ਨਵੀਂ ਦਿੱਲੀ, 31 ਮਈ (ਪੀ. ਟੀ. ਆਈ.)-ਰਾਸ਼ਟਰੀ ਜਾਂਚ ਏਜੰਸੀ (ਐਨ. ਆਈ. ਏ.) ਨੇ ਸਨਿਚਰਵਾਰ ਨੂੰ ਪਾਕਿਸਤਾਨ ਨਾਲ ਜੁੜੇ ਜਾਸੂਸੀ ਮਾਮਲੇ 'ਚ 8 ਰਾਜਾਂ 'ਚ 15 ਥਾਵਾਂ 'ਤੇ ਇਕ ਵਿਸ਼ਾਲ ਤਲਾਸ਼ੀ ਮੁਹਿੰਮ ਚਲਾਈ | ਅਧਿਕਾਰੀਆਂ ਨੇ ਦੱਸਿਆ ਕਿ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ 'ਚ ਕੇਂਦਰੀ ਰਿਜ਼ਰਵ ਪੁਲਿਸ ਫੋਰਸ (ਸੀ.ਆਰ.ਪੀ.ਐਫ.) ਦੇ ਹੁਣ ਮੁਅੱਤਲ ਕੀਤੇ ਗਏ ਜਵਾਨ ਦੀ ਗਿ੍ਫ਼ਤਾਰੀ ਤੋਂ ਬਾਅਦ ਇਹ ਤਲਾਸ਼ੀ ਮੁਹਿੰਮ ਚਲਾਈ ਗਈ | ਉਨ੍ਹਾਂ ਕਿਹਾ ਕਿ ਦਿੱਲੀ, ਮਹਾਰਾਸ਼ਟਰ (ਮੁੰਬਈ), ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ, ਅਸਾਮ ਅਤੇ ਪੱਛਮੀ ਬੰਗਾਲ 'ਚ ਪਾਕਿਸਤਾਨ ਇੰਟੈਲੀਜੈਂਸ ਆਪਰੇਟਿਵਜ਼ (ਪੀ.ਆਈ.ਓ.) ਨਾਲ ਜੁੜੇ ਸ਼ੱਕੀ ਵਿਅਕਤੀਆਂ ਦੇ ਟਿਕਾਣਿਆਂ 'ਤੇ ਤਲਾਸ਼ੀ ਲਈ ਗਈ | ਅਧਿਕਾਰੀਆਂ ਨੇ ਕਿਹਾ ਕਿ ਤਲਾਸ਼ੀ ਦੌਰਾਨ ਐਨ. ਆਈ. ਏ. ਦੀਆਂ ਟੀਮਾਂ ਨੇ ਕਈ ਇਲੈਕਟ੍ਰਾਨਿਕ ਯੰਤਰ ਅਤੇ ਸੰਵੇਦਨਸ਼ੀਲ ਵਿੱਤੀ ਦਸਤਾਵੇਜ਼, ਹੋਰ ਅਪਰਾਧਕ ਸਮੱਗਰੀ ਜ਼ਬਤ ਕੀਤੀ ਹੈ | ਐਨ. ਆਈ. ਏ. ਵਲੋਂ ਜਾਰੀ ਇਕ ਬਿਆਨ 'ਚ ਕਿਹਾ ਗਿਆ ਹੈ ਕਿ ਭਾਰਤ ਵਿਰੋਧੀ ਅੱਤਵਾਦੀ ਸਾਜਿਸ਼ ਦੇ ਹਿੱਸੇ ਵਜੋਂ ਪਾਕਿਸਤਾਨ-ਆਧਾਰਿਤ ਸੰਚਾਲਕਾਂ ਵਲੋਂ ਚਲਾਏ ਜਾ ਰਹੇ ਜਾਸੂਸੀ ਰੈਕੇਟ ਦੇ ਸੁਰਾਗ ਲਈ ਇਨ੍ਹਾਂ ਦੀ ਵਿਆਪਕ ਜਾਂਚ ਕੀਤੀ ਜਾ ਰਹੀ ਹੈ | ਐਨ. ਆਈ. ਏ. ਦੀ ਜਾਂਚ ਦੇ ਅਨੁਸਾਰ ਅੱਜ ਦੀ ਤਲਾਸ਼ੀ 'ਚ ਜਿਨ੍ਹਾਂ ਸ਼ੱਕੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਉਨ੍ਹਾਂ ਦੇ ਪਾਕਿਸਤਾਨੀ ਸੰਚਾਲਕਾਂ ਨਾਲ ਸੰਬੰਧ ਸਨ ਅਤੇ ਭਾਰਤ ਵਿੱਚ ਜਾਸੂਸੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਵਿੱਤੀ ਸਾਧਨ ਵਜੋਂ ਕੰਮ ਕਰਦੇ ਸਨ |