06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

'ਆਪ' ਵਿਧਾਇਕ ਪਠਾਣਮਾਜਰਾ ਗਿ੍ਫ਼ਤਾਰੀ ਉਪਰੰਤ ਪੁਲਿਸ ਹਿਰਾਸਤ 'ਚੋਂ ਫ਼ਰਾਰ

Ad Position 21
No active advertisement
ਅਜੀਤ ਡੈਸਕ 03-09-2025

• ਹਰਿਆਣਾ 'ਚ ਕਾਬੂ ਕਰਨ ਗਈ ਪਟਿਆਲਾ ਪੁਲਿਸ ਦੀ ਟੀਮ 'ਤੇ ਚੱਲੀ ਗੋਲੀ • 4 ਸਾਲ ਬਾਅਦ ਦਰਜ ਹੋਇਆ ਜਬਰ ਜਨਾਹ ਦਾ ਮਾਮਲਾ
ਮਨਦੀਪ ਸਿੰਘ ਖਰੌੜ

ਪਟਿਆਲਾ, 2 ਸਤੰਬਰ-ਹਲਕੇ 'ਚ ਹੜ੍ਹਾਂ ਦੇ ਅਗਾਊਾ ਪ੍ਰਬੰਧਾਂ ਨੂੰ ਲੈ ਕੇ ਆਪਣੀ ਹੀ ਪਾਰਟੀ 'ਤੇ ਸਵਾਲ ਖੜ੍ਹੇ ਕਰਨ ਵਾਲੇ ਹਲਕਾ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਖ਼ਿਲਾਫ਼ ਅੱਜ ਪਟਿਆਲਾ ਪੁਲਿਸ ਨੇ ਜਬਰ ਜਨਾਹ ਦਾ ਕੇਸ ਦਰਜ ਕਰ ਲਿਆ ਹੈ | ਇਸ ਕੇਸ ਨੂੰ ਸਿਆਸੀ ਗਲਿਆਰਿਆਂ 'ਚ ਰਾਜਨੀਤਕ ਲੜਾਈ ਦਸਿਆ ਜਾ ਰਿਹਾ ਹੈ | ਉਕਤ ਕੇਸ ਤਹਿਤ ਅੱਜ ਸਵੇਰੇ 5 ਵਜੇ ਦੇ ਕਰੀਬ ਕਰਨਾਲ ਲਾਗੇ ਪਿੰਡ ਡਬਰੀ 'ਚ ਵਿਧਾਇਕ ਪਠਾਣਮਾਜਰਾ ਨੂੰ ਗਿ੍ਫ਼ਤਾਰ ਕਰਨ ਗਈ ਪਟਿਆਲਾ ਪੁਲਿਸ ਦੀ ਟੀਮ ਨੂੰ ਲੋਕਾਂ ਦੇ ਇਕੱਠ ਤੇ ਹਮਾਇਤੀਆਂ ਵਲੋਂ ਚਲਾਈ ਗੋਲੀ ਤੋਂ ਬਾਅਦ ਵਾਪਸ ਮੁੜਨਾ ਪਿਆ | ਪੁਲਿਸ ਅਨੁਸਾਰ ਵਿਧਾਇਕ ਪਠਾਣਮਾਜਰਾ ਨੂੰ ਉਸ ਦੇ ਸਾਂਢੂ ਦੇ ਪਿੰਡ ਡਬਰੀ 'ਚ ਜਦੋਂ ਪੁਲਿਸ ਟੀਮਾਂ ਗਿ੍ਫ਼ਤਾਰ ਕਰਨ ਗਈਆਂ ਤਾਂ ਉੱਥੇ ਵੱਡੀ ਗਿਣਤੀ 'ਚ ਪਿੰਡ ਵਾਸੀ ਇਕੱਠੇ ਹੋ ਗਏ ਤੇ ਵਿਧਾਇਕ ਦੇ ਹਮਾਇਤੀਆਂ ਨੇ ਪੁਲਿਸ ਪਾਰਟੀ 'ਤੇ ਗੋਲੀ ਚਲਾ ਦਿੱਤੀ, ਜਿਸ ਕਾਰਨ ਪੰਜਾਬ ਪੁਲਿਸ ਨੂੰ ਹਰਿਆਣਾ ਪੁਲਿਸ ਮੌਕੇ 'ਤੇ ਬੁਲਾਉਣੀ ਪਈ, ਪਰ ਰੌਲ਼ੇ-ਰੱਪੇ 'ਚ ਵਿਧਾਇਕ ਸਕਾਰਪੀਓ ਗੱਡੀ 'ਚ ਬੈਠ ਕੇ ਫ਼ਰਾਰ ਹੋ ਗਏ | ਪੁਲਿਸ ਦਾ ਕਹਿਣਾ ਹੈ ਕਿ ਪੁਲਿਸ ਪਾਰਟੀ 'ਤੇ ਚੱਲੀ ਗੋਲੀ 'ਚ ਇਕ ਮੁਲਾਜ਼ਮ ਵੀ ਜ਼ਖ਼ਮੀ ਹੋ ਗਿਆ ਹੈ | ਮਾਮਲੇ ਦੀ ਪੁਸ਼ਟੀ ਐਸ. ਐਸ. ਪੀ. ਪਟਿਆਲਾ ਵਰੁਣ ਸ਼ਰਮਾ ਵਲੋਂ ਕੀਤੀ ਗਈ ਹੈ | ਦੂਜੇ ਪਾਸੇ ਹਰਿਆਣਾ ਪੁਲਿਸ ਨੇ ਮੀਡੀਆ ਨੂੰ ਦੱਸਿਆ ਕਿ ਇੱਥੇ ਗੋਲੀ ਚੱਲਣ ਸੰਬੰਧੀ ਕੋਈ ਸੂਚਨਾ ਨਹੀਂ, ਪਰ ਪਟਿਆਲਾ ਪੁਲਿਸ ਦਾ ਕਹਿਣਾ ਹੈ ਕਿ ਉੱਥੇ ਮੌਕੇ 'ਤੇ ਗੋਲੀ ਚਲਾਉਣ ਵਾਲੇ ਸ਼ਖ਼ਸ ਬਲਵਿੰਦਰ ਸਿੰਘ ਨੂੰ ਪੁਲਿਸ ਨੇ ਕਾਬੂ ਕਰ ਲਿਆ ਤੇ ਉਸ ਤੋਂ ਹਥਿਆਰ ਤੇ ਫਾਰਚੂਨਰ ਗੱਡੀ ਵੀ ਕਬਜ਼ੇ 'ਚ ਲੈ ਲਈ ਹੈ | ਹਾਲੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਇਹ ਅਸਲ੍ਹਾ ਲਾਇਸੈਂਸੀ ਸੀ ਜਾਂ ਨਾਜਾਇਜ਼ | ਵਿਧਾਇਕ 'ਤੇ ਹੋਈ ਅਚਾਨਕ ਇਸ ਕਾਰਵਾਈ ਨੂੰ ਸਿਆਸੀ ਰਾਜਨੀਤੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ | ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਜਦੋਂ ਪੁਲਿਸ ਨੂੰ ਪਤਾ ਸੀ ਕਿ ਵਿਧਾਇਕ ਉਸ ਦੇ ਸਾਂਢੂ ਦੇ ਪਿੰਡ ਡਬਰੀ ਹੈ ਤਾਂ ਉਸ ਨੂੰ ਅਗਾਊਾ ਸੂਚਨਾ ਕਿਸ ਨੇ ਦਿੱਤੀ ਤੇ ਉਹ ਭਾਰੀ ਪੁਲਿਸ ਫੋਰਸ ਹੋਣ ਦੇ ਬਾਵਜੂਦ ਵੀ ਭੱਜਣ 'ਚ ਕਿਵੇਂ ਕਾਮਯਾਬ ਹੋ ਗਏ? ਖ਼ਬਰ ਲਿਖੇ ਜਾਣ ਤਕ ਪੁਲਿਸ ਦੀਆਂ ਕਈ ਟੀਮਾਂ ਹਰਿਆਣਾ, ਦਿੱਲੀ ਤੇ ਹੋਰ ਰਾਜਾਂ 'ਚ ਵਿਧਾਇਕ ਦੀ ਭਾਲ 'ਚ ਜੁਟੀਆਂ ਹੋਈਆਂ ਹਨ | ਇਸ ਸੰਬੰਧੀ ਆਮ ਆਦਮੀ ਪਾਰਟੀ ਦੇ ਬੁਲਾਰੇ ਨੇ ਦਸਿਆ ਕਿ ਵਿਧਾਇਕ ਖ਼ਿਲਾਫ਼ ਇਕ ਔਰਤ ਦੀ ਸ਼ਿਕਾਇਤ 'ਤੇ ਪਰਚਾ ਦਰਜ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਤਿੰਨ 'ਸੀ' ਦੀ ਨੀਤੀ 'ਤੇ ਚੱਲਦੇ ਹਨ, ਜਿਸ 'ਚ ਇਕ 'ਸੀ' 'ਚਰਿੱਤਰ' ਵੀ ਹੈ, ਜਿਸ ਕਰ ਕੇ ਪਾਰਟੀ ਵਲੋਂ ਆਪਣੇ ਵਿਧਾਇਕ 'ਤੇ ਕਾਰਵਾਈ ਕੀਤੀ ਗਈ, ਕਿਉਂਕਿ ਪਾਰਟੀ 'ਚ ਕਿਸੇ ਵੀ ਤਰ੍ਹਾਂ ਦੇ ਗਲਤ ਕੰਮ ਕਰਨ ਵਾਲੇ ਵਿਅਕਤੀ ਨੂੰ ਬਿਲਕੁਲ ਨਹੀਂ ਬਖ਼ਸ਼ਿਆ ਜਾਵੇਗਾ ਭਾਵੇਂ ਕਿ ਉਹ ਕਿਸੇ ਵੀ ਅਹੁਦੇ 'ਤੇ ਹੋਵੇ | ਬੁਲਾਰੇ ਨੇ ਦਸਿਆ ਕਿ ਜਦੋਂ ਵਿਧਾਇਕ ਨੇ ਪੁਲਿਸ ਨੂੰ ਧਮਕੀ ਦਿੱਤੀ ਤਾਂ ਵਿਧਾਇਕ ਪਠਾਣਮਾਜਰਾ ਨੇ ਪਾਰਟੀ ਦੇ ਕੁਝ ਸੀਨੀਅਰ ਆਗੂਆਂ ਨਾਲ ਇਸ ਕੇਸ 'ਚੋਂ ਬਚਣ ਲਈ ਸੰਪਰਕ ਕੀਤਾ, ਪਰ ਸੀਨੀਅਰ ਆਗੂਆਂ ਨੇ ਉਸ ਨੂੰ ਸਾਫ਼ ਇਨਕਾਰ ਕਰ ਦਿੱਤਾ | ਵਿਧਾਇਕ ਨੂੰ ਜਦੋਂ ਪਤਾ ਲੱਗ ਗਿਆ ਕਿ ਉਸ 'ਤੇ ਪੁਲਿਸ ਕਾਰਵਾਈ ਹੋ ਸਕਦੀ ਹੈ ਤਾਂ ਉਨ੍ਹਾਂ ਪਿਛਲੇ ਦੋ ਤਿੰਨ ਦਿਨ ਤੋਂ ਲੋਕਾਂ ਦਾ ਅਸਲ ਮਸਲੇ ਤੋਂ ਧਿਆਨ ਭਟਕਾਉਣ ਲਈ ਹੜ੍ਹਾਂ ਦੇ ਅਗਾਊਾ ਪ੍ਰਬੰਧ ਨਾ ਹੋਣ ਦਾ ਦੋਸ਼ ਸਕੱਤਰ ਕ੍ਰਿਸ਼ਨ ਕੁਮਾਰ 'ਤੇ ਮੜ੍ਹ ਕੇ ਇਕ ਨਵਾਂ ਮਾਮਲਾ ਉਠਾਉਣ ਦੀ ਕੋਸ਼ਿਸ਼ ਕੀਤੀ, ਤਾਂ ਜੋ ਉਹ ਪੁਲਿਸ ਕਾਰਵਾਈ ਤੋਂ ਬਚ ਸਕੇ | ਜ਼ਿਕਰਯੋਗ ਹੈ ਕਿ ਵਿਧਾਇਕ ਪਠਾਣਮਾਜਰਾ ਨੇ ਬੀਤੇ ਦਿਨੀਂ ਪੱਤਰਕਾਰਾਂ ਨੂੰ ਦਸਿਆ ਸੀ ਕਿ ਉਨ੍ਹਾਂ ਦਾ ਹਲਕਾ ਪਾਣੀ ਦੀ ਮਾਰ ਹੇਠ ਹੈ, ਜਿਸ ਸੰਬੰਧੀ ਉਹ ਜਲ ਸਰੋਤ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਕਈ ਵਾਰ ਮਿਲ ਵੀ ਚੁੱਕੇ ਹਨ, ਪਰ ਸਰਕਾਰ ਨੇ ਇਸ ਮਾਮਲੇ 'ਚ ਕੋਈ ਕਾਰਵਾਈ ਨਹੀਂ ਕੀਤੀ, ਜਿਸ ਕਾਰਨ ਅੱਜ ਉਨ੍ਹਾਂ ਦਾ ਹਲਕਾ ਪਾਣੀ ਦੀ ਮਾਰ ਹੇਠ ਹੈ | ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਲੋਕਾਂ ਦੇ ਵਿਚ ਰਹਿਣਾ ਹੈ ਤੇ ਜੇਕਰ ਲੋਕਾਂ ਦੇ ਮਸਲੇ ਹੱਲ ਨਹੀਂ ਹੁੰਦੇ ਤਾਂ ਉਹ ਕਿਸ ਮੂੰਹ ਨਾਲ ਆਪਣੇ ਹਲਕੇ 'ਚ ਜਾਣਗੇ | ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਸਨੌਰ ਹਲਕੇ ਦੇ ਸਾਰੇ ਥਾਣਿਆਂ ਦੇ ਮੁਖੀ ਤਬਦੀਲ ਕਰਨ ਦੇ ਨਾਲ ਉਨ੍ਹਾਂ ਦੇ ਗੰਨਮੈਨ ਵੀ ਵਾਪਸ ਬੁਲਾ ਲਏ ਗਏ ਸਨ | ਪਹਿਲੀ ਸਤੰਬਰ ਨੂੰ ਦੇਰ ਰਾਤ ਉਨ੍ਹਾਂ ਖ਼ਿਲਾਫ਼ ਪਰਚਾ ਵੀ ਦਰਜ ਕਰ ਦਿੱਤਾ ਗਿਆ | ਜ਼ਿਕਰਯੋਗ ਹੈ ਕਿ ਵਿਧਾਇਕ ਪਠਾਣਮਾਜਰਾ ਦਾ ਪਟਿਆਲਾ ਜ਼ਿਲ੍ਹੇ 'ਚ ਪੂਰਾ ਦਬਦਬਾ ਸੀ ਤੇ ਸਰਕਾਰ 'ਚ ਉਨ੍ਹਾਂ ਦੀ ਚੰਗੀ ਪੈਂਠ ਹੋਣ ਸੰਬੰਧੀ ਲੋਕਾਂ 'ਚ ਪ੍ਰਭਾਵ ਸੀ, ਪਰ ਅਚਾਨਕ ਸਿਸਟਮ ਉਨ੍ਹਾਂ ਦੇ ਉਲਟ ਹੋਣ ਦਾ ਕਾਰਨ ਸ਼ਰੇਆਮ ਦਿੱਲੀ ਦੇ ਸੀਨੀਅਰ ਆਗੂਆਂ ਖ਼ਿਲਾਫ਼ ਪੰਜਾਬ ਦੇ ਵਿਧਾਇਕਾਂ ਨੂੰ ਦਬਾਉਣ ਦੇ ਲਗਾਏ ਦੋਸ਼ਾਂ ਨੂੰ ਮੰਨਿਆ ਜਾ ਰਿਹਾ ਹੈ |
ਕੇਸ ਦੀ ਪੜਤਾਲ ਡੀ.ਆਈ.ਜੀ. ਰੇਂਜ ਰੋਪੜ ਕੋਲ ਚੱਲ ਰਹੀ ਸੀ-ਵਕੀਲ ਸੱਗੂ

ਇਸ ਸੰਬੰਧੀ ਵਿਧਾਇਕ ਪਠਾਣਮਾਜਰਾ ਦੇ ਵਕੀਲ ਸਿਮਰਨਜੀਤ ਸਿੰਘ ਸੱਗੂ ਨੇ ਦੱਸਿਆ ਕਿ 2021 'ਚ ਇਕ ਔਰਤ ਨੇ ਵਿਧਾਇਕ ਖ਼ਿਲਾਫ਼ ਜਬਰ ਜਨਾਹ ਦੇ ਦੋਸ਼ ਲਗਾਏ ਸਨ | ਅਦਾਲਤ ਦੇ ਹੁਕਮਾਂ ਤੋਂ ਬਾਅਦ ਇਸ ਕੇਸ ਦੀ ਪੜਤਾਲ ਡੀ.ਆਈ.ਜੀ. ਰੇਂਜ ਰੋਪੜ ਕੋਲ ਚੱਲ ਰਹੀ ਹੈ, ਪਰ ਰਾਜਨੀਤਕ ਮਾਹੌਲ ਬਦਲਣ ਤੋਂ ਬਾਅਦ 1 ਸਤੰਬਰ ਨੂੰ ਪਟਿਆਲਾ ਪੁਲਿਸ ਨੇ ਵਿਧਾਇਕ ਪਠਾਣਮਾਜਰਾ ਖ਼ਿਲਾਫ਼ ਕੇਸ ਦਰਜ ਕਰ ਲਿਆ | ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਹਾਲੇ ਵਿਧਾਇਕ ਦੀ ਗਿ੍ਫ਼ਤਾਰੀ ਬਾਰੇ ਉਨ੍ਹਾਂ ਨੂੰ ਕੁਝ ਨਹੀਂ ਪਤਾ | ਉਨ੍ਹਾਂ ਕਿਹਾ ਕਿ ਇਹ ਕੇਸ ਰਾਜਨੀਤੀ ਤੋਂ ਪ੍ਰੇਰਿਤ ਹੈ, ਜਿਸ ਨੂੰ ਉਹ ਅਦਾਲਤ 'ਚ ਚੁਣੌਤੀ ਦੇਣਗੇ |
ਹਮਾਇਤੀਆਂ ਨੂੰ ਪਟਿਆਲਾ ਪਹੁੰਚਣ ਤੋਂ ਪਹਿਲਾਂ ਹੀ ਰੋਕਿਆ
ਵਿਧਾਇਕ ਪਠਾਣਮਾਜਰਾ 'ਤੇ ਪਰਚਾ ਦਰਜ ਹੋਣ ਤੋਂ ਬਾਅਦ ਪਟਿਆਲਾ ਪੁਲਿਸ ਨੇ ਅਗਾਊਾ ਪ੍ਰਬੰਧ ਕਰਦਿਆਂ ਐਸ.ਐਸ.ਪੀ. ਦਫ਼ਤਰ ਸਮੇਤ ਸ਼ਹਿਰ ਦੇ ਹੋਰ ਕਈ ਮੁੱਖ ਰਸਤਿਆਂ ਲਾਗੇ ਸੁਰੱਖਿਆ ਵਧਾਉਣ ਦੇ ਨਾਲ-ਨਾਲ ਸ਼ਹਿਰ ਵੱਲ ਨੂੰ ਕੂਚ ਕਰ ਰਹੇ ਵਿਧਾਇਕ ਦੇ ਸਮਰਥਕਾਂ ਨੂੰ ਪਟਿਆਲਾ ਆਉਣ ਤੋਂ ਪਹਿਲਾਂ ਹੀ ਚੁੱਕ ਲਿਆ | ਇਸ ਸੰਬੰਧੀ ਵਿਧਾਇਕ ਦੇ ਇਕ ਸਮਰਥਕ ਨੇ ਦਸਿਆ ਕਿ ਉਨ੍ਹਾਂ ਐਸ.ਐਸ.ਪੀ. ਦਫ਼ਤਰ ਸਾਹਮਣੇ ਵਿਧਾਇਕ ਪਠਾਣਮਾਜਰਾ ਖ਼ਿਲਾਫ਼ ਦਰਜ ਹੋਏ ਝੂਠੇ ਕੇਸ ਸੰਬੰਧੀ ਰੋਸ ਮੁਜ਼ਾਹਰਾ ਕਰਨਾ ਸੀ, ਪਰ ਪੁਲਿਸ ਨੇ ਧੱਕੇਸ਼ਾਹੀ ਕਰਦਿਆਂ ਸਮਰਥਕਾਂ ਨੂੰ ਇਕੱਠੇ ਨਹੀਂ ਹੋਣ ਦਿੱਤਾ ਜਾ ਰਿਹਾ |

Ad Position 22
No active advertisement
ਪਿਛਲੀ ਖ਼ਬਰ ਕਰਨਾਲ ਪੁਲਿਸ ਵਲੋਂ ਵਿਧਾਇਕ ਪਠਾਣਮਾਜਰਾ ਤੇ ਸਾਥੀਆਂ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਅਜੀਤ/ਅਜੀਤ ਸਮਾਚਾਰ ਹੜ੍ਹ ਰਾਹਤ ਫੰਡ<br> (Ajit /Ajit Samachar Flood Relief Fund)
Ad Position 24