂਰਾਂ ਦੀ ਵੱਡੀ ਘਾਟ ਰੜਕ ਸਕਦੀ ਹੈ, ਉਥੇ ਲੁਆਈ ਦਾ ਭਾਅ ਵਧਣ ਤੇ ਲੁਆਈ ਦਾ ਸੀਜ਼ਨ ਲੰਬਾ ਜਾਣ ਦੀਆਂ ਸੰਭਾਵਨਾਵਾਂ ਹਨ |
ਇਨ੍ਹਾਂ ਕਿਸਮਾਂ ਦੀ ਹੁੰਦੀ ਲੁਆਈ
ਸੂਬੇ ਅੰਦਰ ਕਿਸਾਨਾਂ ਵਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਸਿਫ਼ਾਰਸ਼ ਕੀਤੀਆਂ ਝੋਨੇ ਦੀਆਂ ਕਿਸਮਾਂ ਪੀ. ਆਰ. 121, 122, 124, 126, 127, 131, 138 ਸਮੇਤ ਹੋਰ ਮਾਨਤਾ ਪ੍ਰਾਪਤ ਕਿਸਮਾਂ ਦੀ ਲੁਆਈ ਤੋਂ ਇਲਾਵਾ ਸਿੱਧੀ ਬਿਜਾਈ ਕੀਤੀ ਜਾਂਦੀ ਹੈ, ਪਰ ਇਸ ਵਾਰ ਕਿਸਾਨਾਂ ਵਲੋਂ 212 ਕਿਸਮ ਝੋਨੇ ਦੀ ਲੁਆਈ ਕਰਨ ਲਈ ਵੀ ਬਹੁਤਾਤ 'ਚ ਪਨੀਰੀ ਦੀ ਬਿਜਾਂਦ ਕੀਤੀ ਗਈ ਹੈ, ਜੋ ਸ਼ੈਲਰ ਮਾਲਕਾਂ ਦੀ ਵੀ ਪਸੰਦ ਦੱਸੀ ਜਾ ਰਹੀ ਹੈ |
ਪਿਛਲੇ ਵਰ੍ਹੇ ਨਾਲੋਂ 69 ਰੁਪਏ ਵੱਧ ਮਿਲੇਗਾ ਭਾਅ
ਪਿਛਲੇ ਵਰੇ੍ਹ ਸਰਕਾਰ ਵਲੋਂ ਝੋਨੇ ਦੀ 2320 ਪ੍ਰਤੀ ਕੁਇੰਟਲ ਦੇ ਭਾਅ ਨਾਲ ਖਰੀਦ ਕੀਤੀ ਗਈ ਸੀ, ਜਿਸ ਵਿਚ ਬੀਤੇ ਦਿਨੀਂ ਕੇਂਦਰ ਸਰਕਾਰ ਵਲੋਂ 69 ਰੁਪਏ ਦਾ ਵਾਧਾ ਕੀਤਾ ਗਿਆ ਤੇ ਇਸ ਅਨੁਸਾਰ ਸੂਬੇ 'ਚ ਇਸ ਵਰ੍ਹੇ ਝੋਨਾ 2389 ਰੁਪਏ ਪ੍ਰਤੀ ਕੁਇੰਟਲ ਦੇ ਭਾਅ ਅਨੁਸਾਰ ਖਰੀਦਿਆ ਜਾਵੇਗਾ |
ਪੰਜਾਬ 'ਚ ਝੋਨੇ ਦੀ ਲੁਆਈ ਅੱਜ ਤੋਂ ਕਿਸਾਨਾਂ ਨੂੰ ਰੜਕੇਗੀ ਮਜ਼ਦੂਰਾਂ ਦੀ ਘਾਟ
ਅਜੀਤ ਡੈਸਕ
01-06-2025